ਆਕਾਸ਼, ਗੁਰਦਾਸਪੁਰ : ਚੋਣ ਦੰਗਲ ਆਪਣੇ ਆਖਰੀ ਪੜਾਅ 'ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ 'ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਇਹੀ ਕਾਰਨ ਹੈ ਕਿ ਸੂਬੇ ਦੀਆਂ 13 ਸੀਟਾਂ 'ਤੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਦਾ ਪੰਜਵਾਂ ਗੇਅਰ ਪਾ ਦਿੱਤਾ ਹੈ। ਜਿੱਥੋਂ ਤਕ ਹਾਟ ਸੀਟ ਬਣੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਸਵਾਲ ਹੈ ਤਾਂ ਦੋਵਾਂ ਹੀ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਜਿਥੇ ਉਮੀਦਵਾਰ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ, ਉਥੇ ਹੀ ਉਮੀਦਵਾਰਾਂ ਦੀ ਜਿੱਤ-ਹਾਰ ਨੂੰ ਲੈ ਕੇ ਸ਼ਰਤਾਂ ਲੱਗਣ ਦਾ ਦੌਰ ਸ਼ੁਰੂ ਹੋ ਚੁੱਕਾ ਹੈ।


ਜਾਖੜ ਦੇ ਤਜਰਬੇ ਅਤੇ ਸੰਨੀ ਦੇ ਸਟਾਰਡਮ ਦੀ ਟੱਕਰ

ਸਿਆਸੀ ਤਜਰਬੇਕਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ 'ਤੇ ਬੈਠਣ ਵਾਲੇ ਸੁਨੀਲ ਜਾਖੜ ਦੇ ਸਾਹਮਣੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਜੇਕਰ ਸਿਆਸਤ 'ਚ 'ਕੱਚਾ' ਕਿਹਾ ਜਾਵੇ ਤਾਂ ਸ਼ਾਇਦ ਗਲਤ ਨਹੀਂ ਹੋਵੇਗਾ। ਇਹ ਗੱਲ ਖ਼ੁਦ ਸੰਨੀ ਦਿਓਲ ਵੀ ਕਈ ਵਾਰ ਕਬੂਲ ਕਰ ਚੁੱਕੇ ਹਨ ਕਿ ਉਹ ਸਿਆਸਤ ਦੀ ਬਾਰੇ ਜ਼ਿਆਦਾ ਕੁੱਝ ਨਹੀਂ ਜਾਣਦੇ। ਬੇਸ਼ੱਕ ਇਸ ਪਹਿਲੂ ਤੋਂ ਸੰਨੀ ਦਿਓਲ ਜਾਖ਼ੜ ਸਾਹਮਣੇ ਦੂਰ-ਦੂਰ ਤਕ ਨਹੀਂ ਟਿੱਕਦੇ ਪਰ ਇਸ ਦੇ ਬਾਵਜੂਦ ਸੰਨੀ ਦਿਓਲ ਦੇ ਨਾਲ ਉਨ੍ਹਾਂ ਦਾ ਸੱਭ ਤੋਂ ਮਜ਼ਬੂਤ ਪਹਿਲੂ ਉਨ੍ਹਾਂ ਦਾ ਸਟਾਰਡਮ ਹੈ, ਜੋ ਜਾਖੜ ਦੇ ਤਜਰਬੇ ਨੂੰ ਟੱਕਰ ਦੇਣ ਦੀ ਕਾਬਲੀਅਤ ਰੱਖਦਾ ਹੈ। ਹਾਲਾਂਕਿ ਇਹ ਗੱਲ ਨਤੀਜੇ ਤੋਂ ਬਾਅਦ ਹੀ ਪਤਾ ਲੱਗੇਗੀ ਕਿ ਸੰਨੀ ਦਾ ਸਟਾਰਡਮ ਜਿੱਤਦਾ ਹੈ ਜਾਂ ਜਾਖੜ ਦਾ ਤਜਰਬਾ।

ਜਾਖੜ ਤੇ ਵਿਧਾਇਕਾਂ ਨੇ ਵੱਲੋਂ 9 ਹਲਕਿਆਂ 'ਚ ਪ੍ਰਚਾਰ

ਚੋਣ ਪ੍ਰਚਾਰ 'ਚ ਸੁਨੀਲ ਜਾਖੜ ਆਪਣੇ ਵਿਰੋਧੀ ਦੇ ਮੁਕਾਬਲੇ ਸ਼ੁਰੂ ਤੋਂ ਹੀ ਅੱਗੇ ਚੱਲ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਕਾਂਗਰਸ ਵੱਲੋਂ ਪਹਿਲਾਂ ਹੀ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਸੀ। ਜਦ ਤਕ ਸੰਨੀ ਦਿਓਲ ਦਾ ਨਾਂ ਸਾਹਮਣੇ ਆਇਆ, ਉਦੋਂ ਤਕ ਸੁਨੀਲ ਜਾਖੜ ਕਈ ਹਲਕਿਆਂ ਦੀ ਗੇੜੀ ਕੱਢ ਚੁੱਕੇ ਸਨ। ਦੂਸਰਾ ਕਾਰਨ ਇਹ ਹੈ ਕਿ ਉਨ੍ਹਾਂ ਦੇ 7 ਵਿਧਾਇਕ ਵੀ ਆਪਣੇ ਪੱਧਰ 'ਤੇ ਪਿੰਡ-ਪਿੰਡ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਚੁੱਕੇ ਸਨ। ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਵਿਰੋਧੀ ਵਜੋਂ ਫ਼ਿਲਮ ਸਟਾਰ ਸੰਨੀ ਦਿਓਲ ਮੈਦਾਨ 'ਚ ਉਤਰ ਰਹੇ ਹਨ ਤਾਂ ਸੁਨੀਲ ਜਾਖੜ ਵੱਲੋਂ ਆਪਣੀ ਰਣਨੀਤੀ ਨੂੰ ਫ਼ਿਰ ਤੋਂ ਘੜ੍ਹਿਆ ਗਿਆ ਅਤੇ 9 ਹਲਕਿਆਂ 'ਚ ਫੈਲੇ ਵੱਧ ਤੋਂ ਵੱਧ ਵੋਟਰਾਂ ਤਕ ਪਹੁੰਚਣ ਲਈ ਰੋਜ਼ਾਨਾ 8 ਤੋਂ 10 ਛੋਟੀਆਂ ਵੱਡੀਆਂ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ। ਜਾਖੜ ਦੀ ਚੋਣ ਮੁਹਿੰਮ ਦੀ ਖ਼ਾਸ ਗੱਲ ਇਹ ਨਜ਼ਰ ਆ ਰਹੀ ਹੈ ਕਿ ਉਹ ਹਰ ਚੋਣ ਰੈਲੀ 'ਚ ਮੁੱਦਿਆਂ ਦੀ ਗੱਲ ਕਰ ਰਹੇ ਹਨ। ਜਾਖੜ ਵੱਲੋਂ ਜਿੱਥੇ ਮੋਦੀ ਸਰਕਾਰ ਦੀਆਂ ਨੀਤੀਆਂ 'ਤੇ ਹਮਲੇ ਬੋਲੇ ਜਾ ਰਹੇ ਹਨ, ਉੱਥੇ ਹੀ ਆਪਣੇ 14 ਮਹੀਨੇ ਦੇ ਕੰਮਕਾਜ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਜਾਖੜ ਦੇ ਹੱਕ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭੋਆ ਅਤੇ ਬਟਾਲਾ 'ਚ ਰੈਲੀਆਂ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਨੇ ਵੀ ਪਠਾਨਕੋਟ 'ਚ ਰੋਡ ਸ਼ੋਅ ਕੀਤਾ।ਸੰਨੀ ਦਾ ਸਹਾਰਾ ਸਟਾਰਡਮ ਤੇ ਡਾਇਲਾਗ


ਸਿਆਸਤ 'ਚ ਨਵੇਂ ਹੋਣ ਦੇ ਬਾਵਜੂਦ ਸੰਨੀ ਦਿਓਲ ਦੇ ਸਟਾਰਡਮ 'ਚ ਉਹ ਜਾਦੂ ਹੈ, ਜੋ ਵਿਰੋਧੀ ਦੇ ਤਜਰਬੇ 'ਤੇ ਭਾਰੂ ਪਾ ਸਕਦਾ ਹੈ। ਸ਼ੁਰੂਆਤੀ ਦਿਨਾਂ 'ਚ ਸੰਨੀ ਦਿਓਲ ਇਕੱਲੇ ਹੀ ਚੋਣ ਮੁਹਿੰਮ 'ਚ ਡਟੇ ਰਹੇ ਪਰ ਕੁੱਝ ਦਿਨ ਪਹਿਲਾਂ ਪੁੱਤਰ ਦੀ ਮਦਦ ਲਈ ਪਿਤਾ ਧਰਮਿੰਦਰ ਵੀ ਚੋਣ ਮੈਦਾਨ 'ਚ ਆ ਡਟੇ। ਹਾਲਾਂਕਿ ਇਸ ਵਾਰ ਸੰਨੀ ਦਿਓਲ ਦੇ ਸਮਰਥਨ 'ਚ ਬਾਲੀਵੁੱਡ ਤੋਂ ਸਿਤਾਰਿਆਂ ਦੀ ਉਹ ਫੌਜ ਨਹੀਂ ਪਹੁੰਚੀ, ਜੋ ਵਿਨੋਦ ਖੰਨਾ ਦੇ ਸਮੇਂ ਆਉਂਦੀ ਸੀ। ਸੰਨੀ ਦਿਓਲ ਦਾ ਪ੍ਰਚਾਰ ਸੰਭਾਲਣ ਵਾਲੀ ਟੀਮ ਦੀ ਮੁੱਖ ਟੇਕ ਸੰਨੀ ਦਿਓਲ ਦੇ ਵੱਧ ਤੋਂ ਵੱਧ ਰੋਡ ਸ਼ੋਅ ਕਰਨ 'ਤੇ ਹੀ ਟਿਕੀ ਹੋਈ ਹੈ। ਸੰਨੀ ਦਿਓਲ ਵੱਲੋਂ ਰੈਲੀਆਂ ਅਤੇ ਮੀਟਿੰਗ ਬਹੁਤ ਘੱਟ ਕੀਤੀਆਂ ਜਾ ਰਹੀਆਂ ਹਨ। ਇਸ ਦਾ ਇਕ ਕਾਰਨ ਸਮੇਂ ਦੀ ਘਾਟ ਅਤੇ ਦੂਸਰਾ ਸੰਨੀ ਦਿਓਲ ਨੂੰ ਹਲਕੇ ਨਾਲ ਸਬੰਧਤ ਮੁੱਦਿਆਂ ਦੀ ਜਾਣਕਾਰੀ ਨਾ ਹੋਣਾ ਸਮਝਿਆ ਜਾ ਰਿਹਾ ਹੈ। ਸੰਨੀ ਦਿਓਲ ਵੱਲੋਂ ਬਾਲਾਕੋਟ ਸਟ੍ਰਾਈਕ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਵੱਲੋਂ ਦਰਸਾਈ ਗਈ ਅਗਿਆਨਤਾ ਨਾਲ ਭਾਜਪਾ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਵੱਡਾ ਧੱਕਾ ਲੱਗਾ। ਵਿਰੋਧੀਆਂ ਵੱਲੋਂ ਇਸ ਮੁੱਦੇ ਨੂੰ ਪੂਰਾ ਉਛਾਲਿਆ ਜਾ ਰਿਹਾ ਹੈ। ਸੰਨੀ ਦਿਓਲ ਕੋਲ ਬੇਸ਼ੱਕ ਪਿੰਡ-ਪਿੰਡ ਤਕ ਪਹੁੰਚਣ ਵਾਲੀ ਕਾਂਗਰਸ ਦੇ 7 ਵਿਧਾਇਕਾਂ ਅਤੇ ਸਰਪੰਚਾਂ ਵਰਗੀ ਫੌਜ ਨਹੀਂ ਪਰ ਇਸ ਦੇ ਬਾਵਜੂਦ ਪਿਤਾ ਪੁੱਤਰ ਦੇ ਸਟਾਰਡਮ ਦੀ ਚਕਾਚੌਂਧ ਦੂਰ-ਦੁਰਾਡੇ ਦੇ ਉਨ੍ਹਾਂ ਪਿੰਡਾਂ ਤਕ ਪਹੁੰਚ ਗਈ ਹੈ, ਜਿੱਥੇ ਖੁਦ ਸੰਨੀ ਦਿਓਲ ਨਹੀਂ ਪਹੁੰਚ ਸਕੇ। ਸੰਨੀ ਦੇ ਹੱਕ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਵੀਕੇ ਸਿੰਘ ਪ੍ਰਚਾਰ ਕਰ ਚੁੱਕੇ ਹਨ। ਸਟਾਰ ਹੋਣ ਕਾਰਨ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ 'ਚ ਸੰਨੀ ਦਿਓਲ ਜਾਖੜ ਨਾਲੋਂ ਕਿਸੇ ਵੀ ਪੱਖੋਂ ਪਿੱਛੇ ਦਿਖਾਈ ਨਹੀਂ ਦੇ ਰਹੇ।

Posted By: Jagjit Singh