ਨਵੀਂ ਦਿੱਲੀ : 17ਵੀਂ ਲੋਕ ਸਭਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਆਰਜ਼ੀ ਤੌਰ 'ਤੇ ਹੋਟਲਾਂ 'ਚ ਨਹੀਂ ਠਹਿਰਾਇਆ ਜਾਵੇਗਾ। ਇਸ ਦੀ ਥਾਂ ਉਹ ਸੰਸਦ ਦੇ ਹੋਸਟਲ ਤੇ ਵੱਖ-ਵੱਖ ਸੂਬਿਆਂ ਦੇ ਭਵਨਾਂ 'ਚ ਰੁਕਣਗੇ। ਵੀਰਵਾਰ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਸ਼ੁੱਕਰਵਾਰ ਨੂੰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦਾ ਰਾਸ਼ਟਰੀ ਰਾਜਧਾਨੀ 'ਚ ਆਉਣਾ ਸ਼ੁਰੂ ਹੋ ਜਾਵੇਗਾ। ਇਸ ਲਈ ਸਕੱਤਰੇਤ ਨੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਇੱਥੇ ਇਕ ਪੱਤਰਕਾਰ ਸੰਮੇਲਨ 'ਚ ਹੇਠਲੇ ਸਦਨ ਦੇ ਜਨਰਲ ਸਕੱਤਰ ਸਨੇਹਲਤਾ ਸ਼੍ਰੀਵਾਸਤਵ ਨੇ ਕਿਹਾ ਕਿ ਲੋਕ ਸਭਾ ਸਕੱਤਰੇਤ ਨੇ ਹੋਟਲਾਂ 'ਚ ਆਰਜ਼ੀ ਰਿਹਾਇਸ਼ ਦੀ ਪ੍ਰਣਾਲੀ ਖ਼ਤਮ ਕਰ ਦਿੱਤੀ ਹੈ। ਸਰਕਾਰੀ ਖ਼ਜ਼ਾਨੇ 'ਤੇ ਖ਼ਰਚ ਦਾ ਬੋਝ ਪੈਣ ਕਾਰਨ ਇਸ ਪ੍ਰਣਾਲੀ ਦੀ ਆਲੋਚਨਾ ਹੁੰਦੀ ਹੈ ਰਹੀ ਹੈ।

ਸ਼੍ਰੀਵਾਸਵ ਨੇ ਕਿਹਾ ਕਿ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਵੈਸਟਰਨ ਕੋਰਟ, ਇਸ ਦੇ ਨਵੇਂ ਬਣੇ ਅਨੈਕਸੀ ਤੇ ਸੂਬਿਆਂ ਦੇ ਭਵਨਾਂ 'ਚ ਠਹਿਰਾਇਆ ਜਾਵੇਗਾ। ਲੋਕ ਸਭਾ ਸਕੱਤਰੇਤ ਨੇ ਹੋਟਲਾਂ 'ਚ ਆਰਜ਼ੀ ਤੌਰ 'ਤੇ ਠਹਿਰਾਉਣ ਦੀ ਪ੍ਰਣਾਲੀ ਖ਼ਤਮ ਕਰ ਦਿੱਤੀ ਹੈ।

ਸੂਤਰਾਂ ਨੇ ਕਿਹਾ ਕਿ 2014 ਦੀਆਂ ਆਮ ਚੋਣਾਂ 'ਚ 300 ਤੋਂ ਵੱਧ ਨਵੇਂ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ 'ਚ ਸੰਕਟ ਪੈਦਾ ਹੋ ਗਿਆ ਸੀ ਕਿਉਂਕਿ ਕੁਝ ਪੁਰਾਣੇ ਮੈਂਬਰਾਂ ਨੇ ਆਪਣੀ ਸਰਕਾਰੀ ਰਿਹਾਇਸ਼ ਖ਼ਾਲੀ ਨਹੀਂ ਕੀਤੀ ਸੀ। ਇਸ ਹਾਲਤ 'ਚ ਲੋਕ ਸਭਾ ਸਕੱਤਰੇਤ ਨੂੰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਹੋਟਲਾਂ 'ਚ ਠਹਿਰਾਉਣ ਲਈ ਮਜ਼ਬੂਰ ਹੋਣਾ ਪਿਆ ਸੀ। ਇਸ ਕਾਰਨ 2014 'ਚ ਸਰਕਾਰੀ ਖ਼ਜ਼ਾਨੇ 'ਤੇ 30 ਕਰੋੜ ਰੁਪਏ ਦਾ ਬੋਝ ਪਿਆ ਸੀ। ਇਸ ਨੂੰ ਦੇਖਦਿਆਂ ਲੋਕ ਸਭਾ ਦੀ ਰਿਹਾਇਸ਼ ਕਮੇਟੀ ਨੇ ਵੈਸਟਰਨ ਕੋਰਟ 'ਚ 88 ਨਵੇਂ ਬਲਾਕ ਬਣਾਉਣ ਦੀ ਤਜਵੀਜ਼ ਰੱਖੀ ਸੀ। ਇਸ 'ਚ ਦੋ ਮੰਜ਼ਲਾ ਪਾਰਕਿੰਗ ਵੀ ਹੈ।