ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ 12 ਮਈ ਨੂੰ ਦਿੱਲੀ 'ਚ ਮਤਦਾਨ ਹੋਵੇਗਾ। ਦਿੱਲੀ 'ਚ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਮੁਕਾਬਲਾ ਨਜ਼ਰ ਆ ਰਿਹਾ ਹੈ। ਅਜਿਹੇ 'ਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਕਾਂਗਰਸ ਦੋਵਾਂ 'ਤੇ ਹਮਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਮੋਦੀ ਦੀ ਫਿਰ ਤੋਂ ਸਰਕਾਰ ਆਉਂਦੀ ਹੈ ਤਾਂ ਇਸ ਲਈ ਰਾਹੁਲ ਗਾਂਧੀ ਜ਼ਿੰਮੇਵਾਰ ਹੋਣਗੇ। ਇਨ੍ਹਾਂ ਨੇ ਸਾਰੇ ਸੂਬਿਆਂ 'ਚ ਵਿਰੋਧੀਆਂ ਨੂੰ ਕਮਜ਼ੋਰ ਕਰਨ ਦਾ ਕੰਮ ਕੀਤਾ ਹੈ।

ਵੀਰਵਾਰ ਨੂੰ ਦਿੱਲੀ 'ਚ ਅਰਵਿੰਦ ਕੇਜਰੀਵਾਲ ਨੇ ਮੰਨਿਆ ਕਿ ਕਾਂਗਰਸ ਨਾਲ ਗਠਜੋੜ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਸਾਡੇ ਵਰਕਰ ਨਾਰਾਜ਼ ਸਨ, ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ ਹਰਾਉਣ ਲਈ ਗਠਜੋੜ ਕਰਨਾ ਚਹੁੰਦੇ ਹਾਂ । ਅਸੀਂ 33 ਸੀਟਾਂ 'ਤੇ ਗਠਜੋੜ ਕਰਨਾ ਚਾਹੁੰਦੇ ਸੀ, ਫਿਰ 18 ਸੀਟਾਂ ਦੀ ਗੱਲ ਹੋਈ। ਬਾਵਜੂਦ ਇਸ ਦੇ ਕਾਂਗਰਸ ਰਾਜ਼ੀ ਨਹੀਂ ਹੋਈ। ਅਸੀਂ ਦਿੱਲੀ ਦੀਆਂ ਸੱਤ ਸੀਟਾਂ ਕਾਂਗਰਸ ਨੂੰ ਦੇ ਦਿੰਦੇ, ਜੇਕਰ ਕਾਂਗਰਸ ਜਿੱਤ ਰਹੀ ਹੁੰਦੀ, ਕਿਉਂਕਿ ਅਸੀਂ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਾਂ। ਦਿੱਲੀ 'ਚ ਕੋਈ ਹਿੰਦੂ ਕਾਂਗਰਸ ਨੂੰ ਵੋਟ ਨਹੀਂ ਦੇ ਰਿਹਾ। ਕੁਝ ਵੋਟ ਮੁਸਲਿਮ ਦੇ ਮਿਲ ਰਹੇ ਹਨ। ਅਸੀਂ ਉਨ੍ਹਾਂ ਸਮੇਤ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਨੂੰ ਵੋਟ ਨਾ ਦੇਣ ਕਿਉਂਕਿ ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਹੈ ਮੋਦੀ ਜੀ ਨੂੰ ਜਿਤਾਉਣਾ ਹੈ।

Posted By: Akash Deep