ਚੰਡੀਗੜ੍ਹ : ਕਈ ਦਿਨਾਂ ਦੀ ਖ਼ਾਮੋਸ਼ੀ ਤੋਂ ਬਾਅਦ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਮੁੜ ਮੁੱਖ ਮੰਤਰੀ ਖ਼ਿਲਾਫ਼ ਬਗ਼ਾਵਤੀ ਸੁਰ ਅਲਾਪੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਪੈਦਾ ਹੋਏ ਮਤਭੇਦਾਂ ਦੀਆਂ ਤਰੇੜਾਂ ਵਧਦੀਆਂ ਜਾ ਰਹੀਆਂ ਹਨ। ਜਿੱਥੇ ਸਿੱਧੂ ਨੇ ਫੇਸਬੁੱਕ 'ਤੇ ਲਾਈਵ ਹੁੰਦਿਆਂ ਅਤੇ ਬਿਜਲਈ ਮੀਡੀਆ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ 'ਤੇ ਦੋਸ਼ਾਂ ਦਾ ਜਵਾਬ ਦਿੱਤਾ ਉੱਥੇ ਮੁੱਖ ਮੰਤਰੀ ਨੇ ਪੰਜਾਬ ਭਵਨ 'ਚ ਮੰਤਰੀਆਂ ਤੇ ਵਿਧਾਇਕਾਂ ਨਾਲ ਚਾਹ ਪਾਰਟੀ ਦੇ ਨਾਂ 'ਤੇ ਮੀਟਿੰਗ ਕੀਤੀ। ਮੀਟਿੰਗ ਵਿਚ ਨਵਜੋਤ ਸਿੱਧੂ ਗ਼ੈਰ ਹਾਜ਼ਰ ਰਹੇ।

ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਕੇ ਸ਼ਹਿਰਾਂ ਵਿਚ ਕਾਂਗਰਸ ਦੀ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਜ਼ਿੰਮੇਵਾਰ ਹਨ ਤਾਂ ਲੁਧਿਆਣਾ, ਅੰਮਿ੍ਤਸਰ, ਪਟਿਆਲਾ, ਜਲੰਧਰ ਜਿੱਥੋਂ ਕਾਂਗਰਸ ਦੀ ਜਿੱਤ ਹੋਈ ਹੈ, ਕੀ ਉਹ ਸ਼ਹਿਰ ਨਹੀ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਹਾਰ ਦੀ ਜ਼ਿੰਮੇਵਾਰੀ ਸਭ ਦੀ ਸਾਂਝੀ ਹੈ, ਪਰ ਇਸ ਹਾਰ ਲਈ ਉਨ੍ਹਾਂ ਨੂੰ ਇਕੱਲੇ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਿਛਲੇ ਚਾਲੀ ਸਾਲਾਂ ਤੋਂ ਬਠਿੰਡਾ ਤੋਂ ਹਾਰ ਰਹੀ ਹੈ, ਇੱਥੋਂ ਤਕ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਸਵਾ ਲੱਖ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ। ਜਦੋਂ ਕਿ ਇਸ ਵਾਰ ਕਾਂਗਰਸ ਬਹੁਤ ਘੱਟ ਫ਼ਰਕ ਨਾਲ ਚੋਣ ਹਾਰੀ ਹੈ।

ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦਾ ਬਹੁਤ ਬੁਰਾ ਹਾਲ ਸੀ ਤੇ ਅੱਜ ਕੱਲ੍ਹ ਛੇ ਹਜ਼ਾਰ ਕਰੋੜ ਰੁਪਏ ਦੇ ਪ੍ਰਰਾਜੈਕਟ ਵਿਕਾਸ ਕਾਰਜ ਚੱਲ ਰਹੇ ਹਨ। ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ 118 ਸ਼ਹਿਰਾਂ ਵਿਚੋਂ ਕੇਵਲ 18 ਕਰੋੜ ਰੁਪਏ ਇਸ਼ਤਿਹਾਰ ਪਾਲਸੀ ਰਾਹੀਂ ਪ੍ਰਰਾਪਤ ਹੁੰਦੇ ਸਨ, ਜਦੋਂ ਕਿ ਹੁਣ ਇਕੱਲੇ ਲੁਧਿਆਣੇ ਵਿਚੋਂ ਹੀ 34 ਕਰੋੜ ਰੁਪਏ ਸਾਲਾਨਾ ਰੈਵੀਨਿਯੂ ਪ੍ਰਰਾਪਤ ਹੋ ਰਿਹਾ ਹੈ। ਕੀ ਇਹ ਮੇਰੀ ਉਪਲਬਧੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੁਤ ਅਤੇ ਸਮਾਰਟ ਸਿਟੀ ਤਹਿਤ ਕਈ ਸ਼ਹਿਰਾਂ ਵਿਚ ਕੰਮ ਚੱਲ ਰਿਹਾ ਹੈ।

ਸਿੱਧੂ ਨੇ ਕਿਹਾ ਕਿ ਮੈਂ ਕਿਸੇ ਦਾ ਨਾਂ ਨਹੀਂ ਲਿਆ ਸਿਰਫ਼ ਇਹ ਕਿਹਾ ਸੀ ਕਿ ਆਪਸ 'ਚ ਮਿਲਕੇ ਸਿਆਸਤ ਕਰਨ ਵਾਲਿਆਂ ਨੂੰ ਹਰਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹਨ।

ਚਾਹ ਪਾਰਟੀ 'ਚ ਸ਼ਾਮਲ ਨਹੀਂ ਹੋਏ ਸਿੱਧੂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਲਈ ਰੱਖੀ ਗਈ ਚਾਹ ਪਾਰਟੀ ਤੋਂ ਨਵਜੋਤ ਸਿੱਧੂ ਨੇ ਦੂਰੀ ਬਣਾਈ ਰੱਖੀ। ਮੁੱਖ ਮੰਤਰੀ ਵੱਲੋਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਚਾਹ ਪਾਰਟੀ ਦੇਣ ਸਮੇਂ ਮੰਤਰੀ ਮੰਡਲ, ਵਿਧਾਇਕਾਂ ਨੂੰ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਹਾਜ਼ਰ ਸਨ। ਸਿੱਧੂ ਵੱਲੋਂ ਮੁੱਖ ਮੰਤਰੀ ਦੀ ਦਾਅਵਤ ਵਿਚ ਸ਼ਾਮਲ ਨਾ ਹੋਣ 'ਤੇ ਸਪਸ਼ਟ ਹੋ ਗਿਆ ਕਿ ਦੋਵਾਂ ਆਗੂਆਂ ਵਿਚ ਦੂਰੀਆਂ ਵੱਧ ਗਈਆਂ ਹਨ। ਸਿੱਧੂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਗੱਲ ਨਹੀਂ ਹੋਈ।