ਆਕਾਸ਼, ਗੁਰਦਾਸਪੁਰ : ਸੁਨੀਲ ਜਾਖੜ ਆਪਣੀ ਪਠਾਨਕੋਟ ਸਥਿਤ ਰਿਹਾਇਸ਼ 'ਤੇ ਰੋਜ਼ਾਨਾ ਵਾਂਗ ਸਵੇਰੇ ਕਰੀਬ 6 ਵਜੇ ਉੱਠਦੇ ਹਨ। ਤਿਆਰ ਹੋ ਕੇ ਸਵੇਰੇ ਸਾਢੇ 6 ਵਜੇ ਨਾਸ਼ਤਾ ਕਰਨ ਬੈਠਦੇ ਹਨ ਤਾਂ ਨਾਲ ਡਾਇਰੀ ਲੈ ਕੇ ਉਨ੍ਹਾਂ ਦਾ ਪੀਏ ਬੈਠ ਜਾਂਦਾ ਹੈ। ਨਾਸ਼ਤਾ ਕਰਦੇ-ਕਰਦੇ ਸੁਨੀਲ ਜਾਖੜ ਪੂਰੇ ਦਿਨ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਲੈਂਦੇ ਹਨ। ਪੀਏ ਵੱਲੋਂ ਪੂਰਾ ਦਿਨ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ, ਰੈਲੀਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਪਰੰਤ ਉਹ ਗੱਡੀ 'ਚ ਸਵਾਰ ਹੋ ਕੇ ਗੁਰਦਾਸਪੁਰ ਲਈ ਨਿਕਲ ਜਾਂਦੇ ਹਨ ਤੇ ਕਰੀਬ 8 ਵਜੇ ਗੁਰਦਾਸਪੁਰ ਸਥਿਤ ਦਫਤਰ 'ਚ ਪੁੱਜਦੇ ਹਨ।

ਕੁੱਝ ਦੇਰ ਬਾਅਦ ਗੁਰਦਾਸਪੁਰ ਦੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਉਥੇ ਪਹੁੰਚ ਜਾਂਦੇ ਹਨ। ਦਿਨ ਦੇ ਪ੍ਰੋਗਰਾਮਾਂ ਦੇ ਆਧਾਰ 'ਤੇ ਚਰਚਾ ਸ਼ੁਰੂ ਹੁੰਦੀ ਹੈ ਅਤੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਉਮੀਵਦਾਰਾਂ ਖਾਸ ਕਰ ਸੰਨੀ ਦਿਓਲ ਦੇ ਚੋਣ ਪ੍ਰੋਗਰਾਮ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ। ਵਿਧਾਇਕ ਪਾਹੜਾ ਅਤੇ ਸੁਨੀਲ ਜਾਖੜ ਬੰਦ ਕਮਰੇ 'ਚ ਕਰੀਬ ਅੱਧਾ ਘੰਟਾ ਚੋਣ ਮੁਹਿੰਮ ਨਾਲ ਜੁੜੇ ਸਿਆਸੀ ਪਹਿਲੂਆਂ ਬਾਰੇ ਚਰਚਾ ਕਰਦੇ ਹਨ।

ਕੁਝ ਦੇਰ ਬਾਅਦ ਆਮ ਲੋਕ ਤੇ ਕਾਂਗਰਸੀ ਵਰਕਰ ਸੁਨੀਲ ਜਾਖੜ ਨਾਲ ਗੱਲਬਾਤ 'ਚ ਰੁੱਝ ਜਾਂਦੇ ਹਨ। ਇਹ ਹੈ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਦਿਨ ਦੀ ਸ਼ੁਰੂਆਤ। 'ਪੰਜਾਬੀ ਜਾਗਰਣ' ਦੇ ਪ੍ਰਤੀਨਿਧੀ ਵੱਲੋਂ ਪੂਰਾ ਦਿਨ ਸੁਨੀਲ ਜਾਖੜ ਨਾਲ ਗੁਜ਼ਾਰਿਆ ਗਿਆ। ਇਸ ਦੌਰਾਨ ਕਈ ਪਹਿਲੂ ਉਜਾਗਰ ਹੋਏ।

ਕੰਮ ਅਤੇ ਚੰਮ 'ਚੋਂ ਇਕ ਨੂੰ ਚੁਣੋ

ਸੁਨੀਲ ਜਾਖੜ ਵੱਲੋਂ ਸ਼ਾਮ 4 ਵਜੇ ਦੇ ਕਰੀਬ ਸੁਨੱਈਆ ਬਾਈਪਾਸ ਬਟਾਲਾ ਵਿਖੇ ਚੋਣ ਮੀਟਿੰਗ ਕੀਤੀ ਗਈ। ਜਿਥੇ ਗਰਮੀ ਆਪਣੇ ਜ਼ੋਰਾਂ 'ਤੇ ਸੀ, ਉਥੇ ਹੀ ਜਾਖੜ ਦਾ ਉਤਸ਼ਾਹ ਵੀ ਦੇਖਣ ਵਾਲਾ ਸੀ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਮੈਡੀਕਲ ਕਾਲਜ, ਸੈਨਿਕ ਸਕੂਲ, 1200 ਕਰੋੜ ਰੁਪਏ ਦੀ ਫੈਕਟਰੀ, ਅੰਡਰ ਬ੍ਰਿਜ, ਕਈ ਪਿੰਡਾਂ 'ਚ ਖੇਡ ਸਟੇਡੀਅਮਾਂ ਦੀ ਉਸਾਰੀ ਕਰਵਾਈ ਹੈ। ਮੋਦੀ ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਵਿਕਾਸ ਕਾਰਜ ਹਜ਼ਮ ਨਹੀਂ ਹੋ ਰਹੇ।

ਇਸ ਲਈ ਉਨ੍ਹਾਂ ਨੇ ਚੋਣ ਮੈਦਾਨ 'ਚ ਇਕ ਫਿਲਮ ਐਕਟਰ ਨੂੰ ਉਤਾਰ ਦਿੱਤਾ ਪਰ ਜੇਕਰ ਸਿਰਫ਼ ਨਲਕਾ ਮੋਢੇ 'ਤੇ ਰੱਖਣ ਅਤੇ ਡਾਇਲਾਗ ਬੋਲਣ ਨਾਲ ਲੋਕਾਂ ਦੇ ਮਸਲੇ ਹੱਲ ਹੋਣੇ ਹੁੰਦੇ ਤਾਂ ਫ਼ਿਰ ਹਰ ਕੋਈ ਨਲਕੇ ਚੁੱਕੀ ਫ਼ਿਰਦਾ। ਉਨ੍ਹਾਂ ਕਿਹਾ ਕਿ ਉਹ ਕੰਮ ਦੇ ਆਧਾਰ 'ਤੇ ਵੋਟ ਮੰਗ ਰਹੇ ਹਨ, ਜਦੋਂਕਿ ਦੂਜੇ ਪਾਸੇ ਭਾਜਪਾ ਵੱਲੋਂ ਚੰਮ ਨੂੰ ਆਧਾਰ ਬਣਾਇਆ ਜਾ ਰਿਹਾ ਹੈ।

ਧਾਰੀਵਾਲ ਮਿੱਲ ਨੂੰ ਦੋਬਾਰਾ ਚਾਲੂ ਕਰਨ ਦਾ ਵਾਅਦਾ

ਸ਼ਾਮ 6 ਵਜੇ ਸੁਨੀਲ ਜਾਖੜ ਬਹੁਚਰਚਿਤ ਧਾਰੀਵਾਲ ਵੂਲਨ ਮਿੱਲ ਦੇ ਗੇਟ 'ਤੇ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਪਹੁੰਚੇ। ਉਨ੍ਹਾਂ ਨੇ ਬ੍ਰਿਟਿਸ਼ ਰਾਜ ਦੌਰਾਨ ਬਣੀ ਇਸ ਮਿੱਲ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਿੱਲ ਨੇ ਇਲਾਕੇ ਦੇ ਹਜ਼ਾਰਾਂ ਪਰਿਵਾਰਾਂ ਨੂੰ ਰੋਟੀ ਦਿੱਤੀ। ਅੱਜ ਇਹ ਮਿੱਲ ਬੁਰੇ ਹਾਲ ਹੈ ਅਤੇ ਕਈ ਮੁਲਾਜ਼ਮਾਂ ਦਾ ਰੁਜ਼ਗਾਰ ਖੁਸ ਗਿਆ ਹੈ।

ਜਾਖੜ ਨੇ ਕਿਹਾ ਕਿ ਉਹ ਪਾਰਲੀਮੈਂਟ 'ਚ ਇਹ ਮੁੱਦਾ ਉਠਾਉਣਗੇ ਅਤੇ ਮਿੱਲ ਨੂੰ ਦੋਬਾਰਾ ਚਾਲੂ ਕਰਵਾਉਣਗੇ। ਸ਼ਾਮ 7 ਵਜੇ ਜਾਖੜ ਡਾਕਖਾਨਾ ਚੌਕ ਕਾਦੀਆਂ ਵਿਖੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਰੈਲੀ ਦੌਰਾਨ ਜਿਥੇ ਉਨ੍ਹਾਂ ਮੋਦੀ ਸਰਕਾਰ ਨੂੰ ਰਗੜੇ ਲਾਏ ਉਥੇ ਹੀ ਆਪਣੇ ਵੱਲੋਂ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਜਾਖ਼ੜ ਨੇ ਕਿਹਾ ਕਿ ਕਾਦੀਆਂ-ਬਿਆਸ ਰੇਲਵੇ ਲਿੰਕ ਦਾ ਪ੍ਰਾਜੈਕਟ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ, ਜਿਸ ਨੂੰ ਉਹ ਪਹਿਲ ਦੇ ਆਧਾਰ 'ਤੇ ਪੂਰਾ ਕਰਵਾਉਣਗੇ।

ਦੇਰ ਰਾਤ ਚੱਲਦੀ ਰਹੀ ਵਰਕਰਾਂ ਨਾਲ ਗੱਲਬਾਤ

ਰਾਤ ਕਰੀਬ 9 ਵਜੇ ਜਾਖੜ ਗੁਰਦਾਸਪੁਰ ਸਥਿਤ ਦਫਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਕਾਂਗਰਸੀ ਵਰਕਰਾਂ ਤੇ ਪ੍ਰਚਾਰ ਟੀਮ ਨਾਲ ਗੱਲਬਾਤ ਕੀਤੀ। ਸਾਢੇ 9 ਵਜੇ ਉਹ ਪਠਾਨਕੋਟ ਸਥਿਤ ਆਪਣੀ ਕੋਠੀ ਵੱਲ ਰਵਾਨਾ ਹੋ ਗਏ। ਜਦ ਕੋਠੀ ਪੁੱਜੇ ਤਾਂ ਉਥੇ ਵੀ ਵਰਕਰਾਂ ਦਾ ਜਮਾਵੜਾ ਲੱਗਾ ਸੀ। ਵਰਕਰਾਂ ਨਾਲ ਗੱਲਬਾਤ ਤੋਂ ਬਾਅਦ ਉਹ 11 ਵਜੇ ਸੌਣ ਲਈ ਕਮਰੇ ਵੱਲ ਚਲੇ ਗਏ।

10 ਮਿੰਟ 'ਚ ਖ਼ਤਮ ਕੀਤਾ ਲੰਚ

ਬਾਰ ਐਸੋਸੀਏਸ਼ਨ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਵਿਧਾਇਕ ਪਾਹੜਾ ਦੇ ਘਰ ਦੁਪਹਿਰ ਦਾ ਖਾਣਾ ਖਾਧਾ। ਕਰੀਬ 10 ਮਿੰਟਾਂ 'ਚ ਲੰਚ ਕਰਨ ਉਪਰੰਤ ਉਹ ਮੁੜ ਸੰਗਲਪੁਰਾ ਰੋਡ ਸਥਿਤ ਦਫ਼ਤਰ 'ਚ ਪਹੁੰਚੇ, ਜਿਥੇ ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਆਗੂ ਪਹਿਲਾਂ ਤੋਂ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਸੁਨੀਲ ਜਾਖੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਜਾਖੜ ਵੱਲੋਂ ਉਨ੍ਹਾਂ ਦਾ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਪਿੱਛੋਂ ਵੱਖ-ਵੱਖ ਟੀਵੀ ਅਤੇ ਵੈੱਬ ਚੈਨਲਾਂ ਵੱਲੋਂ ਜਾਖੜ ਨਾਲ ਗੱਲਬਾਤ ਕੀਤੀ ਗਈ। ਕੁੱਝ ਦੇਰ ਪਾਰਟੀ ਦੇ ਮੋਹਰੀ ਕਤਾਰ ਦੇ ਵਰਕਰਾਂ ਨਾਲ ਗੱਲਬਾਤ ਕਰਨ ਪਿੱਛੋਂ ਉਹ ਸਾਢੇ ਤਿੰਨ ਵਜੇ ਬਟਾਲਾ ਲਈ ਰਵਾਨਾ ਹੋ ਗਏ।

ਹੋ ਸਕਦੈ ਸੰਨੀ ਨੂੰ ਪੁਲਵਾਮਾ ਹਮਲੇ ਦਾ ਵੀ ਨਾ ਪਤਾ ਹੋਵੇ

ਸੁਨੀਲ ਜਾਖੜ ਦਿਨ ਦੀ ਪਹਿਲੀ ਚੋਣ ਮੀਟਿੰਗ ਲਈ ਕਰੀਬ ਇਕ ਵਜੇ ਜ਼ਿਲ੍ਹਾ ਕੋਰਟ ਕੰਪਲੈਕਸ ਪਹੁੰਚੇ, ਜਿੱਥੇ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਅਹੁਦੇਦਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਮਿਲਕ ਪਲਾਂਟ ਦੇ ਚੇਅਰਮੈਨ ਬਲਜੀਤ ਸਿੰਘ ਪਾਹੜਾ ਅਤੇ ਕੁੱਝ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।

ਇਸ ਤੋਂ ਪਹਿਲਾਂ ਸੰਨੀ ਦਿਓਲ ਜਿੱਥੇ ਵਕੀਲਾਂ ਸਾਹਮਣੇ ਸਿਰਫ਼ ਡੇਢ ਮਿੰਟ ਹੀ ਸੰਬੋਧਨ ਕਰ ਸਕੇ ਸਨ, ਉਥੇ ਹੀ ਸੁਨੀਲ ਜਾਖੜ ਨੇ ਕਰੀਬ 40 ਮਿੰਟ ਵਕੀਲਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਿਥੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ, ਉਥੇ ਹੀ ਸੰਨੀ ਦਿਓਲ ਦੇ ਸਿਆਸੀ ਗਿਆਨ ਨੂੰ ਲੈ ਕੇ ਤਿੱਖਾ ਵਿਅੰਗ ਵੀ ਕੀਤਾ। ਜਾਖੜ ਨੇ ਕਿਹਾ ਕਿ ਸੰਨੀ ਦਿਓਲ ਸਿਰਫ਼ ਲਿਖੀ ਹੋਈ ਸਕ੍ਰਿਪਟ ਪੜ੍ਹ ਸਕਦੇ ਹਨ। ਉਨ੍ਹਾਂ ਨੂੰ ਬਾਲਾਕੋਟ ਸਟ੍ਰਾਈਕ ਤਕ ਦਾ ਪਤਾ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਪੁਲਵਾਮਾ ਦਾ ਵੀ ਨਾ ਪਤਾ ਹੋਵੇ।

Posted By: Jagjit Singh