ਅੰਮ੍ਰਿਤ ਖਾਲਸਾ, ਅਬੋਹਰ : ਇੱਕ ਪਾਸੇ ਜਿੱਥੇ ਚੋਣ ਕਮਿਸ਼ਨ ਦੇ ਆਦੇਸ਼ਾਂ ਤੇ ਜਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਉੱਥੇ ਸਥਾਨਕ ਵਾਰਡ ਨੰਬਰ 32 ਤੇ 33 ਦੇ ਕੌਂਸਲਰਾਂ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਮਿਲਦੇ ਹੀ ਉਪ ਮੰਡਲ ਮੈਜਿਸਟਰੇਟ-ਕਮ-ਚੋਣ ਅਧਿਕਾਰੀ ਨੇ ਦੋਵਾਂ ਕੌਂਸਲਰਾਂ ਨੂੰ ਲਿਖਤੀ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਦਫ਼ਤਰ ਵਿੱਚ ਪੇਸ਼ ਹੋ ਕੇ ਜਵਾਬ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸ ਬਾਬਤ ਸਥਾਨਕ ਚੋਣ ਅਧਿਕਾਰੀ ਪੂਨਮ ਸਿੰਘ ਦੇ ਦਫਤਰ ਤੋਂ ਲਈ ਗਈ ਜਾਣਕਾਰੀ ਅਨੁਸਾਰ ਭਾਜਪਾ ਆਗੂ ਅਸ਼ੋਕ ਛਾਬੜਾ ਨੇ ਸ਼ਿਕਾਇਤ ਦਰਜ਼ ਕਰਵਾਈ ਕਿ ਵਾਰਡ ਨੰਬਰ 32 ਦੇ ਕੌਂਸਲਰ ਗਣੇਸ਼ ਸਬਲਾਨੀਆ ਅਤੇ ਵਾਰਡ 33 ਦੇ ਕੌਂਸਲਰ ਗਣਪਤ ਰਾਮ ਆਪਣੇ ਵਾਰਡਾਂ ਵਿੱਚ ਚੋਣ ਜ਼ਾਬਤੇ ਨੂੰ ਟਿੱਚ ਜਾਣਦੇ ਹੋਏ ਗਲੀਆਂ ਅਤੇ ਸੀਵਰੇਜ ਦੇ ਕੰਮ ਸ਼ੁਰੂ ਕਰਵਾਏ ਹਨ, ਜਿਸ ਬਾਬਤ ਫੇਸਬੁੱਕ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਹਨ ਅਤੇ ਇਸ ਦੌਰਾਨ ਕਈ ਗਵਾਹ ਵੀ ਸਾਹਮਣੇ ਆਏ ਹਨ। ਚੋਣ ਅਧਿਕਾਰੀ ਪੂਨਮ ਸਿੰਘ ਨੇ ਦੋਵਾਂ ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਅਪਣਾ ਜਵਾਬ ਲਿਖਤੀ ਦੇਣ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਜਵਾਬ ਨਾ ਦੇਣ ਦੀ ਸੂਰਤ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਬਣਦੀ ਕਾਰਵਾਈ ਕੀਤੀ ਜਾਵੇਗੀ।

Posted By: Jagjit Singh