ਵੇਦ ਤਾਇਲ, ਭੀਖੀ : ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਕੇਂਦਰੀ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ ਤਾਂ ਜੋ ਦੇਸ਼ ਮੁੜ ਖੁਸ਼ਹਾਲੀ ਅਤੇ ਤਰੱਕੀ ਦੇ ਰਸਤੇ 'ਤੇ ਆ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿੰਡ ਗੁੜਥੜੀ ਵਿਖੇ 'ਆਪ' ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਹੱਕ 'ਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਮਝੌਤਾ ਹੋ ਚੁੱਕਾ ਹੈ ਕਿ ਉਹ ਇਕ-ਦੂਜੇ ਦੀਆਂ ਪਤਨੀਆਂ ਨੂੰ ਜਿਤਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ 'ਚ ਲੋਕਾਂ ਨੂੰ ਬਿਜਲੀ ਇਕ ਰੁਪਏ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਅਤੇ ਸਿਹਤ ਤੇ ਸਿੱਖਿਆ ਸਹੂਲਤਾਂ ਮੁਫਤ ਹਨ। ਵੱਡੇ ਤੋਂ ਵੱਡਾ ਇਲਾਜ ਵੀ ਨਾਮਾਤਰ ਪੈਸਿਆਂ ਨਾਲ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਦੋਂਕਿ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਲਾਗੂ ਕਰਨ 'ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਜੁਮਲੇ ਸੁਣਾ ਕੇ ਕੇਂਦਰੀ ਸੱਤਾ ਹਾਸਲ ਕੀਤੀ ਪਰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਦਾ ਕੁਝ ਨਹੀਂ ਸੰਵਾਰਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਝੂਠ ਬੋਲ ਕੇ ਸੱਤਾ ਹਾਸਲ ਕੀਤੀ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਲੋਕਾਂ ਨੂੰ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਹੱਕ 'ਚ ਵੋਟ ਦੇ ਕੇ ਵਿਰੋਧੀਆਂ ਨੂੰ ਮਾਤ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ।

ਮਿੱਥੇ ਸਮੇਂ ਤੋਂ 4 ਘੰਟੇ ਦੇਰੀ ਨਾਲ ਪੁੱਜੇ ਕੇਜਰੀਵਾਲ : ਪਿੰਡ ਗੁੜਥੜੀ ਵਿਖੇ ਆਪਣੇ ਮਿਥੇ ਸਮੇਂ ਤੋਂ 4 ਘੰਟੇ ਦੇਰੀ ਨਾਲ ਪੁੱਜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਭਾਸ਼ਣ ਸਿਰਫ 12 ਮਿੰਟ 'ਚ ਹੀ ਸਮੇਟ ਦਿੱਤਾ।

ਨਾਜਰ ਮਾਨਸ਼ਾਹੀਆਂ ਦਾ ਨਾਂ ਲੈਣ ਤੋਂ ਵੀ ਝਿਜਕੇ ਆਗੂ

ਪਿਛਲੇ ਸਮੇਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਦਾ ਸਟੇਜ ਤੋਂ ਨਾਂ ਲੈਣ ਤੋਂ ਵੀ ਆਗੂ ਝਿਜਕਦੇ ਰਹੇ। ਜਦੋਂ ਪ੍ਰੋ. ਬਲਜਿੰਦਰ ਕੌਰ ਦੇ ਭਾਸ਼ਣ ਦੌਰਾਨ ਵਰਕਰਾਂ ਨੇ ਉਨ੍ਹਾਂ ਨੂੰ ਉਕਤ ਵਿਧਾਇਕ ਦੇ ਖਿਲਾਫ ਬੋਲਣ ਲਈ ਕਿਹਾ ਤਾਂ ਉਨ੍ਹਾਂ ਗਲਾ ਖਰਾਬ ਹੋਣ ਦਾ ਕਹਿ ਕੇ ਮਾਫੀ ਮੰਗ ਲਈ ਅਤੇ ਮੰਚ ਸੰਚਾਲਕਾਂ ਨੇ ਉਕਤ ਵਿਧਾਇਕ ਵਿਰੋਧੀ ਨਾਅਰੇ ਲਾ ਕੇ ਵਰਕਰਾਂ ਨੂੰ ਸ਼ਾਂਤ ਕੀਤਾ।

ਭਗਵੰਤ ਮਾਨ ਦੇ ਨਾ ਪੁੱਜਣ ਕਾਰਨ ਨਿਰਾਸ਼ ਪਰਤੇ ਲੋਕ

ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦ ਉਹ ਰੈਲੀ 'ਚ ਪੁੱਜੇ ਹੀ ਨਹੀਂ।

Posted By: Jagjit Singh