ਸ਼ਾਮ ਸਹਿਗਲ, ਜਲੰਧਰ : ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਉੱਤਰ-ਪੱਛਮੀ ਦਿੱਲੀ ਤੋਂ ਚੋਣਾਂ ਜਿੱਤਣ ਵਾਲੇ ਗਾਇਕ ਹੰਸ ਰਾਜ ਹੰਸ ਲਈ ਹੁਣ ਦਲਿਤ ਆਗੂ ਬਣਨ ਵਾਸਤੇ ਪੰਜਾਬ ਵਿਚ ਰਾਹ ਬਣਦਾ ਜਾਂਦਾ ਹੈ। ਵਰ੍ਹਾ 2016 ਦੇ 10 ਦਸੰਬਰ ਨੂੰ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਹੰਸ ਸਰਗਰਮ ਹੋ ਗਏ ਸਨ। ਉਨ੍ਹਾਂ ਨੂੰ ਸਾਫ਼ ਅਕਸ ਵਾਲੇ ਸਿਆਸਤਦਾਨ ਵਜੋਂ ਵੇਖਿਆ ਜਾ ਰਿਹਾ ਸੀ। ਦੋਆਬੇ ਦੀ ਦਲਿਤ ਸਿਆਸਤ ਵਿਚ ਅਸਰ ਰੱਖਣ ਵਾਲੇ ਹੰਸ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਵਿਚ ਰਹੇ ਹਨ। 2009 ਦੀਆਂ ਲੋਕ ਸਭਾ ਚੋਣਾਂ ਵਿਚ ਜਲੰਧਰ ਸੀਟ ਤੋਂ ਚੋਣ ਲੜ ਕੇ ਉਨ੍ਹਾਂ ਨੇ 371658 ਵੋਟਾਂ ਹਾਸਿਲ ਕੀਤੀਆਂ। ਇਸ ਵਾਰ ਦਿੱਲੀ ਤੋਂ ਜਿੱਤਣ ਵਾਲੇ ਹੰਸ ਨੂੰ ਲੈ ਕੇ ਭਾਜਪਾ ਪੰਜਾਬ ਵਿਚ ਦਲਿਤ ਕਾਰਡ ਖੇਡ ਸਕਦੀ ਹੈ।

ਦਰਅਸਲ ਦਲਿਤ ਵੋਟ ਬੈਂਕ ਨੂੰ ਸਾਧਦੇ ਹੋਏ ਭਾਜਪਾ ਨੇ ਉੱਤਰ-ਪੱਛਮੀ ਦਿੱਲੀ ਤੋਂ ਦਲਿਤ ਆਗੂ ਉਦਿਤ ਰਾਜ ਦੀ ਟਿਕਟ ਕੱਟ ਕੇ ਹੰਸ ਨੂੰ ਉਮੀਦਵਾਰ ਬਣਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਹੰਸ ਨੂੰ ਟਿਕਟ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਪਹਿਲਾਂ ਕਰੀਬ 2 ਸਾਲ ਹੰਸ ਨੇ ਇਸੇ ਹਲਕੇ ਵਿਚ ਹੀ ਨਹੀਂ ਸਗੋਂ ਦਿੱਲੀ ਵਿਚ ਕਈ ਰੈਲੀਆਂ ਤੇ ਮੀਟਿੰਗਾਂ ਕੀਤੀਆਂ ਤੇ ਭਾਜਪਾ ਲਈ ਕੰਮ ਕੀਤਾ। ਫੇਰ ਪਾਰਟੀ ਨੇ ਹੰਸ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ।

ਓਧਰ, ਜਲੰਧਰ ਨੂੰ ਪੰਜਾਬ ਦੇ ਦੋਆਬਾ ਹਲਕੇ ਦਾ ਕੇਂਦਰ ਮੰਨਿਆ ਜਾਂਦਾ ਹੈ। ਦੋਆਬੇ ਵਿਚ ਭਾਜਪਾ ਵੱਲੋਂ ਇਕ ਦਲਿਤ ਆਗੂ ਨੂੰ ਪਿਛਾਂਹ ਕਰ ਕੇ ਹੰਸ ਨੂੰ ਬਦਲ ਵਜੋਂ ਵੇਖਿਆ ਜਾ ਰਿਹਾ ਹੈ।

ਗਾਇਕੀ ਤੋਂ ਸ਼ੁਰੂ ਕੀਤਾ ਸੀ ਸਫ਼ਰ

ਹੰਸ ਨੇ ਗਾਇਕੀ ਤੋਂ ਸਿਆਸੀ ਸਫ਼ਰ ਸ਼ੁਰੂ ਕੀਤਾ ਤੇ ਕਈ ਉਤਰਾਅ ਚੜ੍ਹਾਅ ਵੇਖੇ। ਇਰ ਵਾਰ ਤਾਂ ਉਨ੍ਹਾਂ ਨੇ ਸਿਆਸਤ ਤੋਂ ਤੌਬਾ ਕਰਨ ਦਾ ਮਨ ਬਣਾ ਲਿਆ ਸੀ। 2001 ਵਿਚ ਪੰਜਾਬ ਦੀ ਗੱਠਜੋੜ ਸਰਕਾਰ ਨੇ ਹੰਸ ਨੂੰ ਰਾਜ ਗਾਇਕ ਦਾ ਖ਼ਿਤਾਬ ਦਿੱਤਾ ਸੀ। ਇਸ ਮਗਰੋਂ ਅਗਲੇ ਵਰ੍ਹੇ ਵਿਚ ਹੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਗੱਠਜੋੜ ਲਈ ਪ੍ਰਚਾਰ ਕੀਤਾ। ਵਰ੍ਹਾ 2009 ਦੌਰਾਨ ਸਰਗਰਮ ਸਿਆਸਤ ਦੀ ਸ਼ੁਰੂਆਤ ਕਰਨ ਵਾਲੇ ਹੰਸ ਨੂੰ ਅਕਾਲੀ ਦਲ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜਾਈ। ਆਪਣੇ ਵਿਰੋਧੀ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਨੂੰ ਉਨ੍ਹਾਂ ਨੇ ਸਖ਼ਤ ਟੱਕਰ ਦਿੱਤੀ। ਇਸ ਮਗਰੋਂ 2014 ਵਿਚ ਕਾਂਗਰਸ ਵਿਚ ਚਲੇ ਗਏ। ਫੇਰ 2016 ਵਿਚ ਉਹ ਭਾਜਪਾ ਵਿਚ ਸ਼ਾਮਲ ਹੋਏ ਸਨ।