ਨਵੀਂ ਦਿੱਲੀ : 17ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਬਰਕਰਾਰ ਨਜ਼ਰ ਆ ਰਿਹਾ ਹੈ। ਵੋਟਰਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ 'ਨਿਆ' ਯੋਜਨਾ ਅਤੇ ਉਨ੍ਹਾਂ ਦੀ ਨਕਾਰਾਤਮਕ ਸਿਆਸਤ ਨੂੰ ਖ਼ਾਰਜ ਕਰ ਦਿੱਤਾ ਹੈ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਰਾਸ਼ਟਰਵਾਦ ਅਤੇ ਵਿਕਾਸ ਦੇ ਏਜੰਡੇ ਨੂੰ ਖੁੱਲ੍ਹੇ ਮਨ ਨਾਲ ਸਵੀਕਾਰ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ 542 ਸੀਟਾਂ ਦੇ ਰੁਝਾਨਾਂ ਮੁਤਾਬਕ ਭਾਜਪਾ 292 ਸੀਟਾਂ 'ਤੇ ਬੜ੍ਹਤ ਬਣਾ ਕੇ ਚੱਲ ਰਹੀ ਹੈ, ਜਦਕਿ ਕਾਂਗਰਸ ਸਿਰਫ਼ 51 ਸੀਟਾਂ 'ਤੇ ਅੱਗੇ ਹੈ। ਜੇਕਰ ਐੱਨਡੀਏ ਦੀਆਂ ਭਾਈਵਾਲ ਪਾਰਟੀਆਂ ਦੀਆਂ ਸੀਟਾਂ ਵੀ ਇਸ ਵਿਚ ਜੋੜ ਲਈਆਂ ਜਾਣ ਤਾਂ ਇਹ ਅੰਕੜਾ 343 ਤਕ ਪੁੱਜ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਮੁਹਿੰਮ ਵਿਚ ਲੱਗੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਆਂਧਰ ਪ੍ਰਦੇਸ਼ 'ਚ ਆਪਣੀ ਸਰਕਾਰ ਬਚਾ ਸਕਣ ਵਿਚ ਵੀ ਨਾਕਾਮ ਸਾਬਿਤ ਹੋ ਰਹੇ ਹਨ। ਆਂਧਰ 'ਚ ਵਾਈਐੱਸਆਰ ਕਾਂਗਰਸ ਨੇ ਇਕ ਤਰ੍ਹਾਂ ਨਾਲ ਟੀਡੀਪੀ ਦਾ ਸਫ਼ਾਇਆ ਕਰ ਦਿੱਤਾ ਹੈ।

ਆਖ਼ਰੀ ਨਤੀਜਿਆਂ ਤਕ ਜੇਕਰ ਇਹੀ ਰੁਝਾਨ ਬਰਕਰਾਰ ਰਹੇ ਤਾਂ ਭਾਜਪਾ 2014 ਤੋਂ ਵੀ ਬਿਹਤਰ ਪ੍ਰਦਰਸ਼ਨ ਕਰਨ ਜਾ ਰਹੀ ਹੈ ਕਿਉਂਕਿ ਉਦੋਂ ਭਾਜਪਾ ਨੇ ਸਿਰਫ਼ 282 ਸੀਟਾਂ ਹਾਸਲ ਕੀਤੀਆਂ ਸਨ ਅਤੇ ਐੱਨਡੀਏ ਨੂੰ ਕੁਲ 336 ਸੀਟਾਂ ਹਾਸਲ ਹੋਈਆਂ ਸਨ। ਸ਼ੇਅਰ ਬਾਜ਼ਾਰ ਨੇ ਵੀ ਰੁਝਾਨਾਂ 'ਤੇ ਸ਼ਾਨਦਾਰ ਪ੍ਰਤੀਕ੍ਰਮ ਦਿੱਤਾ ਹੈ ਅਤੇ ਬੀਐੱਸਈ ਦਾ ਸੈਂਸੇਕਸ ਪਹਿਲੀ ਵਾਰੀ 40 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਿਆ। ਐੱਨਐੱਸਈ ਨੇ ਵੀ 12 ਹਜ਼ਾਰ ਦੇ ਅੰਕੜੇ ਨੂੰ ਪਿੱਛੇ ਛੱਡ ਦਿੱਤਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਭਾਜਪਾ ਦੀ ਸ਼ਾਨਦਾਰ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ ਅਤੇ ਲੋਕਾਂ ਦਾ ਧੰਨਵਾਦ ਕੀਤਾ ਹੈ।

ਸਿਆਸੀ ਤੌਰ 'ਤੇ ਸੰਵੇਦਨਸ਼ੀਲ ਉੱਤਰ ਪ੍ਰਦੇਸ਼ 'ਚ ਭਾਜਪਾ 80 'ਚ 56 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਸਪਾ-ਬਸਪਾ ਗਠਜੋੜ ਸਿਰਫ਼ 20 ਸੀਟਾਂ 'ਤੇ ਬੜ੍ਹਤ ਬਣਾ ਕੇ ਚੱਲ ਰਿਹਾ ਹੈ। ਇਨ੍ਹਾਂ 'ਚ ਸਮਾਜਵਾਦੀ ਪਾਰਟੀ ਅੱਠ ਅਤੇ ਬਸਪਾ 12 ਸੀਟਾਂ 'ਤੇ ਅੱਗੇ ਹੈ। ਹਾਲਾਂਕਿ 2014 ਦੀਆਂ ਚੋਣਾਂ 'ਚ ਭਾਜਪਾ ਨੇ ਉੱਤਰ ਪ੍ਰਦੇਸ਼ 'ਚ 72 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਪਰ ਫਿਰ ਵੀ ਭਾਜਪਾ ਦਾ ਇਸ ਵਾਰੀ ਦਾ ਪ੍ਰਦਰਸ਼ਨ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਹੁਤ ਬਿਹਤਰ ਹੈ। ਸੂਬੇ 'ਚ ਕਾਂਗਰਸ ਸਿਰਫ਼ ਇਕ ਸੀਟ 'ਤੇ ਅੱਗੇ ਚੱਲ ਰਹੀ ਹੈ, ਇੱਥੇ ਤਕ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਆਪਣੀ ਅਮੇਠੀ ਸੀਟ ਤੋਂ ਭਾਜਪਾ ਦੀ ਸਮਿ੍ਤੀ ਈਰਾਨੀ ਤੋਂ ਪਿੱਛੇ ਚੱਲ ਰਹੇ ਹਨ। ਹਾਲਾਂਕਿ ਕੇਰਲ 'ਚ ਵਾਇਨਾਡ ਸੀਟ ਤੋਂ ਉਨ੍ਹਾਂ ਨੇ ਬੜ੍ਹਤ ਬਣਾ ਲਈ ਹੈ।

ਮੋਦੀ ਮੈਜਿਕ ਸਿਰਫ਼ ਹਿੰਦੀ ਪੱਟੀ ਅਤੇ ਗੁਜਰਾਤ 'ਚ ਹੀ ਨਹੀਂ, ਬਲਕਿ ਪੱਛਮੀ ਬੰਗਾਲ, ਓਡੀਸ਼ਾ, ਮਹਾਰਾਸ਼ਟਰ ਅਤੇ ਕਰਨਾਟਕ 'ਚ ਵੀ ਦਿਖਾਈ ਦੇ ਰਿਹਾ ਹੈ। ਸਿਰਫ਼ ਕੇਰਲ, ਤਾਮਿਲਨਾਡੂ ਅਤੇ ਆਂਧਰ ਪ੍ਰਦੇਸ਼ 'ਚ ਇਸਦਾ ਅਸਰ ਨਹੀਂ ਦਿਸਿਆ। ਇਹੀ ਨਹੀਂ, ਤੇਲੰਗਾਨਾ 'ਚ ਵੀ ਭਾਜਪਾ ਚਾਰ ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਓਡੀਸ਼ਾ ਦੀਆਂ 21 ਸੀਟਾਂ 'ਚੋਂ ਭਾਜਪਾ ਨੌਂ ਅਤੇ ਬੀਜੂ ਜਨਤਾ ਦਲ 11 ਸੀਟਾਂ 'ਤੇ ਬੜ੍ਹਤ ਬਣਾ ਕੇ ਚੱਲ ਰਹੀਆਂ ਹਨ। 2014 'ਚ ਬੀਜੂ ਜਨਤਾ ਦਲ ਨੂੰ 20 ਅਤੇ ਭਾਜਪਾ ਨੂੰ ਸਿਰਫ਼ ਇਕ ਸੀਟ ਮਿਲੀ ਸੀ। ਪੱਛਮੀ ਬੰਗਾਲ ਦੀਆਂ 42 ਸੀਟਾਂ 'ਚੋਂ ਤਿ੍ਣਮੂਲ ਕਾਂਗਰਸ 25 ਅਤੇ ਭਾਜਪਾ 15 'ਤੇ ਅੱਗੇ ਚੱਲ ਰਹੀ ਹੈ। ਸੂਬੇ ਤੋਂ ਖੱਬੇ-ਪੱਖੀਆਂ ਦਾ ਸਫ਼ਾਇਆ ਹੁੰਦਾ ਦਿਖਾਈ ਦੇ ਰਿਹਾ ਹੈ। ਤਾਮਿਲਨਾਡੂ 'ਚ ਹਾਕਮ ਅੰਨਾਡੀਐੱਮਕੇ ਨੂੰ ਝਟਕਾ ਲੱਗਾ ਹੈ। ਉੱਥੇ 20 ਸੀਟਾਂ 'ਤੇ ਡੀਐੱਮਕੇ ਅੱਗੇ ਚੱਲ ਰਹੀ ਹੈ।