ਕੁਲਜੀਤ ਸਿੰਘ ਸਿੱਧੂ, ਸਰਦੂਲਗੜ੍ਹ : ਖੁਦਕੁਸ਼ੀਆਂ ਤੋਂ ਪੀੜਤ ਕਿਸਾਨੀ ਦਰਦਾਂ ਨਾਲ ਭਰਿਆ ਘੜਾ ਲੈ ਕੇ ਅਜ਼ਾਦ ਤੌਰ 'ਤੇ ਲੋਕ ਸਭਾ ਚੋਣ ਮੈਦਾਨ 'ਚ ਨਿੱਤਰੀ ਵੀਰਪਾਲ ਕੌਰ ਨੂੰ ਸਿਰਫ 2069 ਵੋਟਾਂ ਹੀ ਪਈਆਂ, ਜਦਕਿ ਕਿਸਾਨ ਵਿਰੋਧੀ ਕਹੀਆਂ ਜਾਣ ਵਾਲੀਆਂ ਪਾਰਟੀਆਂ ਕਾਂਗਰਸ ਤੇ ਅਕਾਲੀਆਂ ਨੂੰ ਲੱਖਾਂ ਵੋਟਾਂ ਨਾਲ ਸਤਿਕਾਰਿਆ ਗਿਆ।

ਹੈਰਾਨਗੀ ਤਾਂ ਉਦੋਂ ਹੁੰਦੀ ਹੈ ਜਦੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਤੇ ਧਰਨੇ-ਰੈਲੀਆਂ ਕਰਨ ਵਾਲੀਆਂ ਯੂਨੀਅਨਾਂ ਦੇ ਆਗੂਆਂ ਤੇ ਵਰਕਰਾਂ ਦੇ ਪਿੰਡਾਂ 'ਚੋਂ ਇਸ ਖੁਦਕਸ਼ੀ ਪੀੜਤ ਵੀਰਪਾਲ ਕੌਰ ਰੱਲਾ ਦੇ 'ਘੜੇ' 'ਚ ਵੋਟ ਦੀ ਕੋਈ 'ਬੂੰਦ' ਨਹੀਂ ਪਈ। ਕਿਸਾਨਾਂ ਨੂੰ ਆਪਣਾ ਹੱਕ ਦਿਵਾਉਣ ਲਈ ਚੋਣ ਪਿੜ੍ਹ 'ਚ ਕੁੱਦੀ ਵੀਰਪਾਲ ਕੌਰ ਨੇ ਇਨ੍ਹਾਂ ਕਿਸਾਨ ਦਰਦੀਆਂ ਦਾ ਕਿਸਾਨ ਪੱਖੀ ਚਿਹਰਾ ਵੀ ਉਜਾਗਰ ਕਰ ਦਿੱਤਾ ਹੈ। ਖ਼ੁਦਕੁਸ਼ੀ ਪਰਿਵਾਰ ਦੀ ਪੀੜਤ ਵੀਰਪਾਲ ਕੌਰ ਨੂੰ ਆਪਣੇ ਵਿਧਾਨ ਸਭਾ ਹਲਕਾ ਮਾਨਸਾ ਦੇ 207 ਬੂਥਾਂ ਤੋਂ ਸਿਰਫ 382 ਵੋਟਾਂ ਹੀ ਪਈਆਂ, ਜਦੋਂ ਕਿ ਕਾਂਗਰਸ ਦੇ ਰਾਜਾ ਵੜਿੰਗ 59,166 ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ 56240 ਵੋਟਾਂ ਹਾਸਲ ਕੀਤੀਆਂ। ਹਲਕਾ ਬੁਢਲਾਡਾ ਦੇ 203 ਬੂਥਾਂ ਤੋਂ ਵੀਰਪਾਲ ਕੌਰ ਦੀ ਝੋਲੀ 370 ਤੇ ਹਲਕਾ ਸਰਦੂਲਗੜ੍ਹ ਦੇ 200 ਬੂਥਾਂ ਤੋਂ 219 ਵੋਟਾਂ ਹੀ ਮਿਲੀਆਂ।

ਕਿਸਾਨੀ ਸਮੱਸਿਆਵਾਂ ਲਈ ਆਜ਼ਾਦ ਉਮੀਦਵਾਰ ਵਜੋਂ ਨਿੱਤਰੀ ਵੀਰਪਾਲ ਕੌਰ ਨੂੰ ਮਾਨਸਾ ਹਲਕੇ ਦੇ 61 ਬੂਥਾਂ ਤੋਂ ਕੋਈ ਵੀ ਵੋਟ ਪੋਲ ਨਹੀਂ ਹੋਈ, ਜਦੋਂਕਿ 61 ਬੂਥਾਂ ਤੋਂ ਸਿਰਫ ਇਕ-ਇਕ ਵੋਟ ਮਿਲੀ। ਸਭ ਤੋਂ ਵੱਧ 21 ਵੋਟਾਂ ਖਿਆਲਾਂ ਕਲਾਂ ਦੇ ਬੂਥ ਨੰਬਰ 68 ਤੋਂ ਪਈਆਂ। ਵੀਰਪਾਲ ਕੌਰ ਨੂੰ ਆਪਣੇ ਪਿੰਡ ਰੱਲਾ ਵਿਖੇ 32 ਨੰਬਰ ਬੂਥ ਤੋਂ 20 ਵੋਟਾਂ ਮਿਲੀਆਂ। ਕਿਸਾਨੀ ਘੋਲਾਂ ਅਤੇ ਕਿਸਾਨ ਆਗੂਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਭੈਣੀ ਬਾਘਾ ਦੇ ਲੋਕ ਵੀ ਵੀਰਪਾਲ ਦੀ ਹਮਾਇਤ 'ਚ ਨਹੀਂ ਨਿਤਰੇ, ਇਥੋਂ ਕੇਵਲ ਤਿੰਨ ਵੋਟਾਂ ਹਾਸਲ ਹੋਈਆਂ। ਕਾਮਰੇਡੀ ਦਿੱਖ ਵਾਲੇ ਪਿੰਡ ਤਾਮਕੋਟ ਦੇ ਦੋ ਬੂਥਾਂ ਤੋਂ ਵੀਰਪਾਲ ਕੌਰ ਨੂੰ ਸਿਰਫ 8 ਵੋਟਾਂ ਤੇ ਸਮਾਓਂ ਦੇ ਤਿੰਨ ਬੂਥਾਂ ਤੋਂ ਸਿਰਫ 6 ਵੋਟਾਂ ਹੀ ਹਾਸਲ ਹੋਈਆਂ।

ਕਾਰੋਬਾਰੀ ਸ਼ਹਿਰ ਮਾਨਸਾ ਨੇ 145 ਵੋਟ ਪਾ ਕੇ ਵੀਰਪਾਲ ਲਈ ਹਾਅ ਦਾ ਨਾਅਰਾ ਜ਼ਰੂਰ ਮਾਰਿਆ ਪਰ ਇਹ ਨਾਅਰਾ ਸਾਗਰ 'ਚ ਬੂੰਦ ਸਾਬਤ ਹੋਇਆ। ਸੂਤਰਾਂ ਮੁਤਾਬਕ ਜੇਕਰ ਕਿਸਾਨੀ ਘੋਲਾਂ ਦੀ ਗੱਲ ਕਰਨ ਵਾਲੇ ਲੋਕਾਂ ਦੀ ਗੱਲ ਕਰੀਏ ਤਾਂ ਹਰ ਪਿੰਡ ਵਿੱਚ ਹਰੀਆਂ ਪੱਗਾਂ ਵਾਲੇ ਕਿਸਾਨ ਆਗੂਆਂ ਦੀ ਗਿਣਤੀ 10 ਤੋਂ 20 ਹੈ ਪਰ ਵੋਟਾਂ ਪਾਉਣ ਵੇਲੇ ਇਹ ਆਗੂ ਵੀ ਕਿਸਾਨ ਪੱਖੀਆਂ ਦੀ ਥਾਂ ਰਵਾਇਤੀ ਪਾਰਟੀਆਂ ਦਾ ਹੀ ਪੱਲਾ ਫੜਦੇ ਹਨ। ਖੁੰਢ ਚਰਚਾ ਵਾਲਿਆਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਕਿਸਾਨੀ ਦਰਦਾਂ ਦੀ ਥਾਂ ਆਪਣੇ ਨਿੱਜੀ ਦਰਦਾਂ ਲਈ ਵੱਧ ਫਿਕਰਮੰਦ ਹਨ।

ਕਿਸਾਨ-ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਦੇ ਕਨਵੀਨਰ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਜੋ ਕਿਸਾਨੀ ਮੰਗਾਂ ਆਦਿ ਨੂੰ ਲੈ ਕੇ ਆਏ ਦਿਨ ਧਰਨੇ-ਰੈਲੀਆਂ ਕਰਦੇ ਰਹਿੰਦੇ ਹਨ, ਚੋਣਾਂ ਦੌਰਾਨ ਉਨ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਇਹ ਲੋਕ ਆਪਣੇ ਧਰਨੇ-ਰੈਲੀਆਂ ਚ ਇਕੱਠ ਕਰਨ ਲਈ ਖੁਦਕੁਸ਼ੀ ਪੀੜਤ ਪਰਿਵਾਰਾਂ ਜਾਂ ਆਮ ਕਿਸਾਨਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਉਂਦੇ ਹਨ, ਜਦਕਿ ਇਨ੍ਹਾਂ ਨੂੰ ਕਿਸਾਨਾਂ ਜਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਕੋਈ ਲਗਾਅ ਨਹੀਂ ਹੈ। ਇਹ ਕਿਸਾਨ ਆਗੂ ਵੀ ਸਿਆਸੀ ਲੀਡਰਾਂ ਵਾਂਗ ਆਪਣੀਆਂ ਰੋਟੀਆਂ ਸੇਕਦੇ ਹਨ।

ਸੰਘਰਸ਼ ਜਾਰੀ ਰਹੇਗਾ : ਵੀਰਪਾਲ ਕੌਰ

ਵੀਰਪਾਲ ਕੌਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਅੱਗੇ ਵੀ ਇਸੇ ਤਰ੍ਹਾਂ ਸੰਘਰਸ਼ ਕਰਦੀ ਰਹੇਗੀ। ਉਸ ਨੇ ਕਿਹਾ ਕਿ ਪਿੰਡ-ਪਿੰਡ ਜਾ ਕੇ ਉਹ ਕਿਸਾਨਾਂ, ਮਜ਼ਦੂਰਾਂ ਤੇ ਖੁਦਕੁਸ਼ੀ ਪੀੜਤਾਂ ਨੂੰ ਆਪਣੇ ਨਾਲ ਜੋੜੇਗੀ।

Posted By: Jagjit Singh