ਕੋਲਕਾਤਾ : ਪੱਛਮੀ ਬੰਗਾਲ 'ਚ ਭਾਜਪਾ ਅਤੇ ਤਿ੍ਣਮੂਲ ਕਾਂਗਰਸ ਵਿਚਾਲੇ ਸਿਆਸੀ ਜੰਗ ਛਿੜੀ ਹੈ। ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹੋਏ ਹੰਗਾਮੇ ਨੂੰ ਲੈ ਕੇ ਭਾਜਪਾ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਣਮੂਲ 'ਤੇ ਦੋਸ਼ ਲਾਇਆ ਹੈ। ਉਥੇ, ਤਿ੍ਣਮੂਲ ਮੁਖੀ ਮਮਤਾ ਬੈਨਰਜੀ ਨੇ ਵੀ ਭਾਜਪਾ 'ਤੇ ਜੰਮ ਕੇ ਹਮਲਾ ਕੀਤਾ ਹੈ।

ਮਮਤਾ ਨੇ ਭਾਜਪਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, 'ਤੁਹਾਡਾ ਨਸੀਬ ਚੰਗਾ ਹੈ ਕਿ ਮੈਂ ਇੱਥੇ ਸ਼ਾਂਤ ਬੈਠੀ ਹਾਂ। ਵਰਨਾ ਇਕ ਸੈਕਿੰਡ ਵਿਚ ਦਿੱਲੀ ਵਿਚ ਭਾਜਪਾ ਦਫ਼ਤਰ ਅਤੇ ਤੁਹਾਡੇ ਘਰਾਂ 'ਤੇ ਕਬਜ਼ਾ ਕਰ ਸਕਦੀ ਹਾਂ। ਮਮਤਾ ਨੇ ਭਾਜਪਾ ਪ੍ਰਧਾਨ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਕੀ ਭਗਵਾਨ ਹੈ ਜੋ ਉਨ੍ਹਾਂ ਖ਼ਿਲਾਫ਼ ਕੋਈ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ? ਮਮਤਾ ਬੈਨਰਜੀ ਦਾ ਇਹ ਬਿਆਨ ਕੋਲਕਾਤਾ ਵਿਚ ਅਮਿਤ ਸ਼ਾਹ ਦੇ ਰੋਡ ਸ਼ੋਅ ਵਿਚ ਹੋਈ ਹਿੰਸਾ ਤੋਂ ਬਾਅਦ ਸਾਹਮਣੇ ਆਇਆ ਹੈ।

ਜ਼ਿਕਰਯੋਗ ਹੈ ਕਿ ਜਦੋਂ ਤੋਂ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਹੀ ਬੰਗਾਲ ਵਿਚ ਹਰ ਪੜਾਅ ਦੇ ਮਤਦਾਨ ਵਿਚ ਇੱਥੇ ਹਿੰਸਾ ਹੋਈ ਹੈ। ਮੰਗਲਵਾਰ ਦੇਰ ਸ਼ਾਮ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਮਮਤਾ ਨੇ ਕਿਹਾ, 'ਅਮਿਤ ਸ਼ਾਹ ਇੰਨੇ ਅਸੱਭਿਆ ਹਨ ਕਿ ਉਨ੍ਹਾਂ ਵਿਦਿਆਸਾਗਰ ਦੀ ਮੂਰਤੀ ਤੁੜਵਾ ਦਿੱਤੀ। ਉਹ ਸਾਰੇ ਬਾਹਰੀ ਲੋਕ ਹਨ। ਭਾਜਪਾ ਮਤਦਾਨ ਵਾਲੇ ਦਿਨ ਲਈ ਉਨ੍ਹਾਂ ਨੂੰ ਲਿਆਈ ਹੈ। ਉਧਰ, ਮੰਗਲਵਾਰ ਨੂੰ ਹੋਈ ਹਿੰਸਾ ਵਿਚ ਵਿਦਿਆਸਾਗਰ ਦੀ ਮੂਰਤੀ ਤੋੜੇ ਜਾਣ ਦੇ ਵਿਰੋਧ ਵਿਚ ਤਿ੍ਣਮੂਲ ਕਾਂਗਰਸ ਨੇ ਬੁੱਧਵਾਰ ਨੂੰ ਮਮਤਾ ਦੀ ਅਗਵਾਈ ਵਿਚ ਵਿਰੋਧ ਜਲੂਸ ਕੱਢਿਆ।