ਤੁਰੰਤ ਟਿੱਪਣੀ

ਪ੍ਰਸ਼ਾਂਤ ਮਿਸ਼ਰ :

ਸਭ ਦਾ ਸਾਥ, ਸਭ ਦਾ ਵਿਕਾਸ ਦੇ ਨਾਅਰੇ 'ਤੇ ਜਨਤਾ ਨੇ ਆਪਣੇ ਵਿਸ਼ਵਾਸ ਦੀ ਮੋਹਰ ਲਗਾ ਦਿੱਤੀ ਹੈ। ਨਰਿੰਦਰ ਦਾਮੋਦਰਦਾਸ ਮੋਦੀ ਦੀ ਅਗਵਾਈ ਅਤੇ ਅਮਿਤ ਸ਼ਾਹ ਦੇ ਪ੍ਰਬੰਧਾਂ ਨੇ ਵਿਰੋਧੀ ਧਿਰ ਦੇ ਸੁਪਨੇ ਨੂੰ ਚਕਨਾਚੂਰ ਕਰ ਦਿੱਤਾ। ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਦੀ ਇਸ ਜਿੱਤ ਨੇ ਇਤਿਹਾਸ ਰੱਚ ਦਿੱਤਾ ਹੈ। ਅਜਿਹੀ ਚੋਣ ਜਿਸ ਵਿਚ ਨਕਾਰਾਤਮਕਤਾ ਆਪਣੇ ਸਿਖਰ 'ਤੇ ਹੋਵੇ, ਉੱਥੇ ਆਪਣੀ ਸਕਾਰਾਤਮਕ ਪਹਿਲ ਅਤੇ ਸਾਖ ਰਾਹੀਂ ਬੇਮਿਸਾਲ ਜਿੱਤ ਦਰਜ ਕਰ ਕੇ ਮੋਦੀ ਨੇ ਪਹਿਲੀ ਵਾਰ ਇਹ ਸਾਬਿਤ ਕੀਤਾ ਕਿ ਰਾਜਨੀਤੀ ਅਤੇ ਚੋਣ ਵਿਚ ਵੀ ਕੇਵਲ ਸਮੀਕਰਨ ਨਹੀਂ ਬਲਕਿ ਭਰੋਸੇਯੋਗਤਾ ਅਤੇ ਸਕਾਰਾਤਮਕਤਾ ਦੀ ਭੂਮਿਕਾ ਬਚੀ ਹੈ। ਭਰੋਸਾ ਅਜੇ ਵੀ ਕੇਂਦਰ ਬਿੰਦੂ ਹੈ ਅਤੇ ਵਿਕਾਸ ਦੀ ਭੁੱਖ ਜਾਤ ਦੀ ਕਸੌਟੀ ਤੋਂ ਵੱਡੀ ਹੁੰਦੀ ਹੈ। ਇਸ ਤੋਂ ਪਹਿਲੇ ਵੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਾਲ ਵਿਚ ਇਕ ਪਾਰਟੀ ਨੂੰ ਵੱਡੀ ਜਿੱਤ ਮਿਲੀ ਸੀ ਪ੍ਰੰਤੂ ਉਸ ਦਾ ਕਾਰਨ ਕਦੇ ਪਰਿਵਾਰ ਰਿਹਾ ਤੇ ਕਦੇ ਸਦਭਾਵਨਾ ਲਹਿਰ। ਇਸ ਜਿੱਤ ਦੇ ਕਈ ਸੰਦੇਸ਼ ਹਨ। ਇਹ ਸਾਬਿਤ ਹੋ ਗਿਆ ਹੈ ਕਿ ਕੰਮ ਬੋਲਦਾ ਹੈ। ਕੰਮ ਦਾ ਕੋਈ ਬਦਲ ਨਹੀਂ ਅਤੇ ਇਸ ਖਾਕੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਉਨ੍ਹਾਂ ਦੇ ਸਿਪਾਹਸਲਾਰ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਖਰੇ ਉਤਰੇ ਹਨ। ਦੋਨਾਂ ਵਿਚਕਾਰ ਤਾਲਮੇਲ ਨੇ ਇਕ ਅਜਿਹਾ ਪੁਲ ਤਿਆਰ ਕੀਤਾ ਜਿਸ 'ਤੇ ਚੜ੍ਹ ਕੇ ਭਾਜਪਾ ਦੇ ਅਜਿਹੇ ਆਗੂਆਂ ਨੇ ਵੀ ਚੋਣ ਦੀ ਬੇੜੀ ਪਾਰ ਕਰ ਲਈ ਜੋ ਸਥਾਨਕ ਪੱਧਰ 'ਤੇ ਕਮਜ਼ੋਰ ਮੰਨੇ ਜਾਂਦੇ ਸਨ।

ਦੂਜੇ ਪਾਸੇ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੰਮ ਦੀ ਥਾਂ ਖੋਖਲੇ ਨਾਅਰਿਆਂ 'ਤੇ ਸਵਾਰ ਰਹੇ। ਖੋਖਲੇ ਇਸ ਲਈ ਕਿਉਂਕਿ ਭਰੋਸੇ ਦੀ ਕਸੌਟੀ 'ਤੇ ਇਹ ਨਾਅਰੇ ਖਰੇ ਨਹੀਂ ਸਨ। ਉਨ੍ਹਾਂ ਨੇ ਘੱਟੋ ਘੱਟ ਆਮਦਨ ਯੋਜਨਾ, ਕਿਸਾਨ ਕਰਜ਼ ਮਾਫ਼ੀ ਵਰਗੇ ਜਿੰਨੇ ਵੀ ਵਾਅਦੇ ਕੀਤੇ ਉਹ ਉਨ੍ਹਾਂ ਦੀਆਂ 60 ਸਾਲਾਂ ਦੀਆਂ ਸਰਕਾਰਾਂ 'ਤੇ ਵੀ ਉਂਗਲੀ ਉਠਾਉਂਦੇ ਦਿਸਦੇ ਰਹੇ। ਇਕ ਨਾਅਰਾ ਖ਼ੂਬ ਪ੍ਰਚਲਿਤ ਕੀਤਾ ਗਿਆ-ਹੁਣ ਹੋਗਾ ਨਿਆਏ...। ਚਾਹੇ ਅਣਚਾਹੇ ਰਾਹੁਲ ਨੇ ਇਹ ਸਵੀਕਾਰ ਕਰ ਲਿਆ ਕਿ ਹੁਣ ਤਕ ਦੀਆਂ ਉਨ੍ਹਾਂ ਦੀਆਂ ਸਰਕਾਰਾਂ ਨੇ ਨਿਆਂ ਨਹੀਂ ਕੀਤਾ ਸੀ। ਇਕ ਪਾਸੇ ਭਾਜਪਾ ਦੇ ਚੋਣ ਪ੍ਰਚਾਰ ਵਿਚ ਉਨ੍ਹਾਂ ਯੋਜਨਾਵਾਂ ਦਾ ਬੋਲਬਾਲਾ ਸੀ ਜੋ ਲਾਗੂ ਸਨ, ਜ਼ਮੀਨ 'ਤੇ ਚੱਲ ਰਹੀਆਂ ਸਨ, ਲਾਭਕਾਰੀਆਂ ਤਕ ਪੁੱਜ ਰਹੀਆਂ ਸਨ ਜਦਕਿ ਕਰਜ਼ ਮਾਫ਼ੀ ਦੇ ਵਾਅਦੇ ਦੇ ਸਹਾਰੇ ਤਿੰਨ ਰਾਜ ਕਾਂਗਰਸ ਨੇ ਫ਼ਤਹਿ ਤਾਂ ਕਰ ਲਏ ਪ੍ਰੰਤੂ ਉਸ ਨੂੰ ਪੂਰਾ ਨਹੀਂ ਕਰ ਸਕੀ। ਕਾਂਗਰਸ ਦੇ ਕਈ ਸਾਬਕਾ ਅਤੇ ਮੌਜੂਦਾ ਆਗੂ ਭਿ੍ਸ਼ਟਾਚਾਰ ਦੇ ਕਈ ਵਿਵਾਦਾਂ ਵਿਚ ਘਿਰੇ ਹਨ ਪ੍ਰੰਤੂ ਬਾਵਜੂਦ ਇਸ ਦੇ ਚੌਕੀਦਾਰ ਚੋਰ ਹੈ ਵਰਗੇ ਨਾਅਰੇ ਲਗਾਏ ਜਾ ਰਹੇ ਸਨ। ਦਰਅਸਲ ਕੋਸ਼ਿਸ਼ ਇਹ ਸੀ ਕਿ ਜਿਸ ਤਰ੍ਹਾਂ ਬੋਫੋਰਸ ਦਲਾਲੀ ਕਾਂਡ ਨੇ ਰਾਹੁਲ ਦੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਘੇਰਿਆ ਸੀ, ਉਸੇ ਤਰ੍ਹਾਂ ਮੋਦੀ ਉਪਰ ਕਾਲਖ ਲਗਾਈ ਗਈ ਪ੍ਰੰਤੂ ਲੋਕਾਂ ਨੇ ਉਸ ਨੂੰ ਖ਼ਾਰਜ ਕਰ ਦਿੱਤਾ। ਰਣਨੀਤੀ ਅਤੇ ਭਰੋਸੇ ਦੀ ਕਸੌਟੀ 'ਤੇ ਰਾਹੁਲ ਅਤੇ ਵਿਰੋਧੀ ਆਗੂ ਖ਼ੁਦ ਹੀ ਉਲਝਦੇ ਚਲੇ ਗਏ। ਵਿਰੋਧੀ ਆਗੂ ਸਿਰਫ਼ ਜਾਤੀਗਤ ਸਮੀਕਰਨ ਤੋਂ ਆਸ ਲਗਾ ਰਹੇ ਸਨ। ਉਹ ਇਹ ਭੁੱਲ ਗਏ ਸਨ ਕਿ 2014 ਵਿਚ ਵੀ ਮੋਦੀ ਦੇ ਪੱਖ ਵਿਚ ਜਾਤੀ ਦੀ ਸੀਮਾ ਟੁੱਟੀ ਸੀ। ਪੰਜ ਸਾਲ ਵਿਚ ਮੋਦੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੇ ਨਾਂ ਨਾਲ ਜਾਣਿਆ ਗਿਆ। ਪਿੰਡ ਵਿਚ ਮੋਦੀ ਆਪਣੇ ਕੰਮ ਦੇ ਜ਼ੋਰ 'ਤੇ ਪਛਾਣੇ ਗਏ। ਉੱਤਰ ਪ੍ਰਦੇਸ਼ ਵਿਚ ਮਹਾਗੱਠਜੋੜ ਜਿਥੇ ਜਾਤ ਦੇ ਅੰਕ ਗਣਿਤ ਵਿਚ ਉਲਿਝਆ ਰਿਹਾ ਉੱਥੇ ਮੋਦੀ ਨੇ ਜਨਤਾ ਨਾਲ ਕੈਮਿਸਟ੍ਰੀ ਬਣਾਈ। ਅਜਿਹਾ ਮਾਹੌਲ ਪੈਦਾ ਕੀਤਾ ਗਿਆ ਜਿਸ ਵਿਚ ਜਨਤਾ ਮੋਦੀ ਵਿਚ ਨੇਤਾ ਨਹੀਂ ਸਗੋਂ ਆਪਣਾ ਹਮਦਰਦ ਵੇਖਦੀ ਹੋਵੇ। ਇਕ ਪਾਸੇ ਜਿੱਥੇ ਮਹਾਗੱਠਜੋੜ ਵਿਚ ਲਗਾਤਾਰ ਜਾਤਾਂ ਦੀ ਗਿਣਤੀ ਦਾ ਹੰਕਾਰ ਦਿਸਦਾ ਰਿਹਾ, ਉੱਥੇ ਭਾਜਪਾ ਨੇ ਸਰੋਕਾਰ ਪ੍ਰਗਟਾ ਕੇ ਉਨ੍ਹਾਂ ਦੀਆਂ ਜਾਤਾਂ ਵਿਚ ਵੀ ਸੰਨ੍ਹ ਲਗਾ ਦਿੱਤੀ। ਬਾਲਾਕੋਟ ਵਿਚ ਪਾਕਿਸਤਾਨ ਦੇ ਅੰਦਰ ਵੜ ਕੇ ਅੱਤਵਾਦੀਆਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਨੂੰ ਰਾਸ਼ਟਰਵਾਦ ਨਾਲ ਜੋੜਿਆ ਜਾਂਦਾ ਹੈ ਪ੍ਰੰਤੁ ਜ਼ਮੀਨ 'ਤੇ ਉਹ ਸਿਰਫ਼ ਰਾਸ਼ਟਰਵਾਦ ਦੀ ਗੱਲ ਨਹੀਂ ਸੀ। ਗ਼ਰੀਬਾਂ ਤਕ ਇਹ ਆਤਮ ਰੱਖਿਆ ਅਤੇ ਸੁਰੱਖਿਆ ਲਈ ਮੋਦੀ ਦੇ ਸੰਕਲਪ ਦੇ ਰੂਪ ਵਿਚ ਪੁੱਜਾ ਸੀ।

ਇਕ ਵੱਡਾ ਸੰਦੇਸ਼ ਵੰਸ਼ਵਾਦ ਲਈ ਵੀ ਹੈ। ਰਾਹੁਲ ਖ਼ੁਦ ਵੰਸ਼ਵਾਦ ਦੀ ਵੇਲ 'ਤੇ ਚੜ੍ਹ ਕੇ ਆਏ ਹਨ। ਇਹੀ ਕਾਰਨ ਹੈ ਕਿ ਪਿਤਾ-ਪੁਰਖੀ ਸੀਟ ਅਮੇਠੀ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਚੌਧਰੀ ਚਰਨ ਸਿੰਘ ਦੀ ਵਿਰਾਸਤ ਦੇ ਨਾਂ 'ਤੇ ਕੇਵਲ ਮੌਕਾਪ੍ਰਸਤੀ ਕਰ ਰਹੇ ਚੌਧਰੀ ਅਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਨੂੰ ਵੀ ਜਨਤਾ ਨੇ ਨਕਾਰ ਦਿੱਤਾ। ਕਰਨਾਟਕ ਵਿਚ ਐੱਚਡੀ ਦੇਵਗੌੜਾ ਅਤੇ ਉਨ੍ਹਾਂ ਦੇ ਪੋਤੇ ਅਤੇ ਮਹਾਰਾਸ਼ਟਰ ਵਿਚ ਮਰਾਠਾ ਕਿੰਗ ਸ਼ਰਦ ਪਵਾਰ ਦੀ ਧੀ ਤਾਂ ਜਿੱਤ ਗਈ ਪ੍ਰੰਤੂ ਉਨ੍ਹਾਂ ਦੇ ਭਤੀਜੇ ਨੂੰ ਜੂਝਨਾ ਪਿਆ। ਪਿਛਲੀ ਵਾਰ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨਾਲ ਜਿੱਤ ਕੇ ਆਏ ਮੁਲਾਇਮ ਨੂੰ ਵੀ ਜਨਤਾ ਨੇ ਇਸ ਵਾਰ ਸੰਦੇਸ਼ ਦੇ ਦਿੱਤਾ। ਤਿੰਨ ਰਾਜਾਂ ਵਿਚ ਕਾਂਗਰਸ ਦੀ ਜਿੱਤ ਦੇ ਬਾਵਜੂਦ ਆਤਮ-ਵਿਸ਼ਵਾਸ ਨਾਲ ਜੂਝ ਰਹੇ ਰਾਹੁਲ ਨੇ ਆਪਣੀ ਭੈਣ ਪਿ੍ਅੰਕਾ ਗਾਂਧੀ ਨੂੰ ਵੀ ਮੈਦਾਨ 'ਚ ਉਤਾਰ ਦਿੱਤਾ ਸੀ। ਆਸ ਪ੍ਰਗਟ ਕੀਤੀ ਜਾ ਰਹੀ ਸੀ ਕਿ ਉਹ ਕੁਝ ਕ੍ਰਿਸ਼ਮਾ ਦਿਖਾਏਗੀ ਪ੍ਰੰਤੂ ਜਨਤਾ ਨੇ ਉਨ੍ਹਾਂ ਦੇ ਕ੍ਰਿਸ਼ਮੇ ਨੂੰ ਵੀ ਸੁਆਹ ਕਰ ਦਿੱਤਾ।

ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਜਨਤਾ ਹਮੇਸ਼ਾ ਭਾਵਨਾ ਵਿਚ ਵਹਿ ਕੇ ਫ਼ੈਸਲੇ ਨਹੀਂ ਕਰਦੀ ਹੈ। ਉਸ ਨੂੰ ਉਹ ਪਸੰਦ ਹੈ ਜੋ ਉਨ੍ਹਾਂ ਦੇ ਵਿਚ ਦਾ ਹੋਵੇ, ਜੋ ਉਨ੍ਹਾਂ ਦੀ ਗੱਲ ਸੁਣੇ ਅਤੇ ਗੱਲ ਸਾਫ਼-ਸਾਫ਼ ਕਰੇ। ਮੋਦੀ 'ਚ ਉਨ੍ਹਾਂ ਨੂੰ ਉਹ ਸਭ ਕੁੱਝ ਦਿਸਿਆ।