ਜਸਪਾਲ ਸਿੰਘ ਸਿੱਧੂ, ਭੁੱਚੋ ਮੰਡੀ : ਚਲੋ ਚੰਗਾ ਹੈ ਚੋਣਾਂ ਦੇ ਮੌਕੇ ਬਠਿੰਡੇ ਦੇ ਲੋਕਾਂ ਦੇ ਨਾਲ- ਨਾਲ ਕਾਂਗਰਸੀ ਵਿਧਾਇਕਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਤਾਂ ਹੋ ਗਏ, ਜਿਹੜੇ ਉਨ੍ਹਾਂ ਦੇ ਦਰਸ਼ਨਾਂ ਲਈ ਮਹਿਲਾਂ ਵਿਚ ਗੇੜੇ ਮਾਰ ਕੇ ਮੁੜ ਆਉਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਸਿਮਰਤ ਕੌਰ ਬਾਦਲ ਨੇ ਭੁੱਚੋ ਮੰਡੀ ਵਿਖੇ ਕੈਪਟਨ ਅਮਰਿੰਦਰ ਸਿੰਘ ਦੀ ਬਠਿੰਡਾ ਫੇਰੀ ਬਾਰੇ ਕਿਹਾ ਕਿ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਮਹਾਰਾਜਾ ਦੇ ਦਰਸ਼ਨ ਨਸੀਬ ਨਹੀਂ ਸਨ ਹੁੰਦੇ ਤੇ ਹੁਣ ਬਠਿੰਡੇ ਤੋਂ ਇੱਕ ਰਾਜਾ ਨੂੰ ਲੈ ਕੇ ਆਏ ਹਨ।

ਉਨ੍ਹਾਂ ਕਿਹਾ ਕਿ 19 ਮਈ ਨੂੰ ਵੋਟਾਂ ਪੈਣ ਤੋਂ ਬਾਅਦ ਮਹਾਰਾਜਾ ਤਾਂ ਕੀ ਬਠਿੰਡੇ ਦੇ ਲੋਕਾਂ ਨੂੰ ਰਾਜਾ ਵੀ ਨਹੀਂ ਲੱਭਣਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਸਰਕਾਰ ਦਾ ਸਾਰਾ ਜ਼ੋਰ ਇਸ ਗੱਲ 'ਤੇ ਹੈ ਕਿ ਬਾਦਲ ਪਰਿਵਾਰ ਨੂੰ ਕਿਵੇਂ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹ ਭੇਜਿਆ ਜਾਵੇ ਪਰ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਕਿਸੇ ਤੋਂ ਡਰਨ ਵਾਲੇ ਨਹੀਂ ਹਨ।

ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਵਿਕਾਸ ਦਾ ਕੰਮ ਬਿਲਕੁਲ ਠੱਪ ਕਰ ਰੱਖਿਆ ਹੈ। ਕਣਕ ਦੀ ਖ਼ਰੀਦ ਦੇ ਮਾੜੇ ਪ੍ਰਬੰਧਾਂ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਨੇ ਖ਼ਰੀਦ ਏਜੰਸੀਆਂ ਨੂੰ 12 ਫ਼ੀਸਦੀ ਨਮੀ ਵਾਲਾ ਝੋਨਾ ਜਲਦੀ ਖ਼ਰੀਦਣ ਲਈ ਕਿਹਾ ਹੈ ਜਦਕਿ ਕਿਸਾਨਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਚੋਣਾਂ ਦੇ ਮੌਕੇ ਤਾਂ ਨਮੀ ਵਾਲੇ ਮਾਮਲੇ ਵਿਚ ਕੋਈ ਛੋਟ ਦੇਣਗੇ। 14 ਫ਼ੀਸਦੀ ਨਮੀ ਵਾਲੀ ਕਣਕ ਵੀ ਸਰਕਾਰ ਨੂੰ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਮੰਡੀਆਂ ਵਿਚ ਰੁਲ ਰਿਹਾ ਹੈ।

ਬੀਬਾ ਬਾਦਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਲੋਕਾਂ ਨੇ ਦੇਖ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਵਿਚ ਆ ਕੇ ਸੂਬੇ ਦਾ ਕਿੰਨਾ ਨੁਕਸਾਨ ਕਰਵਾ ਲਿਆ। ਆਪਣੇ ਵਿਰੋਧੀ ਉਮੀਦਵਾਰਾਂ ਬਾਰੇ ਬੀਬਾ ਬਾਦਲ ਨੇ ਕਿਹਾ ਉਹ ਤਾਂ ਵਿਚਾਰੇ ਦੂਜੇ-ਤੀਜੇ ਨੰਬਰ 'ਤੇ ਆਉਣ ਦੀ ਲੜਾਈ ਲੜ ਰਹੇ ਹਨ।

ਉਨ੍ਹਾਂ ਨੇ ਦਸ ਸਾਲ ਹਲਕੇ ਵਿਚ ਏਨੇ ਕੰਮ ਕੀਤੇ ਹਨ ਕਿ ਉਨ੍ਹਾਂ ਨਾਲ ਤਾਂ ਕਿਸੇ ਦਾ ਮੁਕਾਬਲਾ ਹੀ ਨਹੀਂ। ਇਸ ਮੌਕੇ ਉਨ੍ਹਾਂ ਨਾਲ ਲੱਖੀ ਜੈਲਦਾਰ, ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਦਾਸ ਸੋਢੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ, ਜਗਸੀਰ ਸਿੰਘ ਕਲਿਆਣ, ਗੁਰਲਾਭ ਢੇਲਵਾਂ, ਗੁਰਪ੍ਰੀਤ ਸਿੰਘ ਢਿੱਲੋਂ, ਪਰਦੀਪ ਗਰੇਵਾਲ ਅਤੇ ਮਾਨ ਸਿੰਘ ਵੀ ਹਾਜ਼ਰ ਸਨ।