ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ 2019 ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਖਰਚ ਕਰਨ ਹਿੱਤ ਖੁਲ੍ਹਵਾਏ ਜਾਣ ਵਾਲੇ ਵੱਖਰੇ ਖਾਤਿਆਂ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕਰ ਦਿੱਤੀਆਂ।

ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019 ਦੌਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਕੀਤੇ ਜਾਣ ਵਾਲੇ ਖਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਤੇ ਆਸਾਨ ਬਣਾਉਣ ਲਈ ਵੱਖਰਾ ਖਾਤਾ ਖੁਲ੍ਹਵਾਣਾ ਜ਼ਰੂਰੀ ਹੈ। ਇਹ ਖ਼ਾਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਖੁਲ੍ਹਵਾਉਣਾ ਜ਼ਰੂਰੀ ਹੈ। ਖਾਤੇ ਦਾ ਅਕਾਊਂਟ ਨੰਬਰ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਰਿਟਰਨਿੰਗ ਅਫਸਰ ਨੂੰ ਲਿਖਤੀ ਰੂਪ ਵਿਚ ਦੇਣਾ ਹੋਵੇਗਾ।

ਡਾ. ਰਾਜੂ ਨੇ ਦੱਸਿਆ ਕਿ ਜਿੰਨੀ ਵੀ ਰਕਮ ਚੋਣ ਪ੍ਰਚਾਰ 'ਤੇ ਖਰਚ ਕੀਤੀ ਜਾਣੀ ਹੈ, ਉਹ ਇਸ ਖਾਤੇ 'ਚ ਜਮ੍ਹਾ ਕਰਵਾਈ ਜਾਣੀ ਜ਼ਰੂਰੀ ਹੈ, ਭਾਵੇਂ ਉਸ ਰਕਮ ਦਾ ਫੰਡਿੰਗ ਸਰੋਤ ਕੋਈ ਵੀ ਹੋਵੇ। ਚੋਣ ਨਤੀਜੀਆਂ ਦੇ ਐਲਾਨ ਉਪਰੰਤ ਉਕਤ ਖਾਤੇ ਦੀ ਸਟੇਟਮੈਂਟ ਖਰਚਿਆਂ ਸਮੇਤ ਜ਼ਿਲ੍ਹਾ ਚੋਣ ਅਫ਼ਸਰ ਕੋਲ ਜਮ੍ਹਾ ਕਰਵਾਉਣਗੇ। ਜੇਕਰ ਉਮੀਦਵਾਰ ਚੋਣ ਖਰਚਿਆਂ ਲਈ ਵੱਖਰਾ ਬੈਂਕ ਖਾਤਾ ਨਹੀਂ ਖੁਲ੍ਹਵਾਉਂਦਾ ਅਤੇ ਆਪਣੇ ਬੈਂਕ ਖਾਤੇ ਨੰਬਰ ਬਾਰੇ ਸੂਚਿਤ ਨਹੀਂ ਕਰਦਾ ਤਾਂ ਰਿਟਰਨਿੰਗ ਅਫ਼ਸਰ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਉਮੀਦਵਾਰ ਨੂੰ ਨੋਟਿਸ ਜਾਰੀ ਕਰੇਗਾ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਖਾਤਾ ਜਾਂ ਤਾਂ ਉਮੀਦਵਾਰ ਦੇ ਨਾਂ 'ਤੇ ਖੋਲ੍ਹਿਆ ਜਾਵੇਗਾ ਜਾਂ ਫਿਰ ਉਸ ਦੇ ਚੋਣ ਏਜੰਟ, ਜੋ ਕਿ ਚੋਣ ਖਰਚੇ ਸਬੰਧੀ ਲਗਾਇਆ ਗਿਆ ਹੈ, ਦੇ ਨਾਲ ਸਾਂਝੇ ਰੂਪ 'ਚ ਖੋਲ੍ਹਿਆ ਜਾਵੇਗਾ। ਇਹ ਖਾਤਾ ਉਮੀਦਵਾਰ ਦੇ ਕਿਸੇ ਵੀ ਪਰਿਵਾਰਕ ਮੈਂਬਰ ਜਾਂ ਕਿਸੇ ਹੋਰ ਦੇ ਨਾਲ ਸਾਂਝੇ ਰੂਪ 'ਚ ਨਹੀਂ ਖੋਲ੍ਹਿਆ ਜਾਵੇਗਾ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਨੰਬਰ 761 ਸਾਲ 2011 ਰਾਹੀਂ ਇਹ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਚੋਣ ਪ੍ਰਚਾਰ 'ਤੇ ਖਰਚ ਹੋਈ ਰਕਮ ਦੀ ਅਦਾਇਗੀ ਚੋਣ ਖਰਚਿਆਂ ਲਈ ਖੋਲ੍ਹੇ ਗਏ ਖਾਤੇ 'ਚੋਂ ਅਕਾਊਂਟ ਪੇਅ ਚੈੱਕ ਰਾਹੀਂ ਕੀਤੀ ਜਾਣੀ ਹੈ। ਜੇਕਰ ਚੋਣ ਪ੍ਰਚਾਰ ਦੇ ਪੂਰੇ ਸਮੇਂ ਦੌਰਾਨ ਕਿਸੇ ਅਜਿਹੀ ਗਤੀਵਿਧੀ ਦਾ ਖਰਚ ਕੁੱਲ 10 ਹਜ਼ਾਰ ਬਣਦਾ ਹੈ ਤਾਂ ਉਸ ਦੀ ਅਦਾਇਗੀ ਨਕਦ ਕੀਤੀ ਜਾ ਸਕਦੀ ਹੈ। ਉਹ ਵੀ ਖਾਤੇ 'ਚੋਂ ਨਕਦੀ ਕਢਵਾ ਕੇ। ਇਸ ਤੋਂ ਇਲਾਵਾ ਹੋਰ ਕੋਈ ਵੀ ਅਦਾਇਗੀ ਅਕਾਊਂਟ ਪੇਅ ਚੈੱਕ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ। ਚੋਣ ਪ੍ਰਚਾਰ ਲਈ ਖਰਚ ਕੀਤੀ ਜਾਣ ਵਾਲੀ ਸਾਰੀ ਰਕਮ ਉਮੀਦਵਾਰ ਵੱਲੋਂ ਚੋਣਾਂ ਸਬੰਧੀ ਖੁਲ੍ਹਵਾਏ ਗਏ ਵਿਸ਼ੇਸ਼ ਖਾਤੇ 'ਚ ਹੀ ਜਮ੍ਹਾਂ ਕਰਵਾਈ ਜਾਣੀ ਹੈ ਅਤੇ ਇਸ ਵਿਚੋਂ ਹੀ ਖਰਚ ਕੀਤੀ ਜਾਣੀ ਹੈ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਉਮੀਦਵਾਰ ਚੋਣ ਪ੍ਰਚਾਰ 'ਤੇ ਖਰਚ ਕੀਤੀ ਜਾਣ ਵਾਲੀ ਰਕਮ ਲਈ ਵੱਖਰਾ ਖਾਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਨਹੀਂ ਖੁਲ੍ਹਵਾਉਂਦਾ ਤਾਂ ਇਸ ਨੂੰ ਇਹ ਮੰਨਿਆ ਜਾਵੇਗਾ ਕਿ ਉਮੀਦਵਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਚੋਣ ਖਰਚ ਦਾ ਹਿਸਾਬ-ਕਿਤਾਬ ਨਹੀਂ ਰੱਖਿਆ ਗਿਆ।

ਡਾ. ਰਾਜੂ ਨੇ ਕਿਹਾ ਕਿ ਕਮਿਸ਼ਨ ਨੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਦਾਨ ਜਾਂ ਕਰਜ਼ ਉਮੀਦਵਾਰ ਵੱਲੋਂ ਨਕਦੀ ਰੂਪ 'ਚ ਨਹੀਂ ਲਿਆ ਜਾਵੇਗਾ। ਉਮੀਦਵਾਰ ਨੂੰ ਦਾਨ ਜਾਂ ਕਰਜ਼ ਦੇਣ ਵਾਲੇ ਵਿਅਕਤੀ ਜਾਂ ਸੰਸਥਾ ਦਾ ਪੂਰਾ ਵੇਰਵਾ ਦਿਨ ਪ੍ਰਤੀ ਦਿਨ ਕੀਤੇ ਜਾਣ ਵਾਲੇ ਚੋਣ ਖਰਚਿਆਂ/ਆਮਦਨ ਵਾਲੀ ਸੂਚੀ 'ਚ ਦਰਜ ਕੀਤਾ ਜਾਣਾ ਹੈ। ਜੋ ਕਿ ਬਾਅਦ 'ਚ ਚੋਣ ਖਰਚ ਸਬੰਧੀ ਸਟੇਟਮੈਂਟ ਜਮ੍ਹਾ ਕਰਵਾਉਣ ਵੇਲੇ ਨਾਲ ਲਗਾਈ ਜਾਣੀ ਹੈ।

Posted By: Jagjit Singh