ਨਵਦੀਪ ਢੀਂਗਰਾ, ਪਟਿਆਲਾ : ਲੋਕ ਸਭਾ ਹਲਕਾ ਪਟਿਆਲਾ ਵਿਚ ਵੱਡੀ ਜਿੱਤ ਹਾਸਲ ਕਰਨ ਵਾਲੀ ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਜਿਥੇ ਗਿਣਤੀ ਦੇ ਹਰ ਗੇੜ ਵਿਚ ਪਹਿਲੇ ਸਥਾਨ 'ਤੇ ਰਹੀ, ਉਥੇ ਹੀ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਉਨ੍ਹਾਂ ਦੇ ਹੀ ਬੂਥ 'ਤੇ ਵੀ ਅੱਗੇ ਨਾ ਲੰਘਣ ਦਿੱਤਾ। ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦੇ ਬੂਥ ਵਿਚ ਵੀ ਸਭ ਤੋਂ ਵੱਧ ਵੋਟਾਂ ਹਾਸਲ ਕਰਕੇ ਪ੍ਰਨੀਤ ਕੌਰ ਪਹਿਲੇ ਨੰਬਰ 'ਤੇ ਰਹੀ।

ਲੋਕ ਸਭਾ ਚੋਣਾਂ ਵਿਚ ਡਾ. ਧਰਮਵੀਰ ਗਾਂਧੀ ਆਪਣਾ ਬੂਥ ਵੀ ਨਹੀਂ ਜਿੱਤ ਸਕੇ। ਡਾ. ਗਾਂਧੀ ਨੂੰ ਉਨ੍ਹਾਂ ਦੇ ਆਪਣੇ ਬੂਥ ਤੋਂ ਹੀ ਸਿਰਫ 173 ਵੋਟਾਂ ਪਈਆਂ ਹਨ। ਦੂਸਰੇ ਪਾਸੇ ਆਪਣੀ ਜਿੱਤ ਦਰਜ ਕਰਵਾਉਣ ਵਾਲੇ ਪ੍ਰਨੀਤ ਕੌਰ ਨੂੰ ਡਾ. ਗਾਂਧੀ ਦੇ ਬੂਥ 'ਤੇ 331 ਵੋਟਾਂ ਦੀ ਲੀਡ ਮਿਲੀ ਹੈ। ਲੋਕ ਸਭਾ ਹਲਕਾ ਪਟਿਆਲਾ ਤੋਂ ਪ੍ਰਨੀਤ ਕੌਰ ਆਪਣੇ ਬੂਥ ਸਮੇਤ ਹੋਰਾਂ ਤੋਂ ਲੀਡ ਮਿਲਣ ਦੇ ਨਾਲ ਵੱਡੀ ਜਿੱਤ ਦਾ ਤਾਜ ਸਜਿਆ ਹੈ। ਪ੍ਰਨੀਤ ਕੌਰ ਨੂੰ ਆਪਣੇ ਬੂਥ 89 ਵਿਚ 315 ਵੋਟਾਂ ਮਿਲੀਆਂ ਹਨ। ਇਸੇ ਬੂਥ 'ਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ 97 ਤੇ ਨਵਾਂ ਪੰਜਾਬ ਪਾਰਟੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ 116 ਤੇ ਆਮ ਆਦਮੀ ਪਾਰਟੀ ਉਮੀਦਵਾਰ ਨੀਨਾ ਮਿੱਤਲ ਨੂੰ 14 ਵੋਟਾਂ ਮਿਲੀਆਂ ਹਨ।

ਡਾ. ਧਰਮਵੀਰ ਗਾਂਧੀ ਦੇ ਬੂਥ ਨੰਬਰ 90 ਵਿਚ ਪ੍ਰਨੀਤ ਕੌਰ ਨੂੰ 331 ਵੋਟਾਂ ਮਿਲੀਆਂ ਹਨ। ਡਾ. ਗਾਂਧੀ ਨੂੰ ਆਪਣੇ ਬੂਥ ਤੋਂ 173 ਵੋਟਾਂ ਮਿਲੀਆਂ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਉਮੀਦਵਾਰ ਨੀਨਾ ਮਿੱਤਲ ਨੂੰ ਸਿਰਫ 8 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਮੇਅਰ ਸੰਜੀਵ ਸ਼ਰਮਾ ਦੇ ਬੂਥ ਨੰਬਰ 72 ਵਿਚ ਪ੍ਰਨੀਤ ਕੌਰ ਨੂੰ 249, ਸੁਰਜੀਤ ਸਿੰਘ ਰੱਖੜਾ ਨੂੰ 86, ਆਮ ਆਦਮੀ ਪਾਰਟੀ ਉਮੀਦਵਾਰ ਨੀਨਾ ਮਿੱਤਲ ਨੂੰ 3 ਵੋਟਾਂ ਤੇ ਡਾ. ਧਰਮਵੀਰ ਗਾਂਧੀ ਨੂੰ 56 ਵੋਟਾਂ ਮਿਲੀਆਂ ਹਨ। ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੌਗੀ ਦੇ ਬੂਥ 147 ਵਿਚ ਪ੍ਰਨੀਤ ਕੌਰ ਨੂੰ 521, ਅਕਾਲੀ ਦਲ ਦੇ ਉਮਦੀਵਾਰ ਸੁਰਜੀਤ ਸਿੰਘ ਰੱਖੜਾ ਨੂੰ 96, ਨਵਾਂ ਪੰਜਾਬ ਪਾਰਟੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ 132 ਤੇ ਆਪ ਉਮੀਦਵਾਰ ਨੀਨਾ ਮਿੱਤਲ ਨੂੰ ਸਿਰਫ 10 ਵੋਟਾਂ ਮਿਲੀਆਂ ਹਨ।