ਸਟਾਫ ਰਿਪੋਰਟਰ, ਖੰਨਾ : ਟਕਸਾਲੀ ਅਕਾਲੀ ਦਲ ਵੱਲੋਂ ਭਾਵੇਂ ਪੀਡੀਏ ਨਾਲ ਚੋਣ ਗਠਜੋੜ ਨਹੀਂ ਕੀਤਾ ਗਿਆ ਪਰ ਟਕਸਾਲੀ ਅਕਾਲੀ ਦਲ ਵੱਲੋਂ ਪੀਡੀਏ ਦੇ ਉਮੀਦਵਾਰ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਖ਼ਿਲਾਫ਼ ਵੀ ਆਪਣਾ ਕੋਈ ਉਮੀਦਵਾਰ ਖੜ੍ਹਾ ਕਰਨ ਦੀ ਉਮੀਦ ਨਹੀਂ । ਇਹ ਸਿਆਸੀ ਵਾਤਾਵਰ ਊਸ ਸਮੇਂ ਬਣਦਾ ਨਜ਼ਰ ਆ ਰਿਹਾ ਹੈ, ਜਦੋਂ ਟਕਸਾਲੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਬੈਠਕ 'ਚ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਸਾਬਕਾ ਜਨਰਲ ਜੇਜੇ ਸਿੰਘ ਨੂੰ ਵਾਪਿਸ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ ਕੋਰ ਕਮੇਟੀ ਦੀ ਬੈਠਕ 'ਚ ਸ੍ਰੀ ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕਾ ਦੀ ਸੀਟ ਸਬੰਧੀ ਵੀ ਚਰਚਾ ਕੀਤੀ ਗਈ ਹੈ। ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦੇ ਪੰਥਕ ਜੀਵਨ ਨੂੰ ਦੇਖਦਿਆਂ ਇਸ ਹਲਕੇ ਤੋਂ ਵੀ ਟਕਸਾਲੀਆਂ ਵੱਲੋਂ ਕੋਈ ਉਮੀਦਵਾਰ ਨਾ ਖੜ੍ਹੇ ਕੀਤੇ ਜਾਣ ਦਾ ਐਲਾਨ ਜਲਦੀ ਹੀ ਹੋ ਸਕਦਾ ਹੈ।

ਦੱਸਣਯੋਗ ਹੈ ਕਿ ਐਡਵੋਕੇਟ ਐੱਚਐੱਸ ਫੂਲਕਾ, ਟਕਸਾਲੀ ਅਕਾਲੀ ਦਲ ਤੇ ਹੋਰ ਹਮਖ਼ਿਆਲੀ ਪਾਰਟੀਆਂ ਨੂੰ ਲਗਾਤਾਰ ਸ੍ਰੀ ਖਡੂਰ ਸਾਹਿਬ ਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਿਆਂ ਤੋਂ ਕ੍ਰਮਵਾਰ ਬੀਬੀ ਪਰਮਜੀਤ ਕੌਰ ਖਾਲੜਾ ਤੇ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਖ਼ਿਲਾਫ਼ ਕੋਈ ਉਮੀਦਵਾਰ ਖੜ੍ਹਾ ਨਾ ਕਰਨ ਦੇ ਯਤਨਾਂ 'ਚ ਲੱਗੇ ਹੋਏ ਹਨ।

ਸੂਤਰਾਂ ਅਨੁਸਾਰ ਐਡਵੋਕੇਟ ਫੂਲਕਾ ਆਮ ਆਦਮੀ ਪਾਰਟੀ ਨੂੰ ਵੀ ਮਨਾਉਣ ਦੇ ਯਤਨਾਂ 'ਚ ਲੱਗੇ ਹੋਏ ਹਨ ਕਿ ਦੋਵੇਂ ਸੀਟਾਂ ਤੋਂ ਖਾਲੜਾ ਤੇ ਗਿਆਸਪੁਰਾ ਦੇ ਹੱਕ 'ਚ ਉਮੀਦਵਾਰ ਵਾਪਿਸ ਲਏ ਜਾਣ। ਅਕਾਲੀ ਦਲ ਬਾਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ ਕਿਉਂਕਿ ਅਕਾਲੀ ਦਲ ਤੋਂ ਨਾਰਾਜ਼ ਪੰਥਕ ਵੋਟ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ 'ਚ ਭੁਗਤ ਸਕਦੀ ਹੈ।

Posted By: Jagjit Singh