ਨਰੇਸ਼ ਕਾਲੀਆ/ਹਤਿੰਦਰ ਸ਼ਰਮਾ, ਗੁਰਦਾਸਪੁਰ : ਸਵੇਰੇ 7 ਵਜੇ ਦਾ ਸਮਾਂ, ਆਲੀਸ਼ਾਨ ਹਵੇਲੀ ਨੁਮਾ ਕੋਠੀ ਦੇ ਇਕ ਕਮਰੇ ਦਾ ਦਰਵਾਜ਼ਾ ਖੁੱਲ੍ਹਦਾ ਹੈ। ਮਿਲਟਰੀ ਰੰਗ ਦੀ ਪੈਂਟ ਤੇ ਸਲੇਟੀ ਰੰਗ ਦੀ ਕਮੀਜ਼ 'ਚ ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਨਾਲ ਸੰਨੀ ਦਿਓਲ ਬਾਹਰ ਆਉਂਦੇ ਹਨ ਤੇ ਕੋਠੀ ਦੇ ਗਾਰਡਨ 'ਚ ਮੌਜੂਦ ਵੱਖ-ਵੱਖ ਚੈਨਲਾਂ ਤੇ ਪੋਰਟਲਾਂ ਦੇ ਪੱਤਰਕਾਰਾਂ ਸਮੇਤ ਕੁਝ ਲੋਕਾਂ ਨਾਲ ਹੱਥ ਮਿਲਾਉਂਦੇ ਹਨ। ਸੰਨੀ ਦੀ ਝਲਕ ਪਾਉਣ ਲਈ 10-15 ਮਿੰਟਾਂ 'ਚ ਕਰੀਬ 200 ਲੋਕ ਇਕੱਠੇ ਹੋ ਜਾਂਦੇ ਹਨ।

ਸੰਨੀ ਦਿਓਲ ਕੁਝ ਪੱਤਰਕਾਰਾਂ ਨੂੰ ਇੰਟਰਵਿਊ ਦੇਣ 'ਚ ਰੁਝ ਜਾਂਦੇ ਹਨ। ਇਸ ਦੌਰਾਨ ਗੁਰਦਾਸਪੁਰ ਲੋਕ ਸਭਾ ਸੀਟ ਦੇ ਇੰਚਾਰਜ ਸੀਨੀਅਰ ਭਾਜਪਾ ਆਗੂ ਕਮਲ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੀ ਉਨ੍ਹਾਂ ਨੂੰ ਮਿਲਦੇ ਹਨ।

ਸੰਨੀ ਦੇ ਪਹਿਲੀ ਵਾਰ ਸਿਆਸਤ 'ਚ ਕੁੱਦਣ ਕਾਰਨ ਚਿਹਰੇ 'ਤੇ ਥੋੜ੍ਹੀ ਪਰੇਸ਼ਾਨੀ ਜ਼ਰੂਰ ਦਿਖਾਈ ਦਿੰਦੀ ਹੈ ਪਰ ਉਹ ਭਾਜਪਾ ਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ 'ਚ ਰੁੱਝ ਜਾਂਦੇ ਹਨ। ਇਹ ਹੈ ਲੋਕ ਸਭਾ ਉਮੀਦਵਾਰ ਦੇ ਦਿਨ ਦੀ ਸ਼ੁਰੂਆਤ ਦਾ ਹਾਲ। 'ਪੰਜਾਬੀ ਜਾਗਰਣ' ਵੱਲੋਂ ਇਕ ਦਿਨ ਸੰਨੀ ਦਿਓਲ ਦੇ ਨਾਲ ਗੁਜ਼ਾਰਿਆ ਗਿਆ। ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਹੈ ਸੰਨੀ ਦਿਓਲ ਨਾਲ ਗੁਜ਼ਾਰੇ ਦਿਨ ਦੀ ਜਾਣਕਾਰੀ :

'ਤਾਰੀਖ਼ ਪਰ ਤਾਰੀਖ਼' ਸੁਣ ਵਕੀਲ ਹੋਏ ਬਾਗੋਬਾਗ

ਸੰਨੀ ਦਿਓਲ ਆਪਣੇ ਦਿਨ ਦੇ ਪਹਿਲੇ ਪ੍ਰੋਗਰਾਮ ਤਹਿਤ 12 ਵਜੇ ਵਕੀਲਾਂ ਨਾਲ ਮੁਲਾਕਾਤ ਲਈ ਗੁਰਦਾਸਪੁਰ ਦੇ ਕੋਰਟ ਕੰਪਲੈਕਸ ਪਹੁੰਚੇ। ਉਨ੍ਹਾਂ ਨਾਲ ਕਮਲ ਸ਼ਰਮਾ, ਬੱਬੇਹਾਲੀ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਾਲ ਕ੍ਰਿਸ਼ਨ ਮਿੱਤਲ ਅਤੇ ਕਈ ਆਗੂ ਮੌਜੂਦ ਸਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਸੰਨੀ ਦਿਓਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੁਰਦਾਸਪੁਰ ਦੇ ਸਾਬਕਾ ਐੱਮਪੀ ਵਿਨੋਦ ਖੰਨਾ ਵੱਲੋਂ ਗੁਰਦਾਸਪੁਰ ਹਲਕੇ ਲਈ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਦੱਸਿਆ ਗਿਆ। ਇਸ ਦੌਰਾਨ ਪੇਸ਼ੀ ਭੁਗਤਣ ਆਏ ਲੋਕ ਸੰਨੀ ਦਿਓਲ ਨੂੰ ਦੇਖਣ ਲਈ ਸੁਰੱਖਿਆ ਘੇਰੇ ਨੂੰ ਤੋੜਦੇ ਹੋਏ ਵਕੀਲਾਂ ਦੇ ਹਾਲ 'ਚ ਦਾਖ਼ਲ ਹੋ ਗਏ।

ਲੋਕਾਂ ਦਾ ਸੰਨੀ ਪ੍ਰਤੀ ਜਨੂੰਨ ਦੇਖ ਕੇ ਸੰਨੀ ਦਿਓਲ ਨੂੰ ਸਮੇਂ ਤੋਂ ਪਹਿਲਾਂ ਹੀ ਬੋਲਣ ਲਈ ਕਿਹਾ ਗਿਆ। ਉਨ੍ਹਾਂ ਦੇ ਕੁਰਸੀ ਤੋਂ ਉੱਠਦੇ ਸਾਰ ਹੀ ਲੋਕਾਂ ਨੇ ਤਾੜੀਆਂ ਵਜਾਉਣੀਆਂ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੰਨੀ ਦਿਓਲ ਵੱਲੋਂ ਮੌਕੇ 'ਤੇ ਚੌਕਾ ਮਾਰਦਿਆਂ 'ਦਾਮਿਨੀ' ਫ਼ਿਲਮ ਦਾ ਆਪਣਾ ਪ੍ਰਸਿੱਧ ਡਾਇਲਾਗ 'ਤਾਰੀਖ਼ ਪਰ ਤਾਰੀਖ਼ ਸੁਣਾਇਆ' ਅਤੇ ਨਾਲ ਹੀ ਕਿਹਾ ਕਿ ਹੁਣ ਇਨਸਾਫ਼ ਹੋ ਕੇ ਰਹੇਗਾ। ਵਕੀਲਾਂ ਦੀ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ। ਸੰਨੀ ਦਿਓਲ ਨੇ ਮੁਸ਼ਕਿਲ ਨਾਲ ਡੇਢ ਮਿੰਟ 'ਚ ਆਪਣਾ ਭਾਸ਼ਣ ਮੁਕਾ ਦਿੱਤਾ।

ਬਿਨਾਂ ਖਾਣਾ ਖਾਧੇ ਲੱਗੇ ਰਹੇ ਪ੍ਰਚਾਰ 'ਚ

ਪੂਰੇ ਦਿਨ ਦੇ ਪ੍ਰੋਗਰਾਮ ਦੌਰਾਨ ਸੰਨੀ ਦਿਓਲ ਨੇ ਖਾਣਾ ਨਹੀਂ ਖਾਧਾ। ਗੁਰਦਾਸਪੁਰ ਬਾਰ ਐਸੋਸੀਏਸ਼ਨ, ਚਰਚ ਅਤੇ ਬਟਾਲਾ ਬਾਰ ਐਸੋਸੀਏਸ਼ਨ 'ਚ ਪ੍ਰੋਗਰਾਮ ਦੌਰਾਨ ਉਨ੍ਹਾਂ ਚਾਹ ਜਾਂ ਪਾਣੀ ਅਤੇ ਕੁਝ ਸਨੈਕਸ ਹੀ ਖਾਧੇ। ਗੁਰਦਾਸਪੁਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਆਪਣਾ ਦਿਨ ਦਾ ਪ੍ਰੋਗਰਾਮ ਸਮਾਪਤ ਕੀਤਾ ਅਤੇ ਕਰੀਬ 9 ਵਜੇ ਉਹ ਵਾਪਸ ਗੁਰਦਾਸਪੁਰ ਸਥਿਤ ਆਪਣੀ ਕੋਠੀ ਪਹੁੰਚ ਗਏ, ਜਿੱਥੇ ਕਾਫ਼ੀ ਦੇਰ ਤਕ ਭਾਜਪਾ ਆਗੂਆਂ ਨਾਲ ਗੱਲਬਾਤ ਕਰਦੇ ਰਹੇ।

ਲੋਧੀਨੰਗਲ ਨੇ ਮੱਥਾ ਟੇਕਣ ਲਈ ਸੰਨੀ ਨੂੰ ਦਿੱਤਾ 500 ਦਾ ਨੋਟ

ਟਿੱਬਾ ਬਾਜ਼ਾਰ ਤੋਂ ਹੁੰਦੇ ਹੋਏ ਸਾਢੇ 6 ਵਜੇ ਸੰਨੀ ਦਿਓਲ ਮੰਦਰ ਕਾਲੀ ਦੁਆਰ ਪਹੁੰਚੇ, ਜਿਥੇ ਉਨ੍ਹਾਂ ਨੂੰ ਨਤਮਸਤਕ ਹੋਣ ਤੋਂ ਬਾਅਦ ਸਨਮਾਨਤ ਕੀਤਾ ਗਿਆ। 7 ਵਜੇ ਦੇ ਕਰੀਬ ਉਹ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਪੁਹੰਚੇ। ਜ਼ਿਕਰਯੋਗ ਗੱਲ ਇਹ ਸੀ ਕਿ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਉਨ੍ਹਾਂ ਕੇਸਰੀ ਰੰਗ ਦੀ ਪੱਗ ਬੰਨ੍ਹ ਲਈ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵੀ ਮੌਜੂਦ ਸਨ। ਮੱਥਾ ਟੇਕਣ ਲਈ ਸੰਨੀ ਦਿਓਲ ਨੂੰ ਵਿਧਾਇਕ ਲੋਧੀਨੰਗਲ ਨੇ 500 ਰੁਪਏ ਦਾ ਨੋਟ ਫੜਾਇਆ। ਸੰਨੀ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਅਤੇ ਗੁਰੂ ਨਾਨਕ ਸਾਹਿਬ ਦੀ ਤਸਵੀਰ ਭੇਟ ਕਰ ਕੇ ਸਨਮਾਨਤ ਕੀਤਾ ਗਿਆ।

ਗਰਮੀ 'ਚ ਬੇਹਾਲ ਨਜ਼ਰ ਆਇਆ 'ਦੇਵਾ'

ਜਿਵੇਂ-ਜਿਵੇਂ ਸੰਨੀ ਦਾ ਰੋਡ ਸ਼ੋਅ ਅੱਗੇ ਵੱਧ ਰਿਹਾ ਸੀ, ਉਸੇ ਤਰ੍ਹਾਂ ਗਰਮੀ ਵੀ ਆਪਣਾ ਰੰਗ ਦਿਖਾ ਰਹੀ ਸੀ। ਕਦੇ ਉਹ ਟੋਪੀ ਲਗਾ ਲੈਂਦੇ ਤੇ ਕਦੇ ਉਤਾਰ ਦਿੰਦੇ। ਵਾਰ-ਵਾਰ ਪਸੀਨਾ ਸਾਫ ਕਰਦੇ ਰਹੇ ਤੇ ਪਾਣੀ ਪੀਂਦੇ ਰਹੇ। ਸੰਨੀ ਦਿਓਲ ਦੀ ਹਾਲਤ ਨੂੰ ਦੇਖ ਕੇ ਕਈਆਂ ਨੇ ਤਾਂ ਪਾਣੀ ਦੀਆਂ ਬੋਤਲਾਂ ਉਨ੍ਹਾਂ ਵੱਲ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਭੀੜ 'ਚ ਇਕ ਜਣੇ ਨੇ ਤਾਂ ਆਪਣੀ ਛੱਤਰੀ ਸੰਨੀ ਦਿਓਲ ਨੂੰ ਦੇ ਦਿੱਤੀ।

ਮੁੱਦਿਆਂ ਦਾ ਜ਼ਿਕਰ ਨਾ ਕਰ ਸਕੇ ਸੰਨੀ

ਸੰਨੀ ਦਿਓਲ ਦਾ ਕਾਫ਼ਲਾ ਭੀੜ ਜ਼ਿਆਦਾ ਹੋਣ ਕਾਰਨ ਬੇਹੱਦ ਹੌਲੀ ਰਫਤਾਰ ਨਾਲ ਅੱਗੇ ਵੱਧ ਰਿਹਾ ਸੀ। ਟਰੱਕ 'ਚੋਂ ਲੋਕਾਂ ਵੱਲ ਦੇਖ ਕੇ ਹੱਥ ਹਿਲਾਉਣਾ, ਦੋ ਹੱਥ ਜੋੜਣ ਦਾ ਸਿਲਸਿਲਾ ਪੂਰੇ ਰੋਡ ਸ਼ੋਅ ਦੌਰਾਨ ਜਾਰੀ ਰਿਹਾ। ਇਸ ਦੌਰਾਨ ਉਨ੍ਹਾਂ ਕਈ ਵਾਰ ਬੋਲਣ ਦੀ ਕੋਸ਼ਿਸ਼ ਕੀਤੀ ਪਰ ਵਾਰ-ਵਾਰ 4-5 ਲਾਈਨਾਂ ਦੁਹਰਾ ਕੇ ਚੁੱਪ ਕਰ ਜਾਂਦੇ। ਉਹ ਆਪਣੇ ਭਾਸ਼ਣ 'ਚ ਲੋਕਾਂ ਨੂੰ ਆਪਣੇ ਨਾਲ ਜੋੜਣ ਅਤੇ ਉਨ੍ਹਾਂ ਦੇ ਦੱਸੇ ਅਨੁਸਾਰ ਕੰਮ ਕਰਨ ਦੀ ਗੱਲ ਕਰਦੇ ਰਹੇ।

ਸਿਆਸੀ ਅਤੇ ਸਥਾਨਕ ਮੱਦਿਆਂ ਤੋਂ ਉਹ ਬਚਦੇ ਨਜ਼ਰ ਆਏ। ਰੋਡ ਸ਼ੋਅ ਦੌਰਾਨ ਉਹ ਫਿਲਮੀ ਡਾਇਲਾਗ 'ਹਿੰਦੁਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ ਅਤੇ ਜ਼ਿੰਦਾਬਾਦ ਰਹੇਗਾ' ਦੇ ਨਾਅਰਿਆਂ ਤੋਂ ਇਲਾਵਾ ਵਾਰ-ਵਾਰ 'ਭਾਰਤ ਮਾਤਾ ਦੀ ਜੈ', 'ਜੈ ਸ਼੍ਰੀ ਰਾਮ', 'ਬੋਲੇ ਸੋ ਨਿਹਾਲ' ਆਦਿ ਦੇ ਜੈਕਾਰੇ ਲਗਾਉਂਦੇ ਨਜ਼ਰ ਆਏ।

ਸੰਨੀ ਦੀ ਜਿੱਤ ਲਈ ਚਰਚ 'ਚ ਕੀਤੀ ਪ੍ਰਾਰਥਨਾ

ਦੁਪਹਿਰ ਸਾਢੇ 12 ਵਜੇ ਸੰਨੀ ਦਿਓਲ ਗੁਰਦਾਸਪੁਰ ਦੀ ਸੇਂਟ ਫਰਾਂਸਿਸ ਕੈਥੋਲਿਕ ਚਰਚ ਪਹੁੰਚੇ। ਚਰਚ 'ਚ 200 ਦੇ ਕਰੀਬ ਲੋਕ ਮੌਜੂਦ ਸਨ। ਚਰਚ 'ਚ ਸੰਨੀ ਦਿਓਲ ਨੇ ਇਕ ਹੱਥ ਉੱਪਰ ਚੁੱਕ ਕੇ 'ਹਾਲੇ ਲੂਈਆ' ਦਾ ਜੈਕਾਰਾ ਲਗਾਇਆ।

ਇਸ ਮੌਕੇ ਫ਼ਾਦਰ ਜੋਹਨ ਅਤੇ ਸਿਸਟਰ ਲੂਸੀ ਵੱਲੋਂ ਸੰਨੀ ਦਿਓਲ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ। ਚਰਚ 'ਚ ਸੰਨੀ ਦਿਓਲ ਦੀ ਜਿੱਤ ਵਾਸਤੇ ਪ੍ਰਾਥਨਾ ਵੀ ਕੀਤੀ ਗਈ। ਇਸ ਉਪਰੰਤ ਪ੍ਰਬੰਧਕ ਉਨ੍ਹਾਂ ਨੂੰ ਇਕ ਵੱਖਰੇ ਕਮਰੇ ' ਲੈ ਗਏ, ਜਿੱਥੇ ਸੰਨੀ ਦਿਓਲ ਨੇ ਕਰੀਬ 10 ਮਿੰਟ ਆਰਾਮ ਕੀਤਾ।

ਇਕ ਵਜੇ ਦੇ ਕਰੀਬ ਉਹ ਆਪਣੀ ਰੇਂਜ ਰੋਵਰ ਗੱਡੀ 'ਚ ਬੈਠ ਕੇ ਬਟਾਲਾ ਲਈ ਰਵਾਨਾ ਹੋ ਗਏ। ਦੁਪਹਿਰ ਦੋ ਵਜੇ ਸੰਨੀ ਦਿਓਲ ਬਟਾਲਾ ਦੇ ਵਕੀਲਾਂ ਨਾਲ ਮੁਲਾਕਾਤ ਕਰਨ ਪਹੁੰਚੇ। ਗੁਰਦਾਸਪੁਰ ਵਾਂਗ ਬਟਾਲਾ 'ਚ ਵੀ ਵਕੀਲਾਂ 'ਚ ਸੰਨੀ ਦਿਓਲ ਨਾਲ ਸੈਲਫ਼ੀ ਲੈਣ ਦਾ ਕਰੇਜ਼ ਦੇਖਣ ਨੂੰ ਮਿਲਿਆ।

Posted By: Jagjit Singh