ਕੁਲਵਿੰਦਰ ਸਿੰਘ ਰਾਏ, ਖੰਨਾ : ਐਤਵਾਰ ਤੋਂ ਸੂਬੇ ਦੇ ਸਿਆਸੀ ਗਲਿਆਰਿਆਂ 'ਚ ਚੱਲ ਰਹੀਆਂ ਚਰਚਾਵਾਂ ਦਰਮਿਆਨ ਸੋਮਵਾਰ ਨੂੰ ਕਾਂਗਰਸ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਹਰਬੰਸ ਕੌਰ ਦੂਲੋ ਵੱਲੋਂ ਸੰਗਰੂਰ 'ਚ 'ਆਪ' ਨੇਤਾ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਗਈ। ਬੀਬੀ ਦੂਲੋ ਤੇ ਸਿਸੋਦੀਆ ਦੀ ਮੁਲਾਕਾਤ ਲੋਕ ਸਭਾ ਮੈਂਬਰ ਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੇ ਗ੍ਰਹਿ ਵਿਖੇ ਹੋਈ।

ਜਾਣਕਾਰੀ ਅਨੁਸਾਰ ਇਸ ਬੈਠਕ 'ਚ ਭਗਵੰਤ ਮਾਨ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਸੀਟ ਤੋਂ 'ਆਪ' ਦੇ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ, ਵਿਧਾਇਕ ਅਮਨ ਅਰੋੜਾ, 'ਆਪ' ਕੋਰ ਕਮੇਟੀ ਮੈਂਬਰ ਬੁੱਧ ਰਾਮ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਮੌਜੂਦ ਸਨ। ਇਸ ਬੈਠਕ 'ਚ ਬੀਬੀ ਦੂਲੋ ਦੇ 'ਆਪ' 'ਚ ਆਉਣ ਨੂੰ ਲੈ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਗੱਲ ਫਾਈਨਲ ਹੋ ਗਈ ਹੈ। ਪਾਰਟੀ ਨੇ 'ਆਪ' ਉਮੀਦਵਾਰ ਚੌਂਦਾ ਨੂੰ ਜ਼ਾਹਰ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਥਾਂ 'ਤੇ ਟਿਕਟ ਬੀਬੀ ਦੂਲੋ ਨੂੰ ਦਿੱਤੀ ਜਾ ਸਕਦੀ ਹੈ।

ਇਸ ਸਬੰਧ 'ਚ ਹਰਬੰਸ ਕੌਰ ਦੂਲੋ ਦੇ ਮੋਬਾਈਲ 'ਤੇ ਕਈ ਵਾਰ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਹਰਬੰਸ ਕੌਰ ਦੇ ਬੇਟੇ ਬਨਦੀਪ ਸਿੰਘ ਦੂਲੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹੀ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। 'ਆਪ' ਉਮੀਦਵਾਰ ਬਲਜਿੰਦਰ ਸਿੰਘ ਚੌਂਦਾ ਨੇ ਵੀ ਫੋਨ ਨਹੀਂ ਚੁੱਕਿਆ।

ਕਾਂਗਰਸ ਨੂੰ ਵੱਡਾ ਨੁਕਸਾਨ

ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਹਰਬੰਸ ਕੌਰ ਦੂਲੋਂ ਦਾ 'ਆਪ' 'ਚ ਜਾਣਾ ਕਾਂਗਰਸ ਲਈ ਬਹੁਤ ਵੱਡਾ ਨੁਕਸਾਨ ਸਾਬਿਤ ਹੋ ਸਕਦਾ ਹੈ। ਬੀਬੀ ਦੂਲੋ ਖੰਨਾ ਤੋਂ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਰਹੇ। ਬੱਸੀ ਪਠਾਣਾ ਤੋਂ ਵੀ ਉਹ 2012 'ਚ ਚੋਣ ਲੜੀ ਪਰ ਹਾਰ ਗਈ। ਹਰਬੰਸ ਕੌਰ ਦੇ ਪਤੀ ਸ਼ਮਸ਼ੇਰ ਸਿੰਘ ਦੂਲੋ ਮੌਜੂਦਾ ਰਾਜ ਸਭਾ ਮੈਂਬਰ ਹਨ ਤੇ ਪੰਜਾਬ ਕਾਂਗਰਸ ਦਾ ਇੱਕ ਵੱਡਾ ਐੱਸਸੀ ਚਿਹਰਾ ਹਨ। ਹਰਬੰਸ ਕੌਰ ਦੇ 'ਆਪ' 'ਚ ਜਾਣ ਨਾਲ ਫ਼ਤਹਿਗੜ੍ਹ ਸਾਹਿਬ 'ਚ ਕਾਂਗਰਸ ਸਿੱਧੇ ਤੌਰ 'ਤੇ ਦੋ ਧੜਿਆਂ 'ਚ ਵੰਡੀ ਜਾਵੇਗੀ। ਇਸ ਦਾ ਸਿੱਧਾ ਫਾਇਦਾ ਅਕਾਲੀ ਦਲ ਤੇ ਪੀਡੀਏ ਉਮੀਦਵਾਰਾਂ ਨੂੰ ਹੋ ਸਕਦਾ ਹੈ।

ਮੰਗਲਵਾਰ ਨੂੰ ਹੋ ਸਕਦੇ ਨੇ ਆਪ 'ਚ ਸ਼ਾਮਲ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪ ਦੀ ਕੋਰ ਕਮੇਟੀ ਵਿਚ ਬੀਬੀ ਹਰਬੰਸ ਕੌਰ ਦੂਲੋ ਦੀ ਸ਼ਮੂਲੀਅਤ ਸਬੰਧੀ ਤੈਅ ਹੋ ਗਿਆ ਹੈ, ਬੀਬੀ ਅੱਜ ਦੇਰ ਸ਼ਾਮ ਆਪ 'ਚ ਸ਼ਾਮਲ ਹੋ ਗਏ ਹਨ, ਜਿਸਦਾ ਬਕਾਇਦਾ ਰਸਮੀਂ ਐਲਾਨ ਮੰਗਲਵਾਰ ਨੂੰ ਸਵੇਰੇ ਜਲੰਧਰ ਵਿਖੇ ਕੀਤਾ ਜਾ ਸਕਦਾ ਹੈ।

Posted By: Jagjit Singh