ਨਵੀਂ ਦਿੱਲੀ : Lok Sabha Elections 2019 : ਲੋਕ ਸਭਾ ਚੋਣਾਂ-2019 ਤਹਿਤ ਦਿੱਲੀ ਦੀਆਂ ਸੱਤਾਂ ਸੀਟਾਂ

'ਤੇ 12 ਮਈ ਨੂੰ ਮਤਦਾਨ ਹੋਵੇਗਾ ਜਿਸ ਵਿਚ ਇਕ ਮਹੀਨੇ ਦਾ ਸਮਾਂ ਬਾਕੀ ਹੈ। ਅਜਿਹੇ ਵਿਚ ਦਿੱਲੀ ਵਿਚ ਕਾਂਗਰਸ ਵੱਲੋਂ ਆਪਣੇ ਸੱਤਾਂ ਉਮੀਦਵਾਰਾਂ ਦੇ ਐਲਾਨ ਦੇ ਨਾਲ ਹੀ ਇੱਥੇ ਸਿਆਸੀ ਸਰਗਰਮੀਆਂ ਵੀ ਵਧ ਗਈਆਂ ਹਨ।

ਅਜਿਹਾ ਇਸ ਲਈ ਕਿਉਂਕਿ ਆਮ ਆਦਮੀ ਪਾਰਟੀ (AAP) ਨਾਲ ਗਠਜੋੜ ਦੀਆਂ ਸੰਭਾਵਨਾਵਾਂ 'ਤੇ ਵਿਰਾਮ ਲੱਗਦਿਆਂ ਹੀ ਕਾਂਗਰਸ ਨੇ ਆਪਣਾ ਟਰੰਪ ਕਾਰਡ ਖੇਡ ਦਿੱਤਾ ਹੈ। ਪੂਰਬੀ ਦਿੱਲੀ ਸੀਟ ਤੋਂ ਪਾਰਟੀ ਸੂਬਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਲੋਕ ਸਭਾ ਚੋਣਾਂ ਲੜਨ ਦਾ ਮਨ ਬਣਾ ਲਿਆ ਹੈ। ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਦਿੱਲੀ ਵਿਚ ਕਾਂਗਰਸ ਦਾ ਨਵਾਂ ਚਿਹਰਾ ਹੋਣਗੇ। ਉਨ੍ਹਾਂ ਨੂੰ ਦੱਖਣੀ ਜਾਂ ਪੱਛਮੀ ਦਿੱਲੀ ਤੋਂ ਚੋਣ ਲੜਵਾਈ ਜਾ ਸਕਦੀ ਹੈ।

ਜਾਣਕਾਰੀ ਮੁਤਾਬਿਕ ਸਾਬਕਾ ਸੰਸਦ ਮੈਂਬਰਾਂ 'ਤੇ ਦਾਅ ਖੇਡਣ ਦੀ ਰਣਨੀਤੀ ਤਹਿਤ ਵੀਰਵਾਰ ਸ਼ਾਮ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਪਾਰਟੀ ਆਹਲਾਕਮਾਂਡ ਰਾਹੁਲ ਗਾਂਧੀ ਨੇ ਜਿੱਥੇ ਤਿੰਨ ਸੀਟਾਂ 'ਤੇ ਸਾਬਕਾ ਸੰਸਦ ਮੈਂਬਰਾਂ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਉੱਥੇ ਇਕ ਸੀਟ ਤੋਂ ਸਾਬਕਾ ਮੰਤਰੀ ਰਾਜਕੁਮਾਰ ਚੌਹਾਨ ਦੀ ਟਿਕਟ ਤੈਅ ਕਰ ਦਿੱਤੀ ਪਰ ਤਿੰਨ ਸੀਟਾਂ 'ਤੇ ਆਹਲਾਕਮਾਂਡ ਨੇ ਆਪਣਾ ਫ਼ੈਸਲਾ ਸੁਰੱਖਿਅਤ ਕਰ ਲਿਆ। ਹਾਲਾਂਕਿ ਆਪਣੀ ਇੱਛਾ ਉਨ੍ਹਾਂ ਜ਼ਾਹਿਰ ਕਰ ਦਿੱਤੀ ਜਿਸ ਅਨੁਸਾਰ ਸ਼ੁੱਕਰਵਾਰ ਨੂੰ ਇਨ੍ਹਾਂ ਤਿੰਨਾਂ ਸੀਟਾਂ ਦੇ ਨਾਂ ਵੀ ਤੈਅ ਹੋ ਜਾਣਗੇ।

ਸੂਤਰਾਂ ਮੁਤਾਬਿਕ ਪੂਰਬੀ ਦਿੱਲੀ ਸੀਟ ਤੋਂ ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਦੇ ਚੋਣ ਲੜਨ ਤੋਂ ਮਨ੍ਹਾਂ ਕਰ ਦੇਣ 'ਤੇ ਰਾਹੁਲ ਗਾਂਧੀ ਨੇ ਸ਼ੀਲਾ ਦੀਕਸ਼ਿਤ ਨੂੰ ਇੱਥੋਂ ਮੈਦਾਨ ਵਿਚ ਉਤਰਨ ਨੂੰ ਕਿਹਾ ਹੈ। ਹਾਲਾਂਕਿ ਸ਼ੀਲਾ ਨੇ ਤੁਰੰਤ ਹਾਂ ਨਾ ਕਰਦੇ ਹੋਏ, ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਲਈ ਥੋੜ੍ਹਾ ਸਮਾਂ ਮੰਗਿਆ ਹੈ।

ਸੂਤਰ ਦੱਸਦੇ ਹਨ ਕਿ ਖ਼ੁਦ ਆਹਲਾਕਮਾਂਡ ਦੀ ਅਪੀਲ ਹੋਣ ਕਾਰਨ ਸ਼ੀਲਾ ਸ਼ੁੱਕਰਵਾਰ ਨੂੰ ਆਪਣੀ ਸਹਿਮਦੀ ਦੇ ਦੇਵੇਗੀ। ਸ਼ੀਲਾ ਦੇ ਇਸ ਸੀਟ ਤੋਂ ਉਮੀਦਵਾਰ ਬਣਨ ਤੋਂ ਬਾਅਦ ਇੱਥੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਦੀ ਰਾਹ ਆਸਾਨ ਨਹੀਂ ਹੋਵੇਗੀ ਉੱਥੇ ਭਾਜਪਾ ਨੂੰ ਵੀ ਆਪਣਾ ਉਮੀਦਵਾਰ ਐਲਾਨਣ ਲਈ ਮੁੜ ਵਿਚਾਰ ਕਰਨਾ ਪੈ ਸਕਦਾ ਹੈ।

ਭਰੋਸੇਮੰਦ ਸੂਤਰਾਂ ਮੁਤਾਬਿਕ ਇਸੇ ਤਰ੍ਹਾਂ ਰਾਹੁਲ ਗਾਂਧੀ ਨੇ ਪੱਛਮੀ ਦਿੱਲੀ ਸੀਟ ਤੋਂ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਉਮੀਦਵਾਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਜਦਕਿ ਦੱਖਣੀ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਰਮੇਸ਼ ਕੁਮਾਰ ਦੇ ਨਾਂ ਨਾਲ ਏਆਈਸੀਸੀ ਸਕੱਤਰ ਅਤੇ ਦਿੱਲੀ ਦੇ ਸਹਿ-ਇੰਚਾਰਜ ਕੁਲਜੀਤ ਸਿੰਘ ਨਾਗਰਾ ਸਹਿਮਤ ਨਹੀਂ ਸਨ ਇਸ ਲਈ ਉਨ੍ਹਾਂ ਦੇ ਨਾਂ 'ਤੇ ਪੇਚ ਫਸ ਗਿਆ।

ਸੂਤਰ ਦੱਸਦੇ ਹਨ ਕਿ ਸੀਈਸੀ ਦੀ ਬੈਠਕ ਤੋਂ ਬਾਅਦ ਸੂਬਾ ਇੰਚਾਰਜ ਪੀਸੀ ਚਾਕੋ ਦੇ ਘਰ ਦੇਰ ਰਾਤ ਤਕ ਚੱਲੀ ਬੈਠਕ ਵਿਚ ਰਣਨੀਤੀ ਬਣੀ ਹੈ ਕਿ ਪੱਛਮੀ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰਾ ਨੂੰ ਹੀ ਟਿਕਟ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਦੀ ਉੱਥੇ ਚੰਗੀ ਪੈਠ ਹੈ ਅਤੇ ਦਿੱਲੀ ਵਿਚ ਪਾਰਟੀ ਦਾ ਇਕਲੌਤਾ ਪੂਰਵਾਂਚਲੀ ਚਿਹਰਾ ਵੀ ਉੱਥੇ ਹੈ।

Posted By: Seema Anand