ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਉਨ੍ਹਾਂ ਬੜੇ ਸਖ਼ਤ ਮੁਕਾਬਲੇ ਵਿਚ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21 ਹਜ਼ਾਰ 772 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਉਨ੍ਹਾਂ ਨੂੰ 2014 ਦੇ ਮੁਕਾਬਲੇ ਦੋ ਹਜ਼ਾਰ ਵੋਟਾਂ ਵੱਧ ਮਿਲੀਆਂ ਹਨ। ਲੋਕ ਸਭਾ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚੋਂ ਪੰਜ ਹਲਕਿਆਂ ਵਿਚ ਅਕਾਲੀ-ਭਾਜਪਾ ਤੇ ਚਾਰ ਹਲਕਿਆਂ ਵਿਚ ਕਾਂਗਰਸ ਦੇ ਉਮੀਦਵਾਰ ਦੀਆਂ ਵੋਟਾਂ ਵਧੀਆਂ।ਕਾਂਗਰਸ ਦੇ ਵਿਧਾਇਕਾਂ ਦੇ ਹਲਕਿਆਂ 'ਚੋਂ ਕਾਂਗਰਸ ਵੋਟਾਂ ਲੈਣ 'ਚ ਪਛੜ ਗਈ ਹੈ। ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਸਿਰਫ਼ ਦੋ ਵਾਰ ਲੀਡ ਮਿਲੀ । ਹਰਸਿਮਰਤ ਬਾਦਲ ਨੇ ਲੋਕ ਸਭਾ ਹਲਕੇ ਵਿੱਚੋਂ 4 ਲੱਖ 92 ਹਜ਼ਾਰ 824 ਵੋਟ ਪ੍ਰਾਪਤ ਕੀਤੇ ਜਦਕਿ ਰਾਜਾ ਵੜਿੰਗ ਨੂੰ 4 ਲੱਖ 71 ਹਜ਼ਾਰ 052 ਵੋਟਾਂ ਮਿਲੀਆਂ।

ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ 1 ਲੱਖ 34 ਹਜ਼ਾਰ 398 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੀ ਜਦਕਿ ਜਮਹੂਰੀ ਗੱਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ 38 ਹਜ਼ਾਰ 199 ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੇ।

ਬਠਿੰਡਾ ਸ਼ਹਿਰੀ ਹਲਕੇ 'ਚ ਕਾਂਗਰਸ ਦੀ ਵੱਡੀ ਹਾਰ : ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਇਸ ਹਲਕੇ 'ਚੋਂ ਕਾਂਗਰਸ ਦੀਆਂ 3743 ਵੋਟਾਂ ਅਕਾਲੀ ਦਲ ਨਾਲੋਂ ਘਟ ਗਈਆਂ। 2009 ਦੀ ਚੋਣ ਸਮੇਂ ਸ਼ਹਿਰੀ ਹਲਕੇ 'ਚੋਂ ਕਾਂਗਰਸ ਨੂੰ 17 ਹਜ਼ਾਰ ਵੋਟ ਵੱਧ ਮਿਲੇ ਸਨ ਜਦਕਿ 2014 ਵਿਚ ਕਾਂਗਰਸ ਤੇ ਪੀਪਲਜ਼ ਪਾਰਟੀ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਰੀਬ 29 ਹਜ਼ਾਰ ਤੋਂ ਵੱਧ ਵੋਟਾਂ ਲਈਆਂ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ 18 ਹਜ਼ਾਰ 480 ਵੋਟਾਂ ਦੀ ਲੀਡ ਲਈ ਸੀ। 2014 ਵਿਚ ਹਰਸਿਮਰਤ ਕੌਰ ਬਾਦਲ ਨੂੰ 41 ਹਜ਼ਾਰ 987 ਵੋਟਾਂ ਤੇ ਮਨਪ੍ਰੀਤ ਸਿੰਘ ਬਾਦਲ ਨੂੰ 71 ਹਜ਼ਾਰ 303 ਵੋਟ ਮਿਲੇ ਸਨ ਪਰ ਇਸ ਵਾਰ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ 59 ਹਜ਼ਾਰ 815 ਵੋਟ ਮਿਲੇ।

ਪਿਛਲੀ ਵਾਰ ਦੇ ਮੁਕਾਬਲੇ ਹਾਸਲ ਕੀਤੀਆਂ ਵੱਧ ਵੋਟਾਂ

2014 ਦੀਆਂ ਵੋਟਾਂ ਦੇ ਮੁਕਾਬਲੇ ਹਰਸਿਮਰਤ ਕੌਰ ਬਾਦਲ ਨੇ 1704 ਵੋਟਾਂ ਵੱਧ ਪ੍ਰਾਪਤ ਕੀਤੀਆਂ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਹਰਸਿਮਰਤ ਕੌਰ ਬਾਦਲ ਨੇ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ 19 ਹਜ਼ਾਰ 695 ਵੋਟਾਂ ਨਾਲ ਮਾਤ ਦਿੱਤੀ ਸੀ।

25 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਬਠਿੰਡਾ ਲੋਕ ਸਭਾ ਖੇਤਰ ਤੋਂ ਕੁੱਲ 27 ਉਮੀਦਵਾਰਾਂ ਨੇ ਚੋਣ ਲੜੀ, ਜਿਨ੍ਹਾਂ 'ਚੋਂ 14 ਉਮੀਦਵਾਰ ਆਜ਼ਾਦ ਸਨ। ਚੋਣ ਲੜਨ ਵਾਲੇ ਇਨ੍ਹਾਂ ਉਮੀਦਵਾਰਾਂ 'ਚੋਂ 25 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਤੇ ਜਮਹੂਰੀ ਗੱਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਆਪਣੀ ਜਮਾਨਤ ਨਹੀਂ ਬਚਾ ਸਕੇ। ਜ਼ਮਾਨਤ ਬਚਾਉਣ ਲਈ ਪੋਲ੍ਹ ਹੋਈਆਂ ਕੁੱਲ 11 ਲੱਖ 95 ਹਜ਼ਾਰ 726 ਵੋਟਾਂ 'ਚੋਂ 1 ਲੱਖ 99 ਹਜ਼ਾਰ 287 ਵੋਟਾਂ ਲੈਣੀਆਂ ਜ਼ਰੂਰੀ ਸਨ। ਇਸ ਵਾਰ ਹਲਕੇ ਦੇ 13 ਹਜ਼ਾਰ 230 ਲੋਕਾਂ ਨੇ ਸਾਰੇ ਉਮੀਦਵਾਰਾਂ ਨੂੰ ਰੱਦ ਕਰਦਿਆਂ ਨੋਟਾ ਦਾ ਬਟਨ ਦਬਾਇਆ।

Posted By: Susheel Khanna