ਕੋਲਕਾਤਾ : Lok Sabha Elections 2019 : ਬੰਗਾਲ ਵਿਚ ਤਿੰਨ ਚੋਣ ਰੈਲੀਆਂ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੇ ਪੜਾਅ ਦੇ ਪ੍ਰਚਾਰ ਲਈ ਇਕ ਵਾਰੀ ਫਿਰ ਬੰਗਾਲ ਪਹੁੰਚੇ। ਦੱਖਣੀ ਦਿਨਾਜਪੁਰ ਜ਼ਿਲ੍ਹੇ ਦੇ ਨਾਰਾਇਣਪੁਰ ਵਿਚ ਪੀਐੱਮ ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਮਮਤਾ ਬੈਨਰਜੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਵਿਚ ਗ਼ਰੀਬਾਂ ਨੂੰ ਗ਼ਰੀਬ ਬਣਾਈ ਰੱਖਣ ਦੀ ਸਾਜ਼ਿਸ਼ ਰਚੀ ਜਾਂਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਕਹਿ ਰਿਹਾ ਹੈ ਕਿ ਇਸ ਵਾਰੀ ਪੱਛਮੀ ਬੰਗਾਲ ਵਿਚ ਕੁਝ ਵੱਡਾ ਹੋ ਰਿਹਾ ਹੈ। ਜੋ ਹੋ ਰਿਹਾ ਹੈ ਉਹ ਤੁਹਾਡੇ ਇਸ ਪਿਆਰ ਕਾਰਨ ਸਾਫ਼ ਦਿਖਾਈ ਦੇ ਰਿਹਾ ਹੈ। ਮਮਤਾ ਦੀਦੀ ਨੇ ਪੱਛਮੀ ਬੰਗਾਲ ਦੇ ਮਾਡਲ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਇਰਾਦਾ ਕੀਤਾ ਹੈ। ਗ਼ਰੀਬਾਂ ਨੂੰ ਗ਼ਰੀਬ ਰੱਖਿਆ ਜਾਂਦਾ ਹੈ ਅਤੇ ਧਾਰਮਿਕ ਮਾਰਚ ਕੱਢਣਾ ਮੁਸ਼ਕਲ ਹੁੰਦਾ ਹੈ। ਇਹ ਉਹ ਮਾਡਲ ਹੈ ਜਿਸ ਦਾ ਉਹ ਜ਼ਿਕਰ ਕਰ ਰਹੀ ਹੈ।

ਪੁਰੁਲੀਆ 'ਚ ਭਾਜਪਾ ਵਰਕਰ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਬੰਗਾਲ ਵਿਚ ਪਹਿਲੇ ਅਤੇ ਦੂਸਰੇ ਪੜਾਅ ਵਿਚ ਮਤਦਾਨ ਦੀ ਜੋ ਰਿਪੋਰਟ ਆਈ ਹੈ, ਉਸ ਨਾਲ ਸਪੀਡ ਬ੍ਰੇਕਰ ਦੀਦੀ ਦੀ ਨੀਂਦ ਉੱਢ ਗਈ ਹੈ। ਇਸੇ ਬੁਖ਼ਲਾਹਟ ਵਿਚ ਕਿਸ ਤਰ੍ਹਾਂ ਦੇ ਸੰਗੀਨ ਅਪਰਾਧ ਹੋ ਰਹੇ ਹਨ, ਉਹ ਵੀ ਦੇਸ਼ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰੀ ਪੱਛਮੀ ਬੰਗਾਲ ਦੇ ਲੋਕਾਂ ਨੇ ਸਪੀਡ ਬ੍ਰੇਕਰ ਦੀਦੀ ਨੂੰ ਸਮਝਾਉਣ ਦੀ ਠਾਣ ਲਈ ਹੈ ਕਿ ਜਨਤਾ ਨਾਲ ਗੁੰਡਾਗਰਦੀ ਕਰਨ ਦਾ, ਉਨ੍ਹਾਂ ਦੇ ਪੈਸੇ ਲੁੱਟਣ ਦਾ ਅਤੇ ਉਨ੍ਹਾਂ ਦਾ ਵਿਕਾਸ ਰੋਕਣ ਦਾ ਨਤੀਜਾ ਕੀ ਹੁੰਦਾ ਹੈ।

ਪੱਛਮੀ ਬੰਗਾਲ ਦੇ ਘੁਟਾਲਿਆਂ ਦਾ ਜ਼ਿਕਰ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਪਹਿਲਾਂ ਗ਼ਰੀਬਾਂ ਦੇ ਪਸੀਨੇ ਦੀ ਕਮਾਈ ਨਾਰਦਾ, ਸਾਰਦਾ ਅਤੇ ਰੋਜ਼ਵੈੱਲੀ ਨੇ ਲੁੱਟ ਲਈ ਅਤੇ ਫਿਰ ਦੀਦੀ ਨੇ ਘੁਟਾਲੇਬਾਜ਼ਾਂ ਨੂੰ ਹੀ ਸੰਸਦ ਮੈਂਬਰ ਅਤੇ ਮੰਤਰੀ ਬਣਾ ਦਿੱਤਾ। ਉਨ੍ਹਾਂ ਕੋਲ ਗੁੰਡਿਆਂ ਨੂੰ ਦੇਣ ਲਈ ਪੈਸਾ ਹੈ ਪਰ ਮੁਲਾਜ਼ਮਾਂ ਨੂੰ DA ਦੇਣ ਲਈ ਪੈਸਾ ਨਹੀਂ ਹੈ।

ਸਰਜੀਕਲ ਸਟ੍ਰਾਈਕ ਅਤੇ ਏਅਰ ਸਟ੍ਰਾਈਕ 'ਤੇ ਸਬੂਤ ਮੰਗਣ ਸਬੰਧੀ ਪੀਐੱਮ ਮੋਦੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਵੀਰ ਸਪੂਤਾਂ ਨੇ ਪਾਕਿਸਤਾਨ ਵਿਚ ਵੜ ਕੇ ਅੱਤਵਾਦੀਆਂ ਦਾ ਸਫ਼ਾਇਆ ਕੀਤਾ, ਉਦੋਂ ਦੀਦੀ ਉਨ੍ਹਾਂ ਲੋਕਾਂ ਵਿਚੋਂ ਸੀ ਜਿਨ੍ਹਾਂ ਨੇ ਇਸ ਦਾ ਸਬੂਤ ਮੰਗਿਆ। ਪੀਐੱਮ ਮੋਦੀ ਨੇ ਕਿਹਾ, 'ਦੀਦੀ, ਸਬੂਤ ਹੀ ਚਾਹੀਦੇ ਹਨ ਤਾਂ ਚਿਟਫੰਡ ਦੇ ਘੁਟਾਲੇਬਾਜ਼ਾਂ ਦੇ ਸਬੂਤ ਲੱਭੋ।'

Posted By: Seema Anand