ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਹ ਪੀਐੱਮਓ ਨੂੰ ਅਸਰਦਾਰ ਦੀ ਥਾਂ ਸਮਰੱਥ ਬਣਾਉਣਾ ਚਾਹੁੰਦੇ ਹਨ। ਲੋਕ ਸਭਾ ਦੀਆਂ ਚੋਣਾਂ 'ਚ ਪ੍ਰਚੰਡ ਬਹੁਮਤ ਹਾਸਲ ਕਰਨ ਦੇ ਬਾਅਦ ਪੀਐੱਮਓ ਸਟਾਫ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਕਈ ਪ੍ਰਧਾਨ ਮੰਤਰੀ ਦੇਖੇ ਹੋਣਗੇ, ਕਈ ਮੰਤਰੀ ਦੇਖੇ ਹੋਣਗੇ ਪਰ ਮੈਂ ਪਹਿਲਾਂ ਪ੍ਰਧਾਨ ਮੰਤਰੀ ਹਾਂ ਜਿਸ ਨੇ ਤੁਹਾਨੂੰ ਦੇਖਿਆ ਹੈ। ਪ੍ਰਧਾਨ ਮੰਤਰੀ ਨੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਕੰਮਕਾਜ 'ਚ ਸਹਿਯੋਗ ਲਈ ਧੰਨਵਾਦ ਵੀ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਨਤੀਜਾ ਤਦ ਤਕ ਨਹੀਂ ਮਿਲਦਾ ਜਦੋਂ ਤਕ ਕੋਈ ਸਮਰਪਿਤ ਟੀਮ ਨਹੀਂ ਮਿਲਦੀ। ਪੀਐੱਮਓ ਸਟਾਫ਼ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੁਪਨੇ ਕਿੰਨੇ ਹੀ ਸੁਹਾਨੇ ਕਿਉਂ ਨਾ ਹੋਣ, ਤਦ ਤਕ ਪੂਰੇ ਨਹੀਂ ਹੁੰਦੇ ਜਦੋਂ ਤਕ ਸਾਥੀਆਂ ਦੀ ਸੋਚ ਕੰਮ ਨੂੰ ਲੈ ਕੇ ਇਕੋ ਜਿਹੀ ਨਹੀਂ ਹੁੰਦੀ। ਨੀਤੀ ਅਤੇ ਉਸ ਦੇ ਅਮਲ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਜੋ ਵੀ ਵਿਚਾਰ ਰੱਖਣ ਉਹ 10-15 ਮਿੰਟ 'ਚ ਹੀ ਰੱਖੇ ਜਾਂਦੇ ਹਨ ਪਰ ਉਸ ਇਕ ਲਾਈਨ ਨੂੰ ਫੜ ਕੇ ਨੀਤੀ ਦਾ ਰੂਪ ਦੇਣਾ ਇਕ ਲੰਬੀ ਪ੍ਰਕਿਰਿਆ ਹੁੰਦੀ ਹੈ। ਇਹ ਸਭ ਟੀਮ ਦੇ ਬਿਨਾਂ ਸੰਭਵ ਨਹੀਂ ਹੁੰਦਾ।

ਮੋਦੀ ਨੇ ਕਿਹਾ, 'ਤੁਸੀਂ ਲੋਕਾਂ ਨੇ ਹਮੇਸ਼ਾ ਮੈਨੂੰ ਤਾਕਤ ਦਿੱਤੀ ਹੈ। ਤੁਸੀਂ ਮੈਨੂੰ ਕਦੇ ਇਕੱਲਾਪਨ ਮਹਿਸੂਸ ਨਹੀਂ ਹੋਣ ਦਿੱਤਾ, ਕੰਮ ਦਾ ਬੋਝ ਮੇਰੇ 'ਤੇ ਨਹੀਂ ਆਉਣ ਦਿੱਤਾ। ਜਿਸ ਇਰਾਦੇ ਨਾਲ 2014 'ਚ ਚੱਲੇ ਸੀ 2019 ਤਕ ਅਸੀਂ ਆਪਣੇ ਰਸਤੇ 'ਚ ਜ਼ਰਾ ਵੀ ਭਟਕਾਅ ਨਹੀਂ ਆਉਣ ਦਿੱਤਾ। ਅਸੀਂ ਸਮਰਪਣ ਵਧਾਉਂਦੇ ਗਏ, ਲੋਕਾਂ ਦੀਆਂ ਉਮੀਦਾਂ ਕਾਰਨ ਕੰਮ ਦਾ ਦਬਾਅ ਵੱਧਦਾ ਗਿਆ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਵਿਸ਼ਵਾਸ ਕਾਰਨ ਜਦੋਂ ਦਬਾਅ ਵੱਧਦਾ ਹੈ ਤਾਂ ਉਹ ਊਰਜਾ 'ਚ ਬਦਲ ਜਾਂਦਾ ਹੈ। ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈ ਕਿ ਦੇਸ਼ ਦੀਆਂ ਉਮੀਦਾਂ ਦਾ ਦਬਾਅ ਸਾਡੇ ਲਈ ਬੋਝ ਨਹੀਂ ਬਣਿਆ ਬਲਕਿ ਸਾਡੀ ਊਰਜਾ ਬਣ ਗਿਆ।

ਪੀਐੱਮ ਨੇ ਮੁਲਾਜ਼ਮਾਂ ਦੇ ਪਰਿਵਾਰ ਨੂੰ ਵੀ ਧੰਨਵਾਦ ਦਿੱਤਾ ਅਤੇ ਕਿਹਾ ਕਿ ਤੁਸੀਂ ਬਹੁਤ ਕੁਝ ਕੀਤਾ ਹੈ ਅਤੇ ਬਹੁਤ ਕੁਝ ਛੱਡਿਆ ਵੀ ਹੈ। ਤੁਸੀਂ ਛੁੱਟੀਆਂ ਨਹੀਂ ਮਨਾ ਸਕੇ, ਬੱਚਿਆਂ ਦੇ ਜਨਮ ਦਿਨ 'ਚ ਸ਼ਾਮਲ ਨਹੀਂ ਹੋ ਸਕੇ ਪਰ ਜ਼ਿੰਮੇਵਾਰੀ ਨਿਭਾਉਣ ਤੋਂ ਕਦੇ ਪਿੱਛੇ ਨਹੀਂ ਹਟੇ।