ਪੰਜਾਬੀ ਜਾਗਰਣ ਟੀਮ, ਤਰਨਤਾਰਨ/ਖਡੂਰ ਸਾਹਿਬ : ਕਾਂਗਰਸ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ 6 ਸੀਟਾਂ 'ਤੇ ਉਮੀਦਵਾਰ ਬਣਾਉਣ ਦਾ ਫ਼ੈਸਲਾ ਕਰ ਲਿਆ ਹੈ ਜਦੋਂਕਿ 7 ਸੀਟਾਂ 'ਤੇ ਕਾਂਗਰਸੀ ਵਰਕਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਨ੍ਹਾਂ ਸੱਤ ਹਲਕਿਆਂ ਵਿਚ ਲੋਕ ਸਭਾ ਹਲਕਾ ਖਡੂਰ ਸਾਹਿਬ ਵੀ ਸ਼ਾਮਲ ਹੈ , ਜਿਸ ਨੂੰ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਗੜ੍ਹ ਵਜੋਂ ਜਾਣਿਆ ਜਾ ਰਿਹਾ ਹੈ। ਕਾਂਗਰਸ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਜਸਬੀਰ ਸਿੰਘ ਡਿੰਪਾ ਦੀ ਟਿਕਟ ਦਾ ਐਲਾਨ ਪਹਿਲੀ ਸੂਚੀ ਵਿਚ ਨਾ ਹੋਣ ਤੋਂ ਬਾਅਦ ਚਰਚਾ ਬਣੀ ਹੋਈ ਹੈ ਕਿ ਕਾਂਗਰਸ ਜਗੀਰ ਕੌਰ ਤੇ ਪਰਮਜੀਤ ਕੌਰ ਖਾਲੜਾ ਦੇ ਮੁਕਾਬਲੇ ਪੰਥਕ ਚਿਹਰਾ ਮੈਦਾਨ ਵਿਚ ਉਤਾਰ ਸਕਦੀ ਹੈ।

ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੋਂ ਕਾਂਗਰਸ ਦੇ 13 ਆਗੂਆਂ ਨੇ ਟਿਕਟ 'ਤੇ ਦਾਅਵਾ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਡਿੰਪਾ ਖਡੂਰ ਸਾਹਿਬ ਹਲਕੇ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ ਪਰ ਮੰਗਲਵਾਰ ਦੀ ਸ਼ਾਮ ਕਾਂਗਰਸ ਵੱਲੋਂ ਫਾਈਨਲ ਕੀਤੀ ਗਈ ਸੂਚੀ 'ਚ ਉਨ੍ਹਾਂ ਦਾ ਨਾਂ ਨਾ ਆਉਣ ਤੋਂ ਬਾਅਦ ਸਿਆਸੀ ਹਲਕਿਆਂ 'ਚ ਇਹ ਚਰਚਾ ਛਿੜ ਗਈ ਹੈ ਕਿ ਸ਼ਾਇਦ ਕਾਂਗਰਸ ਵੀ ਇਸ ਹਲਕੇ ਤੋਂ ਪੰਥਕ ਦਿੱਖ ਵਾਲਾ ਉਮੀਦਵਾਰ ਉਤਾਰਣ ਦੀ ਤਿਆਰੀ ਵਿਚ ਹੈ। ਸਿਆਸੀ ਮਾਹਿਰਾਂ ਵੱਲੋਂ ਇਸ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਤੇ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੰਥਕ ਉਮੀਦਵਾਰ ਵਜੋਂ ਕਾਂਗਰਸ ਵੇਖ ਰਹੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੀ ਮੈਦਾਨ ਵਿਚ ਹੈ, ਜਿਸ ਨੇ ਪਹਿਲੇ ਸਿੱਖ ਫ਼ੌਜ ਮੁਖੀ ਰਹੇ ਜਨਰਲ ਜੇਜੇ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ, ਜਿਨ੍ਹਾਂ ਨੇ ਆਪਣੀ ਦਿੱਖ ਸਾਬਤ ਸੂਰਤ ਸਿੱਖ ਵਜੋਂ ਸਥਾਪਤ ਕਰ ਲਈ ਹੈ।

ਖਡੂਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਲੈਣ ਵਾਸਤੇ 13 ਆਗੂਆਂ ਜਸਬੀਰ ਸਿੰਘ ਡਿੰਪਾ, ਇੰਦਰਜੀਤ ਸਿੰਘ ਜ਼ੀਰਾ, ਸਰਵਨ ਸਿੰਘ ਧੁੰਨ, ਕੁਲਬੀਰ ਸਿੰਘ ਜੀਰਾ, ਗੁਰਚੇਤ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਜਗਤਾਰ ਸਿੰਘ ਬੁਰਜ, ਹਰਪ੍ਰੀਤ ਸਿੰਘ ਸੰਧੂ, ਮਨਿੰਦਰਪਾਲ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ, ਕਿਰਨਜੀਤ ਸਿੰਘ ਮਿੱਠਾ, ਇੰਦਰਜੀਤ ਸਿੰਘ ਬਾਸਰਕੇ ਅਤੇ ਗੁਰਦੇਵ ਸਿੰਘ ਬਿੱਟੂ ਨੇ ਅਰਜ਼ੀ ਦਿੱਤੀ ਹੈ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਪੂਰੀ ਤਿਆਰੀ ਕਰ ਚੁੱਕੇ ਡਿੰਪਾ ਨੇ ਪਿਛਲੇ ਦਿਨਾਂ 'ਚ ਇਸ ਹਲਕੇ ਨੂੰ ਇਕ ਵਾਰ ਵਾਚ ਵੀ ਲਿਆ ਹੈ ਤੇ ਹਰ ਵਿਧਾਨ ਸਭਾ ਹਲਕੇ 'ਚ ਦਸਤਕ ਦੇਣ ਦਾ ਯਤਨ ਵੀ ਉਨ੍ਹਾਂ ਨੇ ਕੀਤਾ ਹੈ।

ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਡਿੰਪਾ ਨੂੰ ਟਿਕਟ ਦਿਵਾਉਣ ਦੇ ਚਾਹਵਾਨ ਹਨ। ਦੂਜੇ ਪਾਸੇ ਗੁਰਸਿੱਖ ਚਿਹਰੇ ਵਜੋਂ ਇੰਦਰਜੀਤ ਸਿੰਘ ਜ਼ੀਰਾ ਦਾ ਨਾਂ ਵੀ ਚਰਚਾ ਹੈ ਤੇ ਸਰਵਨ ਸਿੰਘ ਧੁੰਨ ਵੀ ਗੁਰਸਿੱਖ ਚਿਹਰੇ ਵਜੋਂ ਟਿਕਟ ਦੇ ਦਾਅਵੇਦਾਰਾਂ ਦੀ ਕਤਾਰ ਵਿਚ ਦੱਸੇ ਜਾ ਰਹੇ ਹਨ। ਪੱਟੀ ਦੇ ਜਗਤਾਰ ਸਿੰਘ ਬੁਰਜ ਵੀ ਗੁਰਸਿੱਖ ਕਾਂਗਰਸੀ ਆਗੂ ਹਨ। ਬੀਤੇ ਸਮੇਂ ਦੌਰਾਨ ਵੱਖ -ਵੱਖ ਸੰਤ ਮਹਾਂਪੁਰਸ਼ਾਂ ਵੱਲੋਂ ਵੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪੰਥਕ ਤੇ ਗੁਰਸਿੱਖ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ।

Posted By: Jagjit Singh