ਪ੍ਰਿਤਪਾਲ ਸਿੰਘ, ਮਾਨਸਾ : ਲੋਕ ਸਭਾ ਚੋਣਾਂ ਲਾਗੇ ਹੋਣ ਦੇ ਬਾਵਜੂਦ ਸਿਆਸੀ ਪਾਰਟੀਆਂ ਵੱਲੋਂ ਖੁੱਲ੍ਹੇ ਤੌਰ 'ਤੇ ਡੇਰਾ ਪ੍ਰੇਮੀਆਂ ਤੋਂ ਵੋਟਾਂ ਮੰਗਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਸਿਆਸਤਦਾਨਾਂ ਵੱਲੋਂ ਬਣਾਈ ਗਈ ਦੂਰੀ ਕਾਰਨ ਡੇਰੇ ਦੇ ਰਾਜਸੀ ਵਿੰਗ ਦੀਆਂ ਸਰਗਰਮੀਆਂ ਠੱਪ ਹੋਈਆਂ ਨਜ਼ਰ ਆ ਰਹੀਆਂ ਹਨ।

ਕਦੇ ਉਹ ਵੀ ਦਿਨ ਸਨ। ਅਗਸਤ 2017 ਤੋਂ ਪਹਿਲਾਂ ਜਿੱਥੇ ਵੋਟਾਂ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਸਿਆਸਤਦਾਨਾਂ ਦਾ ਤਾਂਤਾ ਲੱਗਿਆ ਰਹਿੰਦਾ ਸੀ ਤੇ ਚੋਣਾਂ ਲੜਨ ਵਾਲੇ ਉਮੀਦਵਾਰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲਈ ਤਰਲੋਮੱਛੀ ਹੋਏ ਰਹਿੰਦੇ ਸਨ, ਉਥੇ ਹੁਣ ਸਮੇਂ ਦੀ ਬਦਲੀ ਚਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਦਲੇ ਹੋਏ ਹਾਲਾਤ ਵਿਚ ਭਾਵੇਂ ਡੇਰੇ ਦੇ ਰਾਜਸੀ ਵਿੰਗ ਨੇ ਪਿਛਲੇ ਹਫਤੇ ਬਲਾਕ ਵਾਈਜ਼ ਮੀਟਿੰਗਾਂ ਕਰਨ ਦਾ ਦਾਅਵਾ ਕੀਤਾ ਸੀ ਪਰ ਇਨ੍ਹਾਂ ਦਾਅਵਿਆਂ ਵਿਚ ਸੱਚਾਈ ਨਜ਼ਰ ਨਹੀਂ ਆ ਰਹੀ। ਵਿੰਗ ਦੇ ਮੈਂਬਰਾਂ ਪਰਮਜੀਤ ਸਿੰਘ ਤੇ ਰਾਮ ਸਿੰਘ ਮੁਤਾਬਕ ਵਿੰਗ ਦੀ ਟੀਮ ਨੇ ਪੰਜ ਦਿਨਾਂ ਵਿਚ ਪੂਰੇ ਪੰਜਾਬ ਦਾ ਦੌਰਾ ਕਰ ਕੇ 118 ਬਲਾਕਾਂ ਵਿਚ ਕਈ ਡੇਰਾ ਪ੍ਰੇਮੀਆਂ ਨਾਲ ਮੀਟਿੰਗਾਂ ਕਰ ਲਈਆਂ ਹਨ ਪਰ ਅਜਿਹਾ ਹੋਣਾ ਕਿਸੇ ਹਾਲਤ ਵਿਚ ਸੰਭਵ ਨਹੀਂ ਹੈ ਕਿਉਂਕਿ ਸਿਰਫ 1 ਟੀਮ ਵੱਲੋਂ 5 ਦਿਨਾਂ ਅੰਦਰ 118 ਬਲਾਕਾਂ ਵਿਚ ਜਾ ਕੇ ਮੀਟਿੰਗਾਂ ਕਰ ਸਕਣਾ ਸੰਭਵ ਨਹੀਂ ਹੁੰਦਾ।

ਇਨ੍ਹਾਂ ਵਿੰਗ ਮੈਂਬਰਾਂ ਦੇ ਦੱਸਣ ਅਨੁਸਾਰ ਅਤੇ ਪਿਛਲੇ ਸਮੇਂ ਵਿਚ ਹੋਏ ਡੇਰਾ ਸਮਾਗਮਾਂ ਵੱਲ ਨਜ਼ਰ ਮਾਰਨ ਤੋਂ ਸਪਸ਼ਟ ਹੁੰਦਾ ਹੈ ਕਿ ਹਾਲੇ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਨੇ ਡੇਰਾ ਪ੍ਰੇਮੀਆਂ ਵਿਚ ਦਿਲਚਸਪੀ ਨਹੀਂ ਦਿਖਾਈ। ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਬਣਾਈ ਗਈ ਦੂਰੀ ਕਾਰਨ ਡੇਰਾ ਰਾਜਸੀ ਵਿੰਗ ਦੇ ਮੈਂਬਰਾਂ ਦੀਆਂ ਸਰਗਰਮੀਆਂ ਠੱਪ ਹਨ। ਸੁਣਨ ਵਿਚ ਆਇਆ ਹੈ ਕਿ ਰਾਜਸੀ ਵਿੰਗ ਦੇ ਕੁਝ ਮੈਂਬਰ ਖੁਦ ਉਮੀਦਵਾਰਾਂ ਤਕ ਪਹੁੰਚ ਕਰਨ ਲਈ ਯਤਨਸ਼ੀਲ ਹਨ।

ਦੱਸਣਯੋਗ ਹੈ ਕਿ ਰਾਜਸੀ ਵਿੰਗ ਦਾ ਗਠਨ ਡੇਰਾ ਪ੍ਰੇਮੀਆਂ ਦੇ ਕੰਮ-ਕਾਰ ਕਰਵਾਉਣ ਲਈ ਕੀਤਾ ਗਿਆ ਸੀ। ਹੁਣ ਵਿੰਗ ਵੱਲੋਂ ਪ੍ਰੇਮੀਆਂ ਦੇ ਕੰਮ ਕਾਰ ਕਰਵਾਉਣੇ ਤਾਂ ਬਹੁਤ ਦੂਰ ਦੀ ਗੱਲ ਹੈ, ਪ੍ਰੇਮੀਆਂ ਦੇ ਫੋਨ ਚੁੱਕਣ ਤੋਂ ਟਾਲਾ ਵੱਟਿਆ ਜਾਂਦਾ ਰਿਹਾ ਹੈ। ਕੁਝ ਪ੍ਰੇਮੀਆਂ ਨੇ ਦੱਸਿਆ ਕਿ ਜਦ ਡੇਰਾ ਸੱਚਾ ਸੌਦਾ ਦੀ ਹਰ ਪਾਸੇ ਤੂਤੀ ਬੋਲਦੀ ਸੀ ਤਾਂ ਰਾਜਸੀ ਵਿੰਗ ਦੇ ਮੈਂਬਰਾਂ ਦੀ ਸਰਕਾਰਾਂ ਵਿਚ ਪੁੱਛ-ਪ੍ਰਤੀਤ ਹੁੰਦੀ ਰਹੀ ਹੈ ਪਰ ਵਿੰਗ ਮੈਂਬਰ ਮਾਨਸਾ ਸਥਿਤ ਸ਼ਾਹ ਸਤਿਨਾਮ ਅਮਨਪੁਰਾ ਧਾਮ ਤੀਕ ਸੀਵਰੇਜ ਦੀ ਪਾਈਪ ਵੀ ਨਹੀਂ ਪੁਆ ਸਕੇ ਜਿਸ ਕਰ ਕੇ ਹੁਣ ਤੀਕ ਕੀਤੇ ਹੋਏ ਪ੍ਰਬੰਧਾਂ ਕਾਰਨ ਧਰਤੀ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਰਿਹਾ ਹੈ।

'ਰਾਜਸੀ ਵਿੰਗ ਕਿਹੜੇ ਮੂੰਹ ਨਾਲ ਮੰਗ ਰਿਹੈ ਵੋਟਾਂ'

ਡੇਰਾ ਸੱਚਾ ਸੌਦਾ ਦੇ ਸਰਗਰਮ ਸ਼ਰਧਾਲੂ ਤੇ ਸੇਵਾ ਮੁਕਤ ਪੁਲਿਸ ਅਫਸਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਡੇਰੇ ਦੇ ਰਾਜਸੀ ਵਿੰਗ ਵੱਲੋਂ ਪ੍ਰੇਮੀਆਂ ਨੂੰ ਕਿਸੇ ਖ਼ਾਸ ਪਾਸੇ ਵੋਟਾਂ ਪਾਉਣ ਲਈ ਪ੍ਰੇਰਿਤ ਕਰਨਾ ਕਾਨੂੰਨਨ ਗ਼ਲਤ ਹੈ, ਅਗਸਤ 2017 ਵਿਚ ਪੰਚਕੂਲਾ ਵਿਖੇ ਵਾਪਰੇ ਦਰਦਨਾਕ ਦੁਖਾਂਤ ਮੌਕੇ ਡੇਰਾ ਪ੍ਰੇਮੀਆਂ ਦੀਆਂ ਹੋਈਆਂ ਮੌਤਾਂ ਪਿੱਛੋਂ ਰਾਜਸੀ ਵਿੰਗ ਨੇ ਕਿਸੇ ਪੀੜਤ ਪਰਿਵਾਰ ਦੀ ਸਾਰ ਨਹੀਂ ਲਈ। ਇਸ ਕਰ ਕੇ ਵਿੰਗ ਨੂੰ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵਿਚ ਜਨਵਰੀ, ਅਪ੍ਰੈਲ, ਅਗਸਤ, ਸਤੰਬਰ ਤੇ ਨਵੰਬਰ ਮਹੀਨਾ ਖ਼ਾਸ ਅਹਿਮੀਅਤ ਰੱਖਦੇ ਹਨ। ਅਗਸਤ 2017 ਤੋਂ ਬਾਅਦ ਇਹ ਮਹੀਨੇ ਤਾਂ ਬੀਤ ਗਏ ਪਰ ਰਾਜਸੀ ਵਿੰਗ ਦੇ ਮੈਂਬਰਾਂ ਨੇ ਇਨ੍ਹਾਂ ਮਹੀਨਿਆਂ ਦੌਰਾਨ ਸਾਧ ਸੰਗਤ ਦੀ ਇਕੱਤਰਤਾ ਨਹੀਂ ਕੀਤੀ।

ਆਰਜ਼ੀ ਜ਼ਮਾਨਤ 'ਚ ਅੜਿੱਕਾ ਬਣੀਆਂ ਸਰਗਰਮੀਆਂ

ਸਾਬਕਾ ਡਿਪਟੀ ਐਡਵੋਕੇਟ ਜਨਰਲ ਪੰਜਾਬ ਮਹਿੰਦਰ ਸਿੰਘ ਜੋਸ਼ੀ ਨੇ ਕਿਹਾ ਕਿ ਬੀਤੇ ਦਿਨਾਂ ਦੌਰਾਨ ਡੇਰਾ ਮੁਖੀ ਵੱਲੋਂ ਆਪਣੀ ਮੂੰਹ ਬੋਲੀ ਧੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅਰਜ਼ੀ ਦਾਖਲ ਕੀਤੀ ਗਈ ਸੀ, ਜਦਕਿ ਇਸ ਵਿਚ ਰਾਜਸੀ ਵਿੰਗ ਦੀਆਂ ਸਰਗਰਮੀਆਂ ਅੜਿੱਕਾ ਬਣੀਆਂ ਹਨ। ਅਪ੍ਰੈਲ ਮਹੀਨੇ ਦੌਰਾਨ ਵੱਖਵੱਖ ਥਾਵਾਂ 'ਤੇ ਕੀਤੇ ਗਏ ਡੇਰਾ ਪ੍ਰੇਮੀਆਂ ਦੇ ਇਕੱਠਾਂ ਕਾਰਨ ਸਰਕਾਰਾਂ 'ਤੇ ਇਹ ਅਸਰ ਗਿਆ ਕਿ ਡੇਰਾ ਮੁਖੀ ਦਾ ਜ਼ਮਾਨਤ 'ਤੇ ਬਾਹਰ ਆਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਸਰਕਾਰ ਤੇ ਸੀਬੀਆਈ ਦੀ ਰਿਪੋਰਟ ਨੂੰ ਦੇਖਦੇ ਹੋਏ ਅਦਾਲਤ ਨੇ ਆਰਜ਼ੀ ਜ਼ਮਾਨਤ ਨਹੀਂ ਦਿੱਤੀ।

Posted By: Jagjit Singh