ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਕਾਂਗਰਸ ਨੇ ਦਿੱਲੀ ਦੀਆਂ ਸੱਤ ਸੀਟਾਂ 'ਚੋਂ ਛੇ 'ਤੇ ਸੋਮਵਾਰ ਨੂੰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦੀ ਸੂਚੀ ਮੁਤਾਬਿਕ ਚਾਂਦਨੀ ਚੌਕ ਤੋਂ ਜੇਪੀ ਅਗਰਵਾਲ, ਉੱਤਰੀ-ਪੂਰਬੀ ਦਿੱਲੀ ਤੋਂਂ ਸ਼ੀਲਾ ਦੀਕਸ਼ਿਤ, ਪੂਰਬੀ ਦਿੱਲੀ ਤੋਂ ਅਰਵਿੰਦਰ ਸਿੰਘ ਲਵਲੀ, ਨਵੀਂ ਦਿੱਲੀ ਤੋਂ ਅਜੈ ਮਾਕਨ, ਉੱਤਰੀ-ਪੱਛਮੀ ਦਿੱਲੀ (ਸੁਰੱਖਿਅਤ) ਤੋਂ ਰਾਜੇਸ਼ ਲਿਲੋਠੀਆ ਅਤੇ ਪੱਛਮੀ ਦਿੱਲੀ ਤੋਂਂ ਮਹਾਬਲ ਮਿਸ਼ਰਾ ਉਮੀਦਵਾਰ ਹੋਣਗੇ।

ਉੱਥੇ ਹੀ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਹੁਣ ਤਕ ਕਾਂਗਰਸ ਨੇ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ। ਦੱਸਣਾ ਬਣਦਾ ਹੈ ਕਿ ਪੱਛਮੀ ਲੋਕ ਸਭਾ ਸੀਟ ਤੋਂ ਪਹਿਲਵਾਨ ਸੁਸ਼ੀਲ ਕੁਮਾਰ ਦੇ ਚੋਣ ਲੜਨ ਦੀ ਚਰਚਾ ਸੀ ਪਰ ਮਹਾਬਲ ਮਿਸ਼ਰਾ ਨੇ ਟਿਕਟ ਹਾਸਿਲ ਕਰ ਆਪਣੇ ਕੱਦ ਦਾ ਅਹਿਸਾਸ ਕਰਵਾਇਆ ਹੈ।

ਦੱਸ ਦਈਏ ਕਿ ਦਿੱਲੀ ਦੀਆਂ ਸੱਤ ਸੀਟਾਂ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਐਲਾਨਣ ਤੋਂ ਪਹਿਲਾਂ ਐਤਵਾਰ ਨੂੰ ਵੱਡਾ ਹੰਗਾਮਾ ਹੋਇਆ ਸੀ। ਜਿਨ੍ਹਾਂ ਦੋ ਆਗੂਆਂ ਨੂੰ ਟਿਕਟ ਨਾ ਦੇਣ ਦੀ ਚਰਚਾ ਚੱਲ ਰਹੀ ਸੀ, ਉਨ੍ਹਾਂ ਦੇ ਸਮਰਥਕਾਂ ਨੇ ਐਤਵਾਰ ਨੂੰ ਆਪਣੇ ਗੁੱਸੇ ਨੂੰ ਪ੍ਰਗਟ ਕੀਤਾ। ਇਕ ਉਮੀਦਵਾਰ ਦੇ ਸਮਰਥਕਾਂ ਨੇ ਪਾਰਟੀ ਹੈੱਡਕੁਆਰਟਰ 'ਚ ਪ੍ਰਦਰਸ਼ਨ ਕੀਤਾ ਤੇ ਇਕ ਦੇ ਸਮਰਥਕਾਂ ਨੇ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਸੀ। ਪ੍ਰਦਰਸ਼ਨ ਕਰ ਰਹੇ ਸਮਰਥਕਾਂ ਦੇ ਦੋਸ਼ ਹਨ ਕਿ ਪਾਰਟੀ ਨੇ ਬਾਹਰੀ ਆਗੂਆਂ ਨੂੰ ਉਮੀਦਵਾਰ ਬਣਾਇਆ ਹੈ ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਦੀ ਮੰਗ ਸੀ ਕਿ ਉੱਤਰੀ-ਪੱਛਮੀ ਦਿੱਲੀ ਤੋਂ ਸਾਬਕਾ ਮੰਤਰੀ ਰਾਜਕੁਮਾਰ ਚੌਹਾਨ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ, ਜਦਕਿ ਪੱਛਮੀ ਦਿੱਲੀ ਸੀਟ ਤੋਂ ਸਾਬਕਾ ਸੰਸਦ ਮੈਂਬਰ ਮਹਾਬਲ ਮਿਸ਼ਰਾ ਨੂੰ ਟਿਕਟ ਮਿਲੇ। ਉੱਥੇ ਹੀ ਦਬਾਅ ਕੰਮ ਆਇਆ ਤੇ ਮਹਾਬਲ ਮਿਸ਼ਰਾ ਨੂੰ ਟਿਕਟ ਮਿਲ ਗਿਆ।

ਇਸ ਤੋਂ ਪਹਿਲਾਂ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ ਦਾ ਐਤਵਾਰ ਨੂੰ ਸਾਰਾ ਦਿਨ ਇੰਤਜ਼ਾਰ ਹੁੰਦਾ ਰਿਹਾ ਪਰ ਦੇਰ ਰਾਤ ਨਾ ਤਾਂ ਸੂਚੀ ਜਾਰੀ ਕੀਤੀ ਗਈ ਤੇ ਨਾ ਹੀ ਪਾਰਟੀ ਵੱਲੋਂ ਦੇਰੀ ਲਈ ਕੋਈ ਬਿਆਨ ਆਇਆ। ਇਕ ਵਾਰ ਫਿਰ ਸਾਰੇ ਕਿਆਸ ਧਰੇ ਰਹਿ ਗਏ।

ਪਾਰਟੀ ਦੇ ਸੂਤਰਾਂ ਅਨੁਸਾਰ ਉਮੀਦਵਾਰ ਸ਼ਨਿਚਰਵਾਰ ਨੂੰ ਤੈਅ ਕਰ ਦਿੱਤੇ ਸਨ। ਇਨ੍ਹਾਂ ਦੀ ਸੂਚੀ 'ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਦਸਤਖ਼ਤ ਵੀ ਕਰ ਦਿੱਤੇ ਸਨ। ਐਤਵਾਰ ਨੂੰ ਇਨ੍ਹਾਂ ਦਾ ਐਲਾਨ ਕੀਤੇ ਜਾਣ ਦੀ ਪੂਰੀ ਉਮੀਦ ਸੀ ਪਰ ਅਜਿਹਾ ਨਹੀਂ ਹੋਇਆ। ਸੂਤਰਾਂ ਦੀ ਮੰਨੀਏ ਤਾਂ ਕੁਝ ਸੀਟਾਂ ਦੀ ਉਮੀਦਵਾਰੀ 'ਤੇ ਮੁੜ ਵਿਚਾਰ ਚੱਲ ਰਿਹਾ ਹੈ।

Posted By: Akash Deep