ਜਾਗਰਣ ਬਿਊਰੋ, ਨਵੀਂ ਦਿੱਲੀ : ਲੋਕ ਸਭਾ ਚੋਣ ਪ੍ਰਚਾਰ ਦੌਰਾਨ ਪੱਛਮੀ ਬੰਗਾਲ 'ਚ ਮੰਗਲਵਾਰ ਨੂੰ ਹੋਈ ਚੋਣ ਹਿੰਸਾ 'ਤੇ ਚੋਣ ਕਮਿਸ਼ਨ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਨਾਰਾਜ਼ ਚੋਣ ਕਮਿਸ਼ਨ ਨੇ ਸਖ਼ਤੀ ਕਰਦੇ ਹੋਏ ਏਡੀਜੀ ਸੀਆਈਡੀ ਰਾਜੀਵ ਕੁਮਾਰ ਨੂੰ ਤੱਤਕਾਲ ਪ੍ਰਭਾਵ ਨਾਲ ਹਟਾ ਕੇ ਕੇਂਦਰੀ ਗ੍ਰਹਿ ਮੰਤਰਾਲੇ ਭੇਜ ਦਿੱਤਾ ਹੈ, ਜਦਕਿ ਸੂਬੇ ਦੇ ਪ੍ਰਿੰਸੀਪਲ ਗ੍ਰਹਿ ਸਕੱਤਰ ਅਤਰੀ ਭੱਟਾਚਾਰੀਆ ਨੂੰ ਵੀ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਚੋਣ ਪ੍ਰਚਾਰ 'ਚ 19 ਘੰਟੇ ਦੀ ਕਟੌਤੀ ਵੀ ਕੀਤੀ ਗਈ ਹੈ। ਕਮਿਸ਼ਨ ਨੇ ਇਸ ਤਰ੍ਹਾਂ ਪਹਿਲੀ ਵਾਰੀ ਕੀਤਾ ਹੈ। ਨਿਯਮਾਂ ਮੁਤਾਬਕ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਪੰਜ ਵਜੇ ਬੰਦ ਹੋਣਾ ਸੀ। ਪਰ ਹੁਣ ਇਹ ਵੀਰਵਾਰ ਰਾਤ 10 ਵਜੇ ਹੀ ਖ਼ਤਮ ਹੋ ਜਾਵੇਗਾ।

ਪੱਛਮੀ ਬੰਗਾਲ ਦੇ ਪ੍ਰਿੰਸੀਪਲ ਗ੍ਰਹਿ ਸਕੱਤਰ ਅਤਰੀ ਭੱਟਾਚਾਰੀਆ 'ਤੇ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਨਿਰਦੇਸ਼ ਦੇ ਕੇ ਚੋਣ ਪ੍ਰਕਿਰਿਆ 'ਚ ਦਖ਼ਲ ਦੇਣ ਦਾ ਦੋਸ਼ ਲੱਗਾ ਹੈ। ਹੁਣ ਅਗਲੇ ਆਦੇਸ਼ ਤਕ ਸੂਬੇ ਦੇ ਮੁੱਖ ਗ੍ਰਹਿ ਸਕੱਤਰ ਗ੍ਰਹਿ ਵਿਭਾਗ ਦੀ ਦੇਖਰੇਖ ਕਰਨਗੇ। ਉੱਥੇ ਏਡੀਜੀ ਸੀਆਈਡੀ ਰਾਜੀਵ ਕੁਮਾਰ ਨੂੰ ਵੀਰਵਾਰ ਸਵੇਰੇ 10 ਵਜੇ ਹੀ ਕੇਂਦਰੀ ਗ੍ਰਹਿ ਮੰਤਰਾਲੇ 'ਚ ਰਿਪੋਰਟ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਪ੍ਰਚਾਰ ਦੇ ਸਮੇਂ 'ਚ ਕਟੌਤੀ 'ਤੇ ਚੋਣ ਕਮਿਸ਼ਨ ਨੇ ਕਿਹਾ, ਇਹ ਸ਼ਾਇਦ ਪਹਿਲੀ ਵਾਰੀ ਹੈ ਜਦੋਂ ਚੋਣ ਕਮਿਸ਼ਨ ਨੇ ਧਾਰਾ 324 ਨੂੰ ਇਸ ਤਰੀਕੇ ਨਾਲ ਲਾਗੂ ਕੀਤਾ ਹੈ। ਪਰ ਇਹ ਅਰਾਜਕਤਾ ਅਤੇ ਹਿੰਸਾ ਹੋਣ ਦੇ ਮਾਮਲਿਆਂ 'ਚ ਅੰਤਮ ਨਹੀਂ ਹੋ ਸਕਦਾ ਜੋ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਨੂੰ ਪ੍ਰਭਾਵਿਤ ਕਰਦਾ ਹੈ। ਚੋਣ ਕਮਿਸ਼ਨ ਨੇ ਸੂਬੇ 'ਚ ਹੋਈ ਹਿੰਸਾ ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਈਸ਼ਵਰ ਚੰਦਰ ਵਿੱਦਿਆ ਸਾਗਰ ਦੀ ਮੂਰਤੀ ਦੀ ਕੀਤੀ ਭੰਨਤੋੜ 'ਤੇ ਕਮਿਸ਼ਨ ਨੂੰ ਡੂੰਘਾ ਦੁੱਖ ਹੈ। ਉਮੀਦ ਹੈ ਕਿ ਸੂਬਾਈ ਪ੍ਰਸ਼ਾਸਨ ਵੱਲੋਂ ਇਹ ਕਰਨ ਵਾਲਿਆਂ ਦਾ ਪਤਾ ਲਾਇਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨ ਨੇ ਪ੍ਰਚਾਰ ਦੇ ਸਮੇਂ 'ਚ ਕਟੌਤੀ ਕਰਦੇ ਹੋਏ ਚੋਣ ਪ੍ਰਚਾਰ ਅਤੇ ਚੋਣਾਂ ਨਾਲ ਜੁੜੇ ਕਿਸੇ ਵੀ ਤਰ੍ਹਾਂ ਦੇ ਸਿਆਸੀ ਅਤੇ ਸਭਿਆਚਾਰਕ ਪ੍ਰੋਗਰਾਮਾਂ 'ਤੇ ਰੋਕ ਲਾ ਦਿੱਤੀ ਹੈ। ਨਾਲ ਹੀ ਕਮਿÎਸ਼ਨ ਨੇ ਰੈਲੀਆਂ ਅਤੇ ਰੋਡ ਸ਼ੋਅ 'ਤੇ ਸਖ਼ਤ ਪਾਬੰਦੀ ਲਾ ਦਿੱਤੀ ਹੈ। ਕਮਿਸ਼ਨ ਨੇ ਸਾਰੀਆਂ ਪਾਰਟੀਆਂ ਨੂੰ ਸਖ਼ਤ ਹਦਾਇਤ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਵੀ ਕਿਸੇ ਤਰ੍ਹਾਂ ਦੇ ਵੀਡੀਓ ਪਾਉਣ ਤੋਂ ਪਰਹੇਜ਼ ਕਰਨ। ਯਾਦ ਰਹੇ ਕਿ ਲੋਕ ਸਭਾ ਚੋਣਾਂ ਦੇ ਆਖਰੀ ਗੇੜ 'ਚ ਪੱਛਮੀ ਬੰਗਾਲ ਦੀਆਂ ਨੌਂ ਸੰਸਦੀ ਸੀਟਾਂ ਦਮਦਮ, ਬਾਰਾਸਾਤ, ਬਸ਼ੀਰਹਾਟ, ਜੈਨਗਰ, ਮਥੁਰਾਪੁਰ, ਜਾਧਵਪੁਰ, ਡਾਇਮੰਡ ਹਾਰਬਰ, ਦੱਖਣੀ ਅਤੇ ਉੱਤਰੀ ਕੋਲਕਾਤਾ 'ਚ 19 ਮਈ ਨੂੰ ਮਤਦਾਨ ਹੋਣਾ ਹੈ।

Posted By: Jagjit Singh