ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨਡੀਏ) ਦੇ ਸਭ ਤੋਂ ਪੁਰਾਣੇ ਤੇ ਅਹਿਮ ਸਹਿਯੋਗੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਾਰਟੀ ਲਈ ਇਹ ਲੋਕ ਸਭਾ ਚੋਣਾਂ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ। ਇਹ ਲੋਕ ਸਭਾ ਚੋਣਾਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ-ਭਾਜਪਾ ਗੱਠਜੋੜ ਦੀ ਦਿਸ਼ਾ ਤੇ ਦਸ਼ਾ ਤੈਅ ਕਰਨਗੀਆਂ। ਚੋਣਾਂ 'ਚ ਹੈਰਾਨ ਕਰ ਦੇਣ ਵਾਲੇ ਨਤੀਜਿਆਂ ਦਾ ਐਲਾਨ ਕਰਨ ਵਾਲੇ ਸੁਖਬੀਰ ਬਾਦਲ ਜਿਥੇ ਖ਼ੁਦ ਫਿਰੋਜ਼ਪੁਰ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ, ਉਥੇ ਹੀ ਅੱਜਕਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਉਨ੍ਹਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਆਖਿਰ ਕੀ ਹੈ ਇਸ 'ਮੋਦੀ ਮੈਜਿਕ' ਦੀ ਕਹਾਣੀ ਤੇ ਸੁਖਬੀਰ ਬਾਦਲ ਗੱਠਜੋੜ ਦੀ ਜਿੱਤ ਨੂੰ ਲੈ ਕੇ ਕਿਉਂ ਹਨ ਇੰਨੇ ਆਸਵੰਦ? ਪੇਸ਼ ਹੈ ਪਿੰਡ ਬਾਦਲ ਵਿਖੇ ਇਨ੍ਹਾਂ ਵਿਸ਼ਿਆਂ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ 'ਦੈਨਿਕ ਜਾਗਰਣ' ਦੇ ਸਥਾਨਕ ਸੰਪਾਦਕ ਅਮਿਤ ਸ਼ਰਮਾ ਵੱਲੋਂ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਹੋਈ ਗੱਲਬਾਤ ਦੇ ਕੁਝ ਖ਼ਾਸ ਅੰਸ਼ :

- ਫਿਰ ਇਕ ਵਾਰ ਮੋਦੀ ਸਰਕਾਰ ਦਾ ਨਾਅਰਾ ਤੁਹਾਡੀ ਹਰ ਚੋਣ ਮੀਟਿੰਗ 'ਚ ਗੂੰਜਦਾ ਹੈ। ਉੱਤਰ ਪ੍ਰਦੇਸ਼ ਤੇ ਗੁਜਰਾਤ ਵਰਗੇ ਸੂਬਿਆਂ 'ਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਸੀਟਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਕੀ ਅਸਲ 'ਚ ਅਜਿਹਾ ਸੰਭਵ ਹੋਵੇਗਾ?

-ਇਹ ਮੁੱਖ ਮੰਤਰੀ ਜਾਂ ਪੰਚਾਇਤ ਦੀ ਚੋਣ ਨਹੀਂ ਹੈ। ਦੇਸ਼ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਚੁਣਨਾ ਹੈ। ਜਨਤਾ ਜਾਣਦੀ ਹੈ ਕਿ ਦੇਸ਼ ਦੇ ਵਿਕਾਸ ਤੇ ਦੇਸ਼ ਨੂੰ ਚਲਾਉਣ ਪਿੱਛੇ ਅਸਲੀ ਵਿਜ਼ਨ ਪ੍ਰਧਾਨ ਮੰਤਰੀ ਦਾ ਹੀ ਹੁੰਦਾ ਹੈ। ਮਜ਼ਬੂਤ ਪ੍ਰਧਾਨ ਮੰਤਰੀ ਦੀ ਗੱਲ ਹੋਵੇ ਤਾਂ ਦੇਸ਼ ਕੋਲ ਕੇਵਲ ਇਕ ਹੀ ਬਦਲ ਹੈ, ਉਹ ਹਨ ਨਰਿੰਦਰ ਮੋਦੀ।

ਉਨ੍ਹਾਂ ਅੱਗੇ ਕਿਹਾ, ਰਹੀ ਗੱਲ ਉੱਤਰ ਪ੍ਰਦੇਸ਼ ਤੇ ਗੁਜਰਾਤ ਵਰਗੇ ਸੂਬਿਆਂ ਵਿਚ ਭਾਜਪਾ ਦੀ ਕਾਰਗੁਜ਼ਾਰੀ ਦੀ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਿਆਸਤ 'ਚ ਨਫਾ ਤੇ ਨੁਕਸਾਨ ਤਾਂ ਹੁੰਦਾ ਹੀ ਰਹਿੰਦਾ ਹੈ। ਜੋ ਉਥੋਂ ਹੱਥੋਂ ਨਿਕਲਣਾ ਹੈ, ਉਹ ਦੂਸਰੇ ਪਾਸੇ ਪੰਜਾਬ, ਬੰਗਾਲ, ਓਡੀਸ਼ਾ ਤੇ ਬਿਹਾਰ ਵਰਗੇ ਸੂਬਿਆਂ ਤੋਂ ਐੱਨਡੀਏ ਦੇ ਖਾਤੇ ਵਿਚ ਆਉਣਾ ਹੈ। ਪੰਜਾਬ ਦੀ ਹੀ ਗੱਲ ਕਰ ਲਵੋ, ਪਿਛਲ ਵਾਰ ਛੇ ਸੀਟਾਂ ਸੀ, ਇਸ ਵਾਰ ਦੁੱਗਣੀਆਂ ਹੋਣਗੀਆਂ।

- ਜਿੱਤ ਨੂੰ ਲੈ ਕੇ ਇੰਨੇ ਆਸਵੰਦ ਹੋਣ ਦੀ ਵਜ੍ਹਾ? ਕਮਜ਼ੋਰ ਵਿਰੋਧੀ ਧਿਰ ਦਾ ਅਗਵਾਈਹੀਣ ਹੋਣਾ ਜਾਂ ਨਰਿੰਦਰ ਮੋਦੀ ਦਾ ਪਾਰਟੀ ਤੋਂ ਵੱਡਾ ਚਿਹਰਾ ਬਣ ਕੇ ਉਭਰਨਾ?

-ਚਿਹਰਿਆਂ ਦੀ ਪੇਸ਼ਕਾਰੀ ਨਾਲ ਨਾ ਕਦੇ ਚੋਣ ਤਕਦੀਰਾਂ ਬਦਲੀਆਂ ਹਨ ਤੇ ਨਾ ਹੀ ਕਦੇ ਬਦਲਣਗੀਆਂ...ਅਖ਼ੀਰ 'ਚ ਜਨਤਾ ਫੈਸਲਾ ਪੰਜ ਸਾਲਾਂ ਦੀ ਕਾਰਗੁਜ਼ਾਰੀ 'ਤੇ ਕਰਦੀ ਹੈ। ਨਰਿੰਦਰ ਮੋਦੀ ਨੇ ਕਈ ਵੱਡੇ ਫੈਸਲੇ ਲੈ ਕੇ ਆਪਣੇ ਆਪ ਨੂੰ ਹੁਣ ਤਕ ਦਾ ਸਭ ਤੋਂ ਮਜ਼ਬੂਤ ਪ੍ਰਧਾਨ ਮੰਤਰੀ ਸਾਬਤ ਕੀਤਾ ਹੈ। ਫਿਰ ਭਾਵੇਂ ਗੱਲ ਨੋਟਬੰਦੀ ਦੀ ਹੋਵੇ ਜਾਂ ਫਿਰ ਜੀਐੱਸਟੀ ਦੀ, ਸਰਜੀਕਲ ਸਟ੍ਰਾਈਕ ਦੀ ਹੋਵੇ ਜਾਂ ਬਾਕੀ ਦੇਸ਼ਾਂ 'ਤੇ ਭਾਰਤ ਦੇ ਵੱਧਦੇ ਪ੍ਰਭਾਵ ਦੀ। ਮੋਦੀ ਨੇ ਚੋਣ ਜੰਗ 'ਚ ਇਕ ਅਜਿਹੇ ਸੈਨਾਪਤੀ ਦੀ ਦਿੱਖ ਨੂੰ ਪੇਸ਼ ਕੀਤਾ ਹੈ, ਜੋ ਵਿਰੋਧੀ ਧਿਰਾਂ ਦੇ ਕਿਸੇ ਵੀ ਨੁਮਾਇੰਦੇ 'ਚ ਦੂਰ-ਦੂਰ ਤਕ ਦੇਖਣ ਨੂੰ ਨਹੀਂ ਮਿਲਦੀ। ਇਸੇ ਕਾਰਨ ਐੱਨਡੀਏ ਨਾਲ ਜੁੜਿਆ ਹਰ ਵਿਅਕਤੀ ਜਿੱਤ ਨੂੰ ਲੈ ਕੇ ਆਸਵੰਦ ਹੀ ਨਹੀਂ ਦਿਲੋਂ ਯਤਨਸ਼ੀਲ ਵੀ ਹੈ।

- ਅਜਿਹਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਇਸ ਵਾਰ ਮੋਦੀ ਮੈਜਿਕ ਸਿਰ ਚੜ੍ਹ ਕੇ ਬੋਲ ਰਿਹਾ ਹੈ? ਇਸ ਦੀ ਵਜ੍ਹਾ ਕਿਤੇ ਬੇਅਦਬੀ ਵਰਗੀਆਂ ਘਟਨਾਵਾਂ ਕਾਰਨ ਲੋਕਾਂ 'ਚ ਅਕਾਲੀ ਦਲ ਦੀ ਪੈਠ ਕਮਜ਼ੋਰ ਹੋਣਾ ਤਾਂ ਨਹੀਂ ਹੈ?

-ਇਹ ਤਾਂ ਤੁਹਾਡਾ ਆਪਣਾ ਅੰਦਾਜ਼ਾ ਹੈ। ਮੈਂ ਇਸ ਨੂੰ ਨਹੀਂ ਮੰਨਦਾ। ਨਾ ਤਾਂ ਅਕਾਲੀ ਦਲ ਕਮਜ਼ੋਰ ਹੋਇਆ ਹੈ ਤੇ ਨਾ ਹੀ ਬੀਜੇਪੀ ਨਾਲ ਰਿਸ਼ਤੇ 'ਚ ਕੋਈ ਬਦਲਾਅ ਆਇਆ ਹੈ। ਜਿਵੇਂ 1996 ਵਿਚ ਇਹ ਰਿਸ਼ਤਾ ਸੀ, ਉਸੇ ਤਰ੍ਹਾਂ ਕਾਇਮ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਭਾਰਤੀ ਜਨਤਾ ਪਾਰਟੀ ਦਾ ਵੱਡਾ ਭਰਾ ਬਣ ਕੇ ਰਿਹਾ ਹੈ। ਇਹ ਗੱਠਜੋੜ ਉਸ ਸਮੇਂ ਵੀ ਲੋੜ ਸੀ, ਜੋ ਕਿ ਹੁਣ ਵੀ ਹੈ। ਹਿੰਦੂ-ਸਿੱਖ ਏਕਤਾ ਦੀ ਜੇਕਰ ਕੋਈ ਉਦਾਹਰਣ ਹੈ ਤਾਂ ਉਹ ਇਹ ਗੱਠਜੋੜ ਹੈ। ਇਹੀ ਕਾਰਨ ਹੈ ਕਿ ਫੋਨ 'ਤੇ ਹੀ ਸਾਡੀਆਂ ਸੀਟਾਂ ਤੈਅ ਹੋ ਜਾਂਦੀਆਂ ਹਨ। ਹੁਣ ਇਸ ਰਿਸ਼ਤੇ ਨੂੰ ਮੀਡੀਆ ਜੋ ਮਰਜ਼ੀ ਨਾਂ ਦੇਵੇ...ਕੋਈ ਫਰਕ ਨਹੀਂ ਪੈਂਦਾ।

- ਪਰ 1996 ਤੋਂ ਲੈ ਕੇ ਹੁਣ ਤਕ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਚੋਣ ਰੈਲੀਆਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ 'ਸਤਿ ਸ੍ਰੀ ਅਕਾਲ' ਦੇ ਨਾਲ-ਨਾਲ ਅਕਾਲੀ ਆਗੂ 'ਜੈ ਸ਼੍ਰੀ ਰਾਮ' ਦੇ ਵੀ ਨਾਅਰੇ ਲਗਾਉਣ ਲੱਗ ਪਏ ਹਨ। ਸਿਆਸੀ ਮਾਹਿਰ ਤਾਂ ਇਸ ਨੂੰ ਅਕਾਲੀ ਦਲ 'ਤੇ ਭਾਜਪਾ ਦੀ ਵੱਧਦੀ ਪਕੜ ਮੰਨਦੇ ਹਨ। ਤੁਹਾਡੀ ਰਾਏ?

(ਤਾੜੀ ਮਾਰ ਕੇ ਹੱਸਦੇ ਹੋਏ)...ਇਸ ਨੂੰ ਹੀ ਤਾਂ ਸਦਭਾਵਨਾ ਕਹਾਂਗੇ। ਹਿੰਦੂ-ਸਿੱਖ ਏਕਤਾ ਦੀ ਜੇ ਕੋਈ ਮਿਸਾਲ ਹੈ ਤਾਂ ਉਹ ਭਾਜਪਾ ਤੇ ਅਕਾਲੀ ਦਲ ਗੱਠਜੋੜ 'ਚ ਹੀ ਦਿਖੇਗੀ। ਉਂਝ ਇਸ ਨਾਅਰੇ 'ਚ ਗਲਤ ਵੀ ਕੀ ਹੈ। ਜੇ ਭਾਜਪਾ ਦੇ ਮੰਚ 'ਤੇ 'ਜੋ ਬੋਲੇ ਸੋ ਨਿਹਾਲ' ਜਾਂ 'ਸਤਿ ਸ੍ਰੀ ਅਕਾਲ' ਬੋਲਿਆ ਜਾ ਸਕਦਾ ਹੈ ਤਾਂ ਅਕਾਲੀ ਦਲ ਦੀ ਸਟੇਜ 'ਤੇ ਕਿਉਂ ਨਹੀਂ? ਅਜਿਹਾ ਨਾ ਹੋਵੇ ਤਾਂ ਤੁਸੀਂ ਕਹੋਗੇ ਕਿ ਦੋਵੇਂ ਪਾਰਟੀਆਂ 'ਚ ਸਾਂਝ ਨਹੀਂ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਸੀਂ ਇਸ ਨੂੰ ਪਾਰਟੀਆਂ ਦੀ ਇਕ-ਦੂਸਰੇ 'ਤੇ ਵਧਦੀ ਪਕੜ ਦੱਸ ਰਹੇ ਹੋ। ਉਨ੍ਹਾਂ ਅੱਗੇ ਕਿਹਾ ਕਿ ਰਾਜਸੀ ਗਠਜੋੜ ਦੇ ਨਾਲ ਨਾਲ ਆਪਸੀ ਸਦਭਾਵਨਾ ਵੀ ਜ਼ਰੂਰੀ ਹੁੰਦੀ ਹੈ।

- ਆਮ ਰਾਏ ਹੈ ਕਿ ਪੰਜਾਬ ਵਿਚ ਸਿੱਖ ਭਾਈਚਾਰੇ 'ਤੇ ਮੋਦੀ ਮੈਜਿਕ ਜ਼ਿਆਦਾ ਨਹੀਂ ਚੱਲਦਾ? ਸਿਆਸੀ ਮਾਹਿਰ ਤਾਂ ਸਿੱਖਾਂ ਤੇ ਮੋਦੀ ਮੈਜਿਕ ਵਿਚਾਲੇ ਦੂਰੀ ਨੂੰ ਮੋਦੀ ਨਾਲ ਜੁੜੀ ਫਿਰਕੂ ਅੱਤਵਾਦ ਦੀ ਦਿੱਖ ਨੂੰ ਮੰਨਦੇ ਹਨ। ਕੀ ਅਜਿਹਾ ਕੁਝ ਹੈ?

-ਬਿਲਕੁਲ ਗਲਤ, ਇਹ ਸਭ ਨਕਾਰਾਤਮਕ ਸੋਚ ਵਾਲੇ ਲੋਕਾਂ ਦੀ ਉਪਜ ਹੈ। ਜਦ ਉਨ੍ਹਾਂ ਨੂੰ ਕਹਿਣ ਨੂੰ ਕੁਝ ਨਹੀਂ ਮਿਲਦਾ ਤਾਂ ਮੋਦੀ ਨੂੰ ਫਿਰਕੂ ਸੋਚ ਵਾਲਾ ਦੱਸਣ ਲੱਗ ਪੈਂਦੇ ਹਨ। ਮੈਂ ਨਹੀਂ ਮੰਨਦਾ ਕਿ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਨੇ ਬਤੌਰ ਪ੍ਰਧਾਨ ਮੰਤਰੀ ਕੋਈ ਅਜਿਹਾ ਫੈਸਲਾ ਲਿਆ ਹੋਵੇ, ਜੋ ਕਿਸੇ ਧਰਮ, ਜਾਤ ਜਾਂ ਭਾਈਚਾਰੇ ਵਿਸ਼ੇਸ਼ ਦੇ ਵਿਰੁੱਧ ਹੋਵੇ। ਇਹ ਗੱਲ ਵੱਖਰੀ ਹੈ ਕਿ ਮੀਡੀਆ ਦੇ ਉਸ ਵਰਗ ਨੇ, ਜੋ ਖੁਦ ਫਿਰਕੂਵਾਦ ਨਾਲ ਪ੍ਰਭਾਵਿਤ ਹੈ, ਉਨ੍ਹਾਂ ਦੇ ਹਰ ਫੈਸਲੇ ਦੀ ਤੁਲਨਾ ਧਰਮ, ਜਾਤ ਤੇ ਭਾਈਚਾਰੇ ਨਾਲ ਜੋੜ ਕੇ ਸਿਆਸਤ ਕਰਦਿਆਂ ਉਨ੍ਹਾਂ ਦੀ ਦਿੱਖ ਨੂੰ ਵੱਖਰਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਸਿੱਖਾਂ 'ਤੇ ਮੋਦੀ ਮੈਜਿਕ ਕੰਮ ਨਹੀਂ ਕਰਦਾ ਤਾਂ ਕੀ ਸਾਡਾ ਗੱਠਜੋੜ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਕੰਮ ਕਰਦਾ? ਕੀ ਹਰਿਆਣਾ ਜਾਂ ਹੋਰ ਥਾਈਂ ਭਾਜਪਾ ਇਸ ਗੱਠਜੋੜ ਦੀ ਗੱਲ ਕਰਦੀ? ਇਹ ਇਸ ਗੱਠਜੋੜ ਦਾ ਮੈਜਿਕ ਹੀ ਹੈ ਕਿ ਦਿੱਲੀ ਵਿਚ ਹੁਣ ਅਕਾਲੀ ਦਲ ਨੇ ਸਿੱਖ ਬਹੁਤਾਤ ਖੇਤਰਾਂ ਵਿਚ ਭਾਜਪਾ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ।

- ਪਰ ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਸ਼ੁਰੂਆਤੀ ਤਿੰਨ ਸਾਲਾਂ 'ਚ ਜਦ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਸੀ, ਉਸ ਦੌਰਾਨ ਕੇਂਦਰ ਤੋਂ ਕੁਝ ਖਾਸ ਹਾਸਲ ਨਹੀਂ ਹੋਇਆ...ਜਾਂ ਇਹ ਵੀ ਕਹਿ ਸਕਦੇ ਹਾਂ ਕਿ ਪੂਰੀ ਅਣਦੇਖੀ ਹੋਈ ਪੰਜਾਬ ਤੇ ਪੰਜਾਬੀਆਂ ਦੀ?

-(ਵਿਚਕਾਰ ਟੋਕਦੇ ਹੋਏ) ਕੀ ਗੱਲਾਂ ਕਰਦੇ ਹੋ...ਪੰਜਾਬ ਤੇ ਵਿਸ਼ੇਸ਼ ਕਰ ਕੇ ਸਿੱਖ ਭਾਈਚਾਰੇ ਨੇ ਜੇਕਰ ਸਭ ਤੋਂ ਵੱਧ ਕੁਝ ਹਾਸਲ ਕੀਤਾ ਹੈ ਤਾਂ ਉਹ ਮੋਦੀ ਦੇ ਪਿਛਲੇ ਪੰਜ ਸਾਲਾਂ ਵਿਚ ਹੀ ਕੀਤਾ ਹੈ। ਕਾਂਗਰਸ ਰਾਜ ਦੀ ਤਾਂ ਗੱਲ ਹੀ ਛੱਡੋ, ਪਿਛਲੀ ਐੱਨਡੀਏ ਸਰਕਾਰ 'ਚ ਵੀ ਪੰਜਾਬ ਨੂੰ ਉਹ ਸਭ ਕੁਝ ਨਹੀਂ ਮਿਲਿਆ, ਜੋ ਮੋਦੀ ਸਰਕਾਰ ਨੇ ਦਿੱਤਾ ਹੈ। ਕਿਸ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਸਿੱਖਾਂ ਨੂੰ '84 ਦੇ ਦੰਗਿਆਂ 'ਚ ਨਿਆਂ ਮਿਲਣ ਦੀ ਨਾ ਸਿਰਫ ਉਮੀਦ ਜਾਗੀ ਸਗੋਂ ਨਿਆਂ ਵੀ ਮਿਲਿਆ? ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਪੰਜਾਬ ਨਾਲ ਜੋੜਦੇ ਲਾਂਘੇ ਨੂੰ ਜਿਥੇ ਮਨਜ਼ੂਰੀ ਮਿਲੀ, ਉਥੇ ਹੀ ਪੰਜਾਬ ਨੂੰ ਏਮਜ਼, ਆਈਆਈਐੱਮ, ਡਿਫੈਂਸ ਅਕਾਦਮੀ ਵਰਗੀਆਂ ਰਾਸ਼ਟਰੀ ਸੰਸਥਾਵਾਂ ਮਿਲੀਆਂ। ਕੀ ਇਨ੍ਹਾਂ ਸਾਰਿਆਂ ਨੂੰ ਤੁਸੀਂ ਛੋਟੀ ਗੱਲ ਮੰਨਦੇ ਹੋ? ਇਨ੍ਹਾਂ ਸਾਰੇ ਫੈਸਲਿਆਂ ਨੇ ਪੰਜਾਬੀਆਂ ਦੇ ਰਹਿਣ-ਸਹਿਣ 'ਚ ਵੱਡਾ ਬਦਲਾਅ ਲਿਆਂਦਾ ਹੈ।

- ਪੰਜਾਬ 'ਚ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਵੀ ਬੇਅਦਬੀ ਇਕ ਅਹਿਮ ਮੁੱਦਾ ਸੀ, ਜਿਸ ਨੂੰ ਤੁਹਾਡੀ ਪਾਰਟੀ ਦੀ ਹਾਰ ਦਾ ਕਾਰਨ ਵੀ ਮੰਨਿਆ ਗਿਆ। ਇਸ ਵਾਰ ਵੀ ਇਹ ਇਕ ਵੱਡਾ ਚੋਣ ਮਸਲਾ ਹੈ? ਕੀ ਤੁਸੀਂ ਇਸ ਨੂੰ ਵੱਡਾ ਮੁੱਦਾ ਮੰਨਦੇ ਹੋ?

-ਜਿਨ੍ਹਾਂ ਲੋਕਾਂ ਨੇ ਵੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂ ਇਸ ਨੂੰ ਪਲਾਨ ਕੀਤਾ, ਉਨ੍ਹਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਸਾਡੀ ਸਰਕਾਰ ਨੇ ਵੀ ਮੁਲਜ਼ਮਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਨਿਰਪੱਖ ਜਾਂਚ ਲਈ ਸੀਬੀਆਈ ਨੂੰ ਕੇਸ ਦਿੱਤਾ। ਦਰਅਸਲ ਜਾਂਚ ਨੂੰ ਲੈ ਕੇ ਸਾਡੇ ਖ਼ਿਲਾਫ਼ ਗਲਤ ਪ੍ਰਚਾਰ ਕੀਤਾ ਗਿਆ। ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣੇ ਹੋਏ ਦੋ ਸਾਲ ਹੋ ਗਏ ਹਨ। ਕੀ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਫੜ ਕੇ ਸਲਾਖਾਂ ਪਿੱਛੇ ਕੀਤਾ ਗਿਆ? ਜਾਂਚ ਦੀ ਸਥਿਤੀ ਤਾਂ ਅੱਜ ਵੀ ਉਹੀ ਹੈ, ਜੋ ਸਾਡੀ ਸਰਕਾਰ ਸਮੇਂ ਸੀ। ਇਹ ਫਰਕ ਜ਼ਰੂਰ ਹੈ ਕਿ ਬੇਅਦਬੀ ਨੂੰ ਲੈ ਕੇ ਅਕਾਲੀ-ਭਾਜਪਾ ਗੱਠਜੋੜ ਸਰਾਕਰ ਨੇ ਕਦੇ ਸਿਆਸਤ ਨਹੀਂ ਕੀਤੀ, ਜਦਕਿ ਕਾਂਗਰਸ ਨੇ ਇਸ ਦਾ ਸਿਆਸੀਕਰਨ ਕਰ ਦਿੱਤਾ ਹੈ। ਅਸਲੀ ਮੁਲਜ਼ਮਾਂ ਦੀ ਨਾ ਪਛਾਣ ਹੋਈ ਤੇ ਨਾ ਹੀ ਕੋਈ ਫੜਿਆ ਗਿਆ। ਅਸਲ 'ਚ ਕੈਪਟਨ ਨੇ ਆਪਣੀ ਹਰ ਕਮੀ ਤੇ ਸਰਕਾਰ ਦੀ ਅਸਫਲਤਾ ਨੂੰ ਲੁਕਾਉਣ ਲਈ ਬੇਅਦਬੀ ਮਾਮਲੇ ਨੂੰ ਢਾਲ ਵਜੋਂ ਵਰਤਿਆ।

- ਪਰ ਅਜਿਹਾ ਕੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰਸ਼ਿਪ 'ਚ ਰੋਸ ਇਸ ਕਦਰ ਵਧ ਗਿਆ ਕਿ ਇਸ ਮੁੱਦੇ 'ਤੇ ਅਕਾਲੀ ਦਲ ਇਕ ਵਾਰ ਫਿਰ ਟੁੱਟ ਗਿਆ?

-ਕਿਸ ਸੀਨੀਅਰ ਲੀਡਰਸ਼ਿਪ ਦੀ ਗੱਲ ਕਰ ਰਹੇ ਹੋ ਤੁਸੀਂ? ਉਨ੍ਹਾਂ ਆਗੂਆਂ ਦੀ ਜੋ ਉਮਰ ਦੇ ਅਜਿਹੇ ਪੜਾਅ 'ਚ ਪਹੁੰਚ ਚੁੱਕੇ ਹਨ, ਜਿਥੇ ਜ਼ਿਆਦਾਤਰ ਨੂੰ ਰਿਟਾਇਰਮੈਂਟ ਲੈਣੀ ਹੀ ਪੈਂਦੀ ਹੈ। ਆਪਣਾ ਵਜੂਦ ਖਤਮ ਹੁੰਦਾ ਦੇਖ ਉਨ੍ਹਾਂ ਨੇ ਕਾਂਗਰਸ ਦੇ ਇਸ਼ਾਰੇ 'ਤੇ ਬੇਅਦਬੀ ਨੂੰ ਇਕ ਬਹਾਨਾ ਬਣਾ ਕੇ ਅਜਿਹੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ। ਉਹ ਮੇਰੇ ਲਈ ਸਾਰੇ ਪਿਤਾ ਸਾਮਾਨ ਤੇ ਸਤਿਕਾਰਯੋਗ ਰਹੇ ਹਨ, ਤਾਂ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਟਿਕਟਾਂ ਵੀ ਦਿੱਤੀਆਂ ਤੇ ਹਾਰਨ ਦੇ ਬਾਅਦ ਮਹੱਤਵਪੂਰਨ ਅਹੁਦਿਆਂ, ਇਥੋਂ ਤਕ ਕਿ ਰਾਜ ਸਭਾ ਤਕ ਪਹੁੰਚਾਇਆ।

- ਤੁਸੀਂ ਜਦ ਸੱਤਾ 'ਚ ਸੀ ਤਾਂ ਕਦੇ ਵੀ ਨਸ਼ੇ ਨੂੰ ਮੁੱਦਾ ਨਹੀਂ ਮੰਨਿਆ ਪਰ ਅੱਜ ਜਦ ਸੱਤਾ ਤੋਂ ਦੂਰ ਹੋ ਤਾਂ ਇਸ ਨੂੰ ਮੁੱਦਾ ਬਣਾ ਕੇ ਕੈਪਟਨ ਸਰਕਾਰ ਦੀ ਅਸਫਲਤਾ ਦੱਸ ਰਹੇ ਹੋ। ਜੋ ਨਸ਼ੇ ਦੀ ਸਮੱਸਿਆ ਪਹਿਲਾਂ ਮੁੱਦਾ ਨਹੀਂ ਸੀ, ਉਸ ਨੂੰ ਅੱਜ ਜਨਤਾ ਤੁਹਾਡੇ ਕਹਿਣ 'ਤੇ ਚੋਣ ਮੁੱਦਾ ਕਿਉਂ ਮੰਨੇ?

-ਨਸ਼ੇ ਦੀ ਸਮੱਸਿਆ ਜਿੰਨੀ ਸਾਡੀ ਸਰਕਾਰ ਸਮੇਂ ਸੀ, ਓਨੀ ਹੀ, ਸ਼ਾਇਦ ਉਸ ਤੋਂ ਵੀ ਵੱਧ ਅੱਜ ਵੀ ਹੈ। ਮੈਂ ਆਪਣੇ ਕਾਰਜਕਾਲ 'ਚ ਕਦੇ ਇਹ ਨਹੀਂ ਕਿਹਾ ਕਿ ਇਹ ਸੂਬੇ ਦੀ ਸਮੱਸਿਆ ਨਹੀਂ ਹੈ। ਮੈਂ ਜਾਂ ਸਾਡੀ ਸਰਕਾਰ ਜੇਕਰ ਖਿਲਾਫ ਸੀ ਤਾਂ ਉਹ ਇਸ ਗੱਲ ਦੇ, ਕੀ ਇਸ ਸਮੱਸਿਆ ਲਈ ਪੰਜਾਬ ਜਾਂ ਪੰਜਾਬੀਆਂ ਨੂੰ ਬਦਨਾਮ ਨਾ ਕੀਤਾ ਜਾਵੇ। ਮੈਂ ਕਦੇ ਵੀ ਹੱਥ 'ਚ ਗੁਟਕਾ ਸਾਹਿਬ ਫੜ ਸਹੁੰ ਨਹੀਂ ਖਾਧੀ ਕਿ ਮੈਨੂੰ ਸੱਤਾ ਦਿਓ ਮੈਂ 30 ਦਿਨਾਂ 'ਚ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕਰ ਦੇਵਾਂਗਾ। ਇਹ ਨਸ਼ਾ ਗੁਆਂਢੀ ਮੁਲਕ ਤੋਂ ਆਉਂਦਾ ਹੈ ਤੇ ਇਸ ਹੱਲ ਵੀ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨਿਕਲੇਗਾ, ਨਾ ਕੀ ਝੂਠੀਆਂ ਕਸਮਾਂ ਖਾ ਕੇ ਤੇ ਲੋਕਾਂ ਨੂੰ ਗੁੰਮਰਾਹ ਕਰ ਕੇ।

Posted By: Jagjit Singh