ਫਲੈਗ

ਅਸਤੀਫ਼ੇੇ ਦੀ ਪੇਸ਼ਕਸ਼ ਨੂੰ ਹਤਾਸ਼ਾ ਕਿਹਾ ਜਾਵੇ ਜਾਂ ਕੋਰਾ ਡਰਾਮਾ?

ਤੁਰੰਤ ਟਿੱਪਣੀ

ਪ੍ਰਸ਼ਾਂਤ ਮਿਸ਼ਰ

ਇਸ ਨੂੰ ਹਤਾਸ਼ਾ ਕਿਹਾ ਜਾਵੇ ਜਾਂ ਕੋਰਾ ਡਰਾਮਾ? ਅਪਮਾਨਜਨਕ ਹਾਰ ਦੇ ਦੋ ਦਿਨ ਬਾਅਦ ਇਮਾਨਦਾਰੀ ਨਾਲ ਲੋਕ ਫ਼ਤਵਾ ਸਵੀਕਾਰ ਕਰ ਕੇ ਸਭ ਕੁਝ ਦਰੁਸਤ ਕਰਨ ਦਾ ਹੌਸਲਾ ਦਿਖਾਉਣ ਦੀ ਬਜਾਏ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਉਹ ਕਿਸੇ ਦੇ ਗਲ਼ੇ ਨਹੀਂ ਉਤਰ ਰਹੀ। ਕੀ ਉਹ ਨਹੀਂ ਜਾਣਦੇ ਕਿ ਮੌਜੂਦਾ ਕਾਂਗਰਸ 'ਚ ਇਹ ਹਿੰਮਤ ਨਹੀਂ ਹੈ ਕਿ ਕੋਈ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਕਰ ਲਵੇ। ਕੀ ਚੰਗਾ ਨਾ ਹੁੰਦਾ ਕਿ ਉਹ ਵਰਕਿੰਗ ਕਮੇਟੀ 'ਚ ਕਹਿੰਦੇ ਕਿ ਵੱਡੀ ਚੂਕ ਹੋ ਗਈ ਕਿ ਉਹ ਮੁੱਦਿਆਂ ਨੂੰ ਨਹੀਂ ਸਮਝ ਸਕੇ, ਉਹ ਇਹ ਤੈਅ ਨਹੀਂ ਕਰ ਸਕੇ ਕਿ ਚੋਣ ਰਾਫੇਲ ਵਰਗੇ ਹਵਾ ਹਵਾਈ ਮੁੱਦੇ ਦੀ ਥਾਂ ਜ਼ਮੀਨੀ ਆਧਾਰ 'ਤੇ ਲੜੀ ਜਾਵੇ। ਉਹ ਇਹ ਸਮਝਣ 'ਚ ਅਸਮਰੱਥ ਸਨ ਕਿ ਬਾਲਾਕੋਟ 'ਚ ਸਾਡੇ ਫ਼ੌਜੀਆਂ ਦੇ ਹੌਸਲੇ 'ਤੇ ਉਂਗਲੀ ਉਠਾਉਣਾ ਗ਼ਲਤ ਸੀ। ਇਹ ਗ਼ਲਤੀ ਹੋਈ ਕਿ ਕਾਂਗਰਸ ਦੇ ਅੰਦਰ ਸੀਨੀਅਰ ਨੇਤਾਵਾਂ ਦੀ ਰਾਇ ਲੈ ਕੇ ਵੱਧਦੇ ਅਤੇ ਘੱਟੋ ਘੱਟ ਰਸਮੀ ਤੌਰ 'ਤੇ ਵਿਰੋਧੀ ਪਾਰਟੀ ਦਾ ਰੁਤਬਾ ਹਾਸਲ ਕਰਦੇ। ਅਸਤੀਫ਼ਾ ਉਛਾਲਣ ਦੀ ਬਜਾਏ ਜੇਕਰ ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗ ਲਈ ਹੁੰਦੀ ਤਾਂ ਪਾਰਟੀ ਦੇ ਅੰਦਰ ਵੀ ਉਨ੍ਹਾਂ ਦਾ ਕੱਦ ਵੱਧਦਾ ਅਤੇ ਦੇਸ਼ ਦੀ ਜਨਤਾ ਵੀ ਇਸ ਇਮਾਨਦਾਰੀ ਨਾਲ ਗੱਲ ਮੰਨਣ ਦੀ ਸ਼ਲਾਘਾ ਕਰਦੀ ਪਰ ਉਹ ਫਿਰ ਚੂਕ ਗਏ।

ਪੰਜ ਸਾਲ ਪਹਿਲਾਂ ਕਾਂਗਰਸ 44 ਦੇ ਅੰਕ 'ਤੇ ਪਹੁੰਚ ਗਈ ਸੀ। ਹੁਣ ਪਾਰਟੀ 52 'ਤੇ ਟਿਕੀ ਹੈ। ਯਾਨੀ ਇਸ ਵਾਰੀ ਵੀ ਪਾਰਟੀ ਰਸਮੀ ਤੌਰ 'ਤੇ ਵਿਰੋਧੀ ਧਿਰ ਨਹੀਂ ਬਣ ਸਕੀ। 17 ਸੂਬਿਆਂ 'ਚ ਪਾਰਟੀ ਖਾਤਾ ਹੀ ਨਹੀਂ ਖੋਲ੍ਹ ਸਕੀ। ਇਸ ਵਿਚ ਉਹ ਸੂਬੇ ਵੀ ਸ਼ਾਮਲ ਹਨ ਜਿੱਥੇ ਕਾਂਗਰਸ ਦੀ ਸਰਕਾਰ ਹੈ। ਕੀ ਉਨ੍ਹਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਵੰਸ਼ਵਾਦ ਵਾਲੀ ਪਾਰਟੀ ਡਾਇਨਾਸੋਰ ਵਾਂਗ ਲੋਪ ਹੋਣ ਵਾਲੀ ਪਾਰਟੀ ਬਣਨ ਵੱਲ ਵੱਧ ਰਹੀ ਹੈ? ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਸੋਚ ਦੇ ਪੱਧਰ 'ਤੇ ਵੀ ਪੁਰਾਣੀ ਹੁੰਦੀ ਜਾ ਰਹੀ ਹੈ। ਜਨਤਾ ਨਾਲ ਸੰਪਰਕ ਖ਼ਤਮ ਹੁੰਦਾ ਜਾ ਰਿਹਾ ਹੈ। ਜਦੋਂ ਲੋਕ ਫ਼ਤਵੇ ਨੂੰ ਸਿਰ ਅੱਖਾਂ 'ਤੇ ਲੈਣਾ ਚਾਹੀਦਾ ਸੀ ਅਤੇ ਵੱਡੇ ਦਿਲ ਨਾਲ ਅੱਗੇ ਵਧਣ ਦਾ ਸੰਕਲਪ ਕਰਨਾ ਚਾਹੀਦਾ ਸੀ ਤਾਂ ਉਹ ਅਸਤੀਫ਼ੇ ਦੇ ਬਹਾਨੇ ਸਿਰਫ਼ ਖ਼ੁਦ ਨੂੰ ਦਿਲਾਸਾ ਦੇ ਰਹੇ ਹਨ ਕਿ ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ, ਪਾਰਟੀ ਨੇ ਉਨ੍ਹਾਂ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਭਰੋਸਾ ਪ੍ਰਗਟਾਇਆ ਹੈ। ਕੀ ਰਾਹੁਲ ਦੱਸ ਸਕਣਗੇ ਕਿ ਪਾਰਟੀ 'ਚ ਇਸ ਤਰ੍ਹਾਂ ਦਾ ਕੋਈ ਬਚਿਆ ਹੈ ਜਿਹੜਾ ਹਿੰਮਤ ਦਿਖਾ ਸਕੇ। ਜਾਂ ਫਿਰ ਮੌਜੂਦਾ ਵਰਕਿੰਗ ਕਮੇਟੀ 'ਚ ਕਿੰਨੇ ਫ਼ੀਸਦੀ ਲੋਕ ਸਨ ਜਿਹੜੇ ਖ਼ੁਦ ਜਿੱਤ ਕੇ ਆਏ। ਰਾਹੁਲ ਖ਼ੁਦ ਵੀ ਪਾਰਟੀ ਦੀ ਰਵਾਇਤੀ ਸੀਟ ਅਮੇਠੀ ਗੁਆ ਚੁੱਕੇ ਹਨ। ਹੁਣ ਕੇਰਲ ਦੀ ਜਿਸ ਵਾਇਨਾਡ ਸੀਟ ਤੋਂ ਰਾਹੁਲ ਜਿੱਤ ਕੇ ਆਏ ਹਨ ਉਸ ਦੇ ਬਾਰੇ ਵੀ ਸਭ ਨੂੰ ਸਭ ਕੁਝ ਪਤਾ ਹੈ। ਵਾਇਨਾਡ ਮੱਲਾਪੁਰਮ ਦਾ ਹਿੱਸਾ ਹੈ ਜਿੱਥੋਂ ਜੀਐੱਮ ਬਨਾਤਵਾਲਾ ਸੱਤ ਵਾਰੀ ਸੰਸਦ 'ਚ ਨੁਮਾਇੰਦਗੀ ਕਰ ਚੁੱਕੇ ਹਨ। ਉਹ ਵੀ ਮਲਿਆਲਮ ਨਹੀਂ ਜਾਣਦੇ ਸਨ। ਮੁੰਬਈ ਅਤੇ ਦਿੱਲੀ 'ਚ ਰਹਿੰਦੇ ਸਨ ਅਤੇ ਮੱਲਾਪੁਰਮ ਤੋਂ ਜਿੱਤਦੇ ਸਨ। ਰਾਹੁਲ ਨੇ ਉਸੇ ਵਾਇਨਾਡ ਨੂੰ ਅਪਣਾਇਆ ਹੈ। ਜ਼ਾਹਿਰ ਹੈ ਕਿ ਉਨ੍ਹਾਂ ਨੂੰ ਖ਼ੁਦ 'ਤੇ ਕਿੰਨਾ ਭਰੋਸਾ ਹੈ। ਨਾਲ ਹੀ ਸੋਨੀਆ ਗਾਂਧੀ ਸਨ ਅਤੇ ਸਾਹਮਣੇ ਭੈਣ ਪਿ੍ਅੰਕਾ, ਆਸਪਾਸ ਹਾਰੇ ਹੋਏ ਚਿਹਰੇ, ਫਿਰ ਅਸਤੀਫ਼ੇ 'ਤੇ ਮੋਹਰ ਕੌਣ ਲਗਾਉਂਦਾ। ਕੀ ਰਾਹੁਲ ਇਹ ਹਿੰਮਤ ਦਿਖਾ ਸਕਣਗੇ ਕਿ ਨਿਰਾਸ਼ ਵਰਕਰਾਂ ਦੇ ਸਾਹਮਣੇ ਜਾ ਕੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕਰਨ...? ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਪਹਿਲਾਂ ਕਿਸ ਤਰ੍ਹਾਂ ਕਈ ਥਾਵਾਂ ਤੋਂ ਉਨ੍ਹਾਂ ਦੀ ਥਾਂ ਪਿ੍ਰਅੰਕਾ ਨੂੰ ਅੱਗੇ ਵਧਾਉਣ ਦੀ ਗੱਲ ਉੱਠਦੀ ਰਹੀ ਸੀ। ਹੁਣ ਜਦਕਿ ਖ਼ੁਦ ਪਿ੍ਰਅੰਕਾ ਦੀ ਸਮਰੱਥਾ ਅਤੇ ਅਸਰ ਦਾ ਖੋਖਲਾਪਨ ਵੀ ਸਾਬਿਤ ਹੋ ਗਿਆ ਹੈ ਤਾਂ ਕਾਂਗਰਸ ਅਸਤੀਫ਼ੇ ਨੂੰ ਸਵੀਕਾਰ ਕਰ ਕੇ ਨੇਤਾ ਮੰਨੇ ਵੀ ਤਾਂ ਕਿਵੇਂ? ਹਰ ਕਿਸੇ ਨੂੰ ਇਸ ਦਾ ਅਹਿਸਾਸ ਹੈ ਕਿ ਇਕੱਠੇ ਇਕ ਪਰਿਵਾਰ ਦੇ ਪਰਛਾਵੇਂ 'ਚ ਰਹਿਣਗੇ।

ਸਿਆਸੀ ਮਰਿਆਦਾ ਨੂੰ ਤਾਰ-ਤਾਰ ਕਰਦੇ ਹੋਏ ਇਕ ਵਾਰੀ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਨੂੰ ਵੀ ਘੜੀਸ ਲਿਆ ਸੀ। ਚੋਣਾਂ ਦੇ ਸਮੇਂ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਹੋਈ ਸੀ। ਬਾਅਦ 'ਚ ਉਨ੍ਹਾਂ ਨੂੰ ਗ਼ਲਤ ਬਿਆਨੀ ਲਈ ਲਿਖਤੀ ਰੂਪ ਨਾਲ ਮਾਫ਼ੀ ਮੰਗਣੀ ਪਈ ਸੀ। ਹੁਣ ਤਾਂ ਚੋਣਾਂ ਹੋ ਚੁੱਕੀਆਂ ਹਨ, ਕੀ ਵੱਡਾ ਦਿਲ ਦਿਖਾਉਂਦੇ ਹੋਏ ਉਹ ਗ਼ਲਤ ਬਿਆਨੀ ਲਈ ਉਨ੍ਹਾਂ ਤੋਂ ਵੀ ਮਾਫ਼ੀ ਮੰਗਣਗੇ ਜਿਨ੍ਹਾਂ 'ਤੇ ਦੋਸ਼ ਲਗਾਉਂਦੇ ਸਨ। ਆਖਰ ਉਨ੍ਹਾਂ ਦੇ ਦੋਸ਼ਾਂ ਨੂੰ ਜਨਤਾ ਨੇ ਨਕਾਰ ਹੀ ਦਿੱਤਾ ਹੈ।

ਰਾਹੁਲ ਗਾਂਧੀ ਜੇਕਰ ਸੱਚਮੁੱਚ ਪਾਰਟੀ ਦੀ ਹਾਰ ਨੂੰ ਇਮਾਨਦਾਰੀ ਨਾਲ ਸਵੀਕਾਰ ਕਰਦੇ ਹਨ ਤਾਂ ਅਸਤੀਫ਼ੇ ਦੀ ਅਧੂਰੀ ਪੇਸ਼ਕਸ਼ ਦੀ ਬਜਾਏ ਉਨ੍ਹਾਂ ਨੂੰ ਵਰਕਿੰਗ ਕਮੇਟੀ ਦੇ ਸਾਹਮਣੇ ਵਾਅਦਾ ਕਰਨਾ ਚਾਹੀਦਾ ਸੀ ਕਿ ਅਗਲੇ ਪੰਜ ਸਾਲ ਉਹ ਪਾਰਟੀ ਲਈ ਸੰਕਲਪਿਤ ਹੋਣਗੇ। ਉਹ ਪੂਰਾ ਸਮਾਂ ਪਾਰਟੀ ਅਤੇ ਵਰਕਰਾਂ ਨੂੰ ਦੇਣਗੇ ਅਤੇ ਨਕਾਰਾਤਮਕ ਸਿਆਸਤ ਦੀ ਬਜਾਏ ਸਮਾਜ ਲਈ ਕੋਈ ਸਕਾਰਾਤਮਕ ਕੰਮ ਕਰਨਗੇ।