ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਕੜਕੜਡੂਮਾ ਦੇ ਸੀਬੀਡੀ ਮੈਦਾਨ ਤੋਂ ਪਹਿਲੀ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹੀਨ ਬਾਗ਼ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਹ ਸੰਯੋਗ ਨਹੀਂ ਪ੍ਰਯੋਗ ਹੈ। ਦੱਸ ਦੇਈਏ ਕਿ ਸ਼ਾਹੀਨ ਬਾਗ਼ 'ਚ ਪਿਛਲੇ ਕਈ ਦਿਨਾਂ ਤੋਂ ਸੀਏਏ ਅਤੇ ਐੱਨਆਰਸੀ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਟੁਕੜੇ ਕਰਨ ਵਾਲੇ ਗੈਂਗ ਨੂੰ ਬਚਾਇਆ ਜਾ ਰਿਹਾ ਹੈ।


ਪੀਐੱਮ ਨੇ ਉਠਾਇਆ ਲੋਕਪਾਲ ਦਾ ਮੁੱਦਾ

ਪੀਐੱਮ ਮੋਦੀ ਨੇ ਕੇਜਰੀਵਾਲ ਸਰਕਾਰ 'ਤੇ ਲੋਕਪਾਲ ਨੂੰ ਲੈ ਕੇ ਹਮਲਾ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਜਨਤਾ ਨੂੰ ਅਜੇ ਵੀ ਲੋਕਪਾਲ ਦਾ ਇੰਤਜ਼ਾਰ ਹੈ। ਇਸ ਨੂੰ ਲੈ ਕੇ ਕਾਫ਼ੀ ਵਿਆਪਕ ਅੰਦੋਲਨ ਵੀ ਹੋਇਆ ਸੀ। ਇਸ ਨੂੰ ਲੈ ਕੇ ਕਾਫ਼ੀ ਲੰਬੇ-ਲੰਬੇ ਵਾਅਦੇ ਕੀਤੇ ਗਏ ਸਨ। ਉਨ੍ਹਾਂ ਸਾਰੇ ਵਾਅਦਿਆਂ ਦਾ ਕੀ ਹੋਇਆ।

ਕਾਂਗਰਸ 'ਤੇ ਕੀਤਾ ਸਿਆਸੀ ਹਮਲਾ

ਧਾਰਾ 370 ਨੂੰ 70 ਸਾਲਾਂ ਬਾਅਦ ਖ਼ਤਮ ਕੀਤਾ ਗਿਆ। ਰਾਮ ਜਨਮ ਭੂਮੀ ਮਾਮਲੇ 'ਚ 70 ਸਾਲਾਂ ਦੇ ਬਾਅਦ ਫ਼ੈਸਲਾ ਆਇਆ। ਕਰਤਾਰਪੁਰ ਸਾਹਿਬ ਕੋਰੀਡਰ ਮਾਮਲੇ 'ਚ ਵੀ 70 ਸਾਲਾਂ ਬਾਅਦ ਫ਼ੈਸਲਾ ਆਇਆ। ਭਾਰਤ-ਬੰਗਲਾਦੇਸ਼ ਸਰਹੱਦ ਮੁੱਦਾ 70 ਸਾਲਾਂ ਬਾਅਦ ਖ਼ਤਮ ਹੋਇਆ। ਭਾਰਤ 'ਚ ਨਾਗਰਿਕਤਾ ਸੋਧ ਕਾਨੂੰਨ 'ਤੇ 70 ਸਾਲਾਂ ਬਾਅਦ ਫ਼ੈਸਲਾ ਆਇਆ

ਕੇਜਰੀਵਾਲ ਸਰਕਾਰ ਰਹੀ ਨਿਸ਼ਾਨੇ 'ਤੇ

ਪੀਐੱਮ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਦਿੱਲੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲਾਗੂ ਨਹੀਂ ਹੋਣ ਦੇ ਰਹੀ। ਜਦੋਂ ਤਕ ਇਹ ਸਰਕਾਰ ਰਹੇਗੀ ਉਦੋਂ ਤਕ ਇਹ ਵਿਕਾਸ ਕਾਰਜ 'ਚ ਰੁਕਾਵਟ ਪੈਦਾ ਕਰਦੇ ਰਹਿਣਗੇ। ਉਨ੍ਹਾਂ ਨੂੰ ਰਾਜਨੀਤੀ ਕਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ।


ਉੱਠਿਆ ਗ਼ੈਰ ਅਧਿਕਾਰਿਤ ਕਾਲੋਨੀਆਂ ਦਾ ਮਾਮਲਾ

ਪੀਐੱਮ ਨੇ ਕਡਕਡਡੂਮਾ ਦੀ ਰੈਲੀ 'ਚ ਦਿੱਲੀ ਦੀਆਂ ਗ਼ੈਰ ਅਧਿਕਾਰਿਤ ਕਾਲੋਨੀਆਂ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਸਮੱਸਿਆ ਸੀ। ਵਾਅਦੇ ਵੋਟ ਲਈ ਕੀਤੇ ਜਾਂਦੇ ਸਨ, ਪਰ ਇਸ ਸਮੱਸਿਆ ਨੂੰ ਕੋਈ ਨਹੀਂ ਸੁਲਝਾਉਂਦਾ ਸੀ। ਪੀਐੱਮ ਨੇ ਕਿਹਾ ਕਿ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਜਦੋਂ ਦਿੱਲੀ 'ਚ ਭਾਜਪਾ ਦੀ ਸਰਕਾਰ ਬਣੇਗੀ, ਉਦੋਂ ਇਨ੍ਹਾਂ ਸਾਰੀਆਂ ਕਾਲੋਨੀਆਂ ਦੇ ਵਿਕਾਸ ਦੇ ਕੰਮ 'ਚ ਹੋਰ ਤੇਜ਼ੀ ਆਵੇਗੀ। ਇਨ੍ਹਾਂ ਕਾਲੋਨੀਆਂ ਦੇ ਤੇਜ਼ ਵਿਕਾਸ ਲਈ ਦਿੱਲੀ ਭਾਜਪਾ ਨੇ ਕਾਲੋਨੀ ਡਿਵੈਲਪਮੈਂਟ ਬੋਰਡ ਬਣਾਉਣ ਦਾ ਵਾਅਦਾ ਕੀਤਾ ਹੈ।

ਭਾਜਪਾ ਦਾ ਨਕਾਰਾਤਮਕਤਾ 'ਚ ਨਹੀਂ, ਸਕਾਰਾਤਮਕਤਾ 'ਚ ਵਿਸ਼ਵਾਸ

ਪੀਐੱਮ ਨੇ ਕਿਹਾ ਕਿ ਭਾਜਪਾ ਦਾ ਨਕਾਰਾਤਮਕਤਾ 'ਚ ਨਹੀਂ, ਸਕਾਰਾਤਮਕਤਾ 'ਚ ਵਿਸ਼ਵਾਸ ਹੈ। ਦਿੱਲੀ ਸਿਰਫ਼ ਸ਼ਹਿਰ ਨਹੀਂ, ਇਕ ਵਿਰਾਸਤ ਹੈ। ਇਕ ਜ਼ਿੰਦਾ ਪਰੰਪਰਾ ਹੈ। ਦਿੱਲੀ ਸਾਰਿਆਂ ਦਾ ਸਤਿਕਾਰ ਕਰਦੀ ਹੈ, ਇਹ ਸਾਰਿਆਂ ਨੂੰ ਸਵੀਕਾਰਦੇ ਹਨ।

ਪੀਐੱਮ ਨੇ ਆਪਣੀ ਪਹਿਲੀ ਚੋਣ ਰੈਲੀ 'ਚ ਕਿਹਾ ਕਿ ਲੋਕ ਸਭਾ ਚੋਣਾਂ 'ਚ ਦਿੱਲੀ ਦੇ ਲੋਕਾਂ ਦੇ ਵੋਟ ਨੇ ਦੇਸ਼ ਬਦਲਣ 'ਚ ਬਹੁਤ ਵੱਡੀ ਮਦਦ ਕੀਤੀ ਹੈ। ਹੁਣ ਦਿੱਲੀ ਦੇ ਲੋਕਾਂ ਦਾ ਵੋਟ ਉਨ੍ਹਾਂ ਦੀ ਆਪਣੀ ਦਿੱਲੀ ਨੂੰ ਵੀ ਬਦਲੇਗਾ। ਆਮ ਆਦਮੀ ਪਾਰਟੀ ਨੂੰ ਇਸ਼ਾਰੇ-ਇਸ਼ਾਰੇ 'ਚ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਲੋਕਾਂ ਦਾ ਮਨ ਕੀ ਹੈ, ਇਹ ਦੱਸਣ ਦੀ ਲੋੜ ਨਹੀਂ ਹੈ, ਸਾਫ਼-ਸਾਫ਼ ਦਿਸ ਰਿਹਾ ਹੈ।

ਭਾਜਪਾ ਨੇ ਝੋਕੀ ਤਾਕਤ

ਇਸ ਤੋਂ ਪਹਿਲਾਂ ਦਿੱਲੀ 'ਚ ਭਾਜਪਾ ਦੇ ਸਾਰੇ ਮਹਾਰਥੀ ਆਗੂ ਆਪਣੀ ਪੂਰੀ ਤਾਕਤ ਨਾਲ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਭਾਜਪਾ ਦੇ ਕੋਮੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ 'ਚ ਲਗਾਤਾਰ ਰੈਲੀਆਂ ਕਰਕੇ ਭਾਜਪਾ ਦੇ ਪੱਖ 'ਚ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ। ਬੀਤੇ ਦਿਨ ਹੀ ਭਾਜਪਾ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰੈਲੀ ਕੀਤੀ ਹੈ।

ਦੱਸ ਦੇਈਏ ਕਿ ਨਿਤੀਸ਼ ਕੁਮਾਰ ਬਿਹਾਰ 'ਚ ਭਾਜਪਾ ਨਾਲ ਸਰਕਾਰ ਚਲਾ ਰਹੇ ਹਨ। ਬੁਰਾੜੀ 'ਚ ਰੈਲੀ 'ਚ ਦੋਵੇਂ ਵੱਡੇ ਆਗੂਆਂ ਨੇ ਮੰਚ ਸਾਂਝਾ ਕਰ ਕੇ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਮੋਦੀ ਤੋਂ ਇਲਾਵਾ ਅਮਿਤ ਸ਼ਾਹ ਵੀ ਅੱਜ ਦਿੱਲੀ ਦੇ ਮੁੰਡਕਾ, ਸਦਰ ਬਾਜ਼ਾਰ, ਬੁੱਧ ਨਗਰ ਅਤੇ ਗ੍ਰੇਟਰ ਕੈਲਾਸ਼ 'ਚ ਰੈਲੀ ਕਰਨਗੇ।

Posted By: Jagjit Singh