ਨਵਦੀਪ ਢੀਂਗਰਾ, ਪਟਿਆਲਾ : ਲੋਕ ਸਭਾ ਚੋਣਾਂ 'ਚ ਮਹਿਜ਼ ਤਿੰਨ ਦਿਨ ਬਾਕੀ ਹਨ। ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਹੁਣ ਤਕ ਆਪੋ-ਆਪਣੇ ਹਲਕਿਆਂ ਵਿਚ ਪੂਰਾ ਜ਼ੋਰ ਲਗਾ ਚੁੱਕੇ ਹਨ। ਚੋਣ ਪ੍ਰਚਾਰ ਦੇ ਆਖਰੀ ਦਿਨਾਂ ਵਿਚ ਉਮੀਦਵਾਰ ਵੋਟਰਾਂ ਨੂੰ ਆਪਣੇ ਪੱਖ ਵਿਚ ਕਰਨ ਲਈ 'ਬ੍ਰਹਮਅਸਤਰ' ਚਲਾਉਣ ਦੀ ਤਿਆਰੀ 'ਚ ਹਨ। ਉਮੀਦਵਾਰਾਂ ਦੇ ਹੱਕ 'ਚ ਵੱਡੇ ਸਟਾਰ ਪ੍ਰਚਾਰਕਾਂ ਤੇ ਧਨਾਡ ਆਗੂਆਂ ਵੱਲੋਂ ਚੋਣ ਪ੍ਰਚਾਰ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਆਖਰੀ ਦਿਨਾਂ ਵਿਚ ਵੋਟਰਾਂ 'ਤੇ ਕਿਹੜਾ 'ਬ੍ਰਹਮਅਸਤਰ' ਅਸਰ ਕਰੇਗਾ, ਇਸ ਲਈ ਫਿਲਹਾਲ 23 ਮਈ ਤਕ ਦੀ ਉਡੀਕ ਕਰਨੀ ਪਵੇਗੀ।

ਪੰਜਾਬ ਦੀਆਂ 13 ਸੀਟਾਂ 'ਤੇ ਜਿਥੇ ਪ੍ਰਮੁੱਖ ਸਿਆਸੀ ਧਿਰਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਜਿਥੇ ਪ੍ਰਿਅੰਕਾ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਪੰਜਾਬ ਜਮਹੂਰੀਅਤ ਗੱਠਜੋੜ ਦੇ ਹੱਕ 'ਚ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਰੂਪਨਗਰ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਚੁੱਕੇ ਹਨ।

ਉਧਰ ਭਾਜਪਾ ਉਮੀਦਵਾਰ ਫਿਲਮੀ ਅਭਿਨੇਤਾ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਵੀ ਆਪਣੇ ਪੁੱਤ ਦੇ ਹੱਕ 'ਚ ਪ੍ਰਚਾਰ ਕਰਨ ਲਈ ਗੁਰਦਾਸਪੁਰ ਪੁੱਜ ਗਏ ਹਨ। ਜਦੋਂਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪੰਜਾਬ ਪੁੱਜ ਚੁੱਕੇ ਹਨ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ 16 ਮਈ ਨੂੰ ਪਟਿਆਲਾ ਸ਼ਹਿਰ ਦੇ ਅਨਾਰਦਾਣਾ ਚੌਕ ਵਿਚ ਰੈਲੀ ਕੀਤੀ ਜਾ ਰਹੀ ਹੈ। ਅਗਲੇ ਦਿਨ ਸ਼ੁਕਰਵਾਰ ਨੂੰ ਕ੍ਰਿਕਟਰ ਤੇ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਰਹੇ ਗੌਤਮ ਗੰਭੀਰ ਅਕਾਲੀ-ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ 'ਚ ਵੱਡਾ ਰੋਡ ਸ਼ੋਅ ਕਰਨਗੇ। ਇਸੇ ਦਿਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹਲਕੇ ਤੋਂ ਆਪਣੀ ਉਮੀਦਵਾਰ ਨੀਨਾ ਮਿੱਤਲ ਦੇ ਹੱਕ 'ਚ ਚੋਣ ਰੈਲੀ ਕਰਨ ਲਈ ਪੁੱਜ ਰਹੇ ਹਨ। ਜਦੋਂਕਿ ਪਰਨੀਤ ਕੌਰ ਦੇ ਹੱਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਵੀਰਵਾਰ ਨੂੰ ਡੇਰਾਬੱਸੀ ਤੇ ਸ਼ਾਮ ਸਮੇਂ ਪਟਿਆਲਾ ਹਲਕੇ ਦੇ ਤ੍ਰਿਪੜੀ ਤੇ ਕਿਲ੍ਹਾ ਚੌਕ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਜਾਵੇਗਾ।

Posted By: Jagjit Singh