ਕੋਲਕਾਤਾ : ਮੈਂ ਮੋਦੀ ਨੂੰ ਬੰਗਾਲ ਦੀ ਸੰਸਕ੍ਰਿਤੀ ਨਾਲ ਖੇਡਣ ਨਹੀਂ ਦਿਆਂਗੀ। ਭਲੇ ਹੀ ਇਸ ਲਈ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ। ਦਮਦਮ ਸੰਸਦੀ ਖੇਤਰ ਦੇ ਆਗਰਪਾੜਾ ਸਥਿਤ ਵਿਦਿਆਸਾਗਰ ਖੇਡ ਮੈਦਾਨ ਵਿਚ ਬੁੱਧਵਾਰ ਨੂੰ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਤੇ ਤਿ੍ਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਉਕਤ ਗੱਲ ਕਹੀ।

ਉਨ੍ਹਾਂ ਕਿਹਾ ਕਿ ਭਾਜਪਾ ਬਾਹਰ ਤੋਂ ਲੋਕਾਂ ਨੂੰ ਸੱਦ ਕੇ ਵਿਦਿਆਸਾਗਰ ਵਰਗੇ ਮਹਾਨ ਵਿਦਵਾਨ ਦੀ ਮੂਰਤੀ ਤੁੜਵਾਉਂਦੀ ਹੈ। ਰਹੀ ਗੱਲ ਬੰਗਾਲ ਦੇ ਲੋਕਾਂ ਦੀ ਤਾਂ ਕੋਈ ਵੀ ਵਿਦਿਆਸਾਗਰ ਦੀ ਮੂਰਤੀ 'ਤੇ ਹੱਥ ਨਹੀਂ ਲਗਾਏਗਾ, ਕਿਉਂਕਿ ਇੱਥੋਂ ਦਾ ਬੱਚਾ-ਬੱਚਾ ਬੰਗਾਲ ਦੀ ਸੰਸਕ੍ਰਿਤੀ ਵਿਚ ਵਿਦਿਆਸਾਗਰ ਦੇ ਯੋਗਦਾਨ ਦੇ ਬਾਰੇ ਵਿਚ ਜਾਣਦਾ ਹੈ।

ਉਨ੍ਹਾਂ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਵਿਦਿਆਸਾਗਰ ਕਾਲਜ ਵਿਚ ਹੋਈ ਹਿੰਸਾ ਦੀ ਘਟਨਾ ਦਾ ਵੀਡੀਓ ਫੁਟੇਜ ਪੇਸ਼ ਕਰਦੇ ਹੋਏ ਕਿਹਾ ਕਿ ਭਾਜਪਾ ਬੰਗਾਲ ਦੀ ਸੰਸਕ੍ਰਿਤੀ ਨੂੰ ਤਬਾਹ ਕਰਨਾ ਚਾਹ ਰਹੀ ਹੈ। ਵਿਦਿਆਸਾਗਰ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਸਵਾਮੀ ਵਿਵੇਕਾਨੰਦ ਦੇ ਬੰਗਾਲ ਨੂੰ ਵਾਰ-ਵਾਰ ਮੋਦੀ ਤੇ ਉਨ੍ਹਾਂ ਦੇ ਨੇਤਾ ਅਪਮਾਨਿਤ ਕਰ ਰਹੇ ਹਨ, ਪਰ ਅਸੀਂ ਇਹ ਅਪਮਾਨ ਸਹਿਣ ਨਹੀਂ ਕਰਾਂਗੇ। ਜੇਕਰ ਬੰਗਾਲ ਦੀ ਰੱਖਿਆ ਵਿਚ ਮੇਰੀ ਜਾਨ ਵੀ ਜਾਂਦੀ ਹੈ ਤਾਂ ਜਾਵੇ, ਪਰ ਕਿਸੇ ਵੀ ਕੀਮਤ 'ਤੇ ਬੰਗਾਲ ਨੂੰ ਤਬਾਹ ਨਹੀਂ ਹੋਣ ਦਿਆਂਗੀ।

ਕਦੇ ਮਾਕਪਾ ਨੇ ਬੰਗਾਲ ਦੀ ਸੰਸਕ੍ਰਿਤੀ ਨੂੰ ਨਸ਼ਟ ਕਰਨ ਦਾ ਕੰਮ ਕੀਤਾ ਸੀ। ਉਥੇ ਮੋਦੀ ਦੇ ਅਮਿਤ ਸ਼ਾਹ ਦੇ ਰੋਡ ਸ਼ੋਅ 'ਤੇ ਹਮਲੇ ਦੀ ਗੱਲ 'ਤੇ ਉਨ੍ਹਾਂ ਕਿਹਾ, 'ਅਸੀਂ ਸ਼ਾਹ ਨੂੰ ਮਹੱਤਵ ਨਹੀਂ ਦਿੰਦੇ। ਅਜਿਹੇ ਵਿਚ ਹਮਲੇ ਦਾ ਦੋਸ਼ ਬੇਬੁਨਿਆਦ ਹੈ।' ਉਥੇ ਉਨ੍ਹਾਂ ਭਾਜਪਾ 'ਤੇ ਨੋਟ ਦੇ ਬਲ 'ਤੇ ਵੋਟ ਖ਼ਰੀਦਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਸੀਟਾਂ ਹਾਸਲ ਕਰਨ ਲਈ ਮੋਦੀ ਪਾਣੀ ਦੀ ਤਰ੍ਹਾਂ ਪੈਸਾ ਵਹਾ ਰਹੇ ਹਨ ਅਤੇ ਉਸ ਪੈਸੇ ਨਾਲ ਵੋਟਰਾਂ ਨੂੰ ਖ਼ਰੀਦਣ ਵਿਚ ਲੱਗੇ ਹੋਏ ਹਨ, ਪਰ ਅਸੀਂ ਖ਼ਰੀਦੋ-ਫ਼ਰੋਖਤ ਦੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਕਰਦੇ ਹਾਂ। ਜੇਕਰ ਮੋਦੀ ਸੋਚਦੇ ਹਨ ਕਿ ਨੋਟ ਦੇ ਬਲ 'ਤੇ ਵੋਟ ਹਾਸਲ ਕਰ ਕੇ ਬੰਗਾਲ ਫ਼ਤਿਹ ਕਰ ਲੈਣਗੇ ਤਾਂ ਆਗਾਮੀ 23 ਮਈ ਨੂੰ ਉਨ੍ਹਾਂ ਦਾ ਇਹ ਸੁਪਨਾ ਟੁੱਟ ਜਾਵੇਗਾ।