ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਸੂਬੇ ਦੀ ਸਿਆਸਤ ਦਾ ਕੇਂਦਰ ਬਿੰਦੂ ਬਣੀਆਂ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਦੋਵੇਂ ਹੌਟ ਸੀਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੁਚਿੱਤੀ 'ਚ ਫਸਿਆ ਹੋਇਆ ਹੈ। ਬਾਦਲ ਪਰਿਵਾਰ ਦੇ ਕੋਟੇ ਦੀਆਂ ਦੋਵੇਂ ਸੀਟਾਂ ਦੇ ਰਸਮੀ ਐਲਾਨ 'ਚ ਹੋ ਰਹੀ ਦੇਰੀ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਸਭ ਤੋਂ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਬਠਿੰਡਾ ਤੇ ਫਿਰੋਜ਼ਪੁਰ ਤੋਂ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲ੍ਹੇ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਭੰਬੀਰੀ ਨੇ ਕਾਂਗਰਸ ਦੇ ਨਾਲ-ਨਾਲ ਅਕਾਲੀ ਵਰਕਰ ਤੇ ਆਮ ਲੋਕ ਵੀ ਚੱਕਰਾਂ 'ਚ ਪਾਏ ਹੋਏ ਹਨ। ਅਕਾਲੀ ਆਗੂਆਂ ਵੱਲੋਂ ਕਦੇ ਕਿਹਾ ਜਾ ਰਿਹਾ ਹੈ 'ਸਾਡਾ ਪ੍ਰਧਾਨ ਖ਼ੁਦ ਮੈਦਾਨ-ਏ-ਜੰਗ 'ਚ ਫਿਰੋਜ਼ਪੁਰ ਤੋਂ ਲੜੂੰ, ਕਦੇ ਕਿਹਾ ਜਾ ਰਿਹਾ ਹੈ 'ਬੀਬਾ ਹਰਸਿਰਮਤ ਫਿਰੋਜ਼ਪੁਰ ਤੋਂ ਲੜ ਸਕਦੀ ਹੈ ਚੋਣ, ਪ੍ਰਧਾਨ ਲਈ ਬਠਿੰਡਾ ਸੀਟ ਜ਼ਿਆਦਾ ਮਜ਼ਬੂਤ ਰਹੇਗੀ।' ਅਕਾਲੀ ਦਲ ਵੋਟਰਾਂ ਦੀ ਪਿਛਲੇ ਕਈ ਮਹੀਨਿਆਂ ਤੋਂ ਨਬਜ਼ ਟੋਹਣ ਲੱਗਾ ਹੋਇਆ ਹੈ।

ਅਕਾਲੀ ਦਲ ਵੱਲੋਂ ਮਾਲਵੇ ਦੇ ਗੜ੍ਹ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਦੋਵੇਂ ਹੌਟ ਸੀਟਾਂ ਉਮੀਦਵਾਰ ਐਲਾਨ ਦੀ ਕੀਤੀ ਜਾ ਰਹੀ ਦੇਰੀ ਇਸ ਨੂੰ ਪੁੱਠੀ ਵੀ ਪੈ ਸਕਦੀ ਹੈ। ਸੀਨੀਅਰ ਅਕਾਲੀ ਲੀਡਰ ਦੱਬੀ ਆਵਾਜ਼ ਵਿਚ ਦੱਸਦੇ ਹਨ ਕਿ ਦੋਵੇਂ ਸੀਟਾਂ ਬਾਦਲ ਪਰਿਵਾਰ ਲਈ ਰਾਖਵੀਂਆਂ ਰੱਖੀਆਂ ਹੋਈਆਂ ਹਨ ਤੇ ਜਦੋਂ ਲੜਨਾ ਹੀ ਸੁਖਬੀਰ ਤੇ ਹਰਸਿਮਰਤ ਨੇ ਹੈ ਤਾਂ ਫੇਰ ਰੌਲਾ ਕਾਹਦਾ, ਸੁਖਬੀਰ ਫ਼ੈਸਲਾ ਕਰ ਕੇ ਚੋਣ ਮੈਦਾਨ ਵਿਚ ਆਉਣ, ਐਵੇਂ ਲੋਕਾਂ ਨੂੰ ਘੁੰਮਣਘੇਰੀਆਂ 'ਚ ਪਾਉਣ ਨਾਲ ਕਿਤੇ ਮੇਲਾ ਵਿਰੋਧੀ ਹੀ ਲੁੱਟ ਕੇ ਨਾ ਲੈ ਜਾਣ।

ਇਕ ਹੋਰ ਸੀਨੀਅਰ ਅਕਾਲੀ ਲੀਡਰ ਨੇ 'ਪੰਜਾਬੀ ਜਾਗਰਣ' ਨੂੰ ਦੱਸਿਆ ਕਿ ਬਠਿੰਡਾ ਤੋਂ ਹਰਸਿਮਰਤ ਦੀ ਉਮੀਦਵਾਰੀ ਬਾਰੇ ਕੋਈ ਰੌਲਾ ਨਹੀਂ, ਅਸਲ ਵਿਚ ਰੌਲਾ ਤਾਂ ਸਾਰਾ ਫਿਰੋਜ਼ਪੁਰ ਸੀਟ ਦਾ ਹੈ, ਕਾਕਾ ਜੀ ਫ਼ੈਸਲਾ ਹੀ ਨਹੀਂ ਕਰ ਪਾ ਰਹੇ, ਜਦੋਂ ਗੱਲ ਕਰੋ ਕਹਿੰਦੇ ਹਨ ਕਿ ਜਰ ਐਨੀ ਕੀ ਕਾਹਲੀ ਐ, ਕਾਂਗਰਸ ਕੀਹਨੂੰ ਉਤਾਰਦੀ ਹੈ ਮੈਦਾਨ 'ਚ, ਫੇਰ ਵੇਖਾਂਗੇ ਵਿਰੋਧੀ ਦਾ ਕੱਦ ਨਾਪ ਤੋਲ ਕੇ ਤੱਕੜੀ ਮੁਕਾਬਲੇ।

ਪਾਰਟੀ ਦੀ ਕੋਰ ਕਮੇਟੀ ਮੀਟਿੰਗ 'ਚ ਜਦੋਂ ਫਿਰੋਜ਼ਪੁਰ ਸੀਟ 'ਤੇ ਸੁਖਬੀਰ ਬਾਦਲ ਦੇ ਨਾਂ 'ਤੇ ਚਰਚਾ ਹੋਈ ਤਾਂ ਸੁਖਬੀਰ ਬਾਦਲ ਨੇ ਤਰਕ ਦਿੱਤਾ ਸੀ ਕਿ ਜੇ ਕਾਂਗਰਸ ਨੇ ਫਿਰੋਜ਼ਪੁਰ ਤੋਂ ਉਨ੍ਹਾਂ ਦੇ ਕੱਦ ਦੇ ਮੁਕਾਬਲੇ ਕੋਈ ਬਰਾਬਰ ਦਾ ਲੀਡਰ ਮੈਦਾਨ ਵਿਚ ਉਤਾਰਿਆ ਤਾਂ ਮੈਂ ਚੋਣ ਲੜਾਂਗਾ ਤੇ ਫਿਰੋਜ਼ਪੁਰ ਤੋਂ ਘੁਬਾਇਆ ਜਾਂ ਕਿਸੇ ਹੋਰ ਛੋਟੇ ਲੀਡਰ ਨੂੰ ਟਿਕਟ ਦਿੱਤੀ ਤਾਂ ਮੈਂ ਨਹੀਂ ਲੜਾਂਗਾ। ਅਜਿਹੀ ਸਥਿਤੀ ਵਿਚ ਫਿਰੋਜ਼ਪੁਰ ਤੋਂ ਜਨਮੇਜਾ ਸਿੰਘ ਸੇਖੋਂ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ ਜਾਵੇ।

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਬੀਤੇ ਦਿਨੀਂ ਕੋਰ ਮੀਟਿੰਗ 'ਚ ਸੁਖਬੀਰ ਦਾ ਕਹਿਣਾ ਸੀ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ, ਕੇਂਦਰ 'ਚ ਮੰਤਰੀ ਰਹਿ ਚੁੱਕਿਆ, ਐੱਮਪੀ ਦੀ ਚੋਣ ਲੜ ਚੁੱਕਿਆ, ਕਈ ਵਾਰ ਵਿਧਾਇਕ ਰਹਿ ਚੁੱਕਿਆ, ਮੈਂ ਆਪਣੇ ਕੱਦ ਦੇ ਆਗੂ ਦੇ ਮੁਕਾਬਲੇ ਹੀ ਚੋਣ ਲੜਾਂ ਤਾਂ ਬਿਹਤਰ ਹੋਵੇਗਾ, ਬਾਕੀ ਪਾਰਟੀ ਦਾ ਜੋ ਵੀ ਹੁਕਮ ਹੋਵੇਗਾ ਉਹ ਸਿਰ ਮੱਥੇ।

ਥੋੜਾ ਇੰਤਜ਼ਾਰ ਕਰੋ ਲੱਗ'ਜੂ ਪਤਾ : ਸੁਖਬੀਰ

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਜਰ, ਤੁਸੀਂ ਵੀ ਮੀਡੀਆ ਵਾਲੇ ਐਵੇਂ ਹੀ ਰੌਲਾ ਪਾਈ ਜਾਂਦੇ ਹੋ! ਅਸੀਂ 8 ਸੀਟਾਂ 'ਤੇ ਉਮੀਦਵਾਰ ਐਲਾਨ ਚੁੱਕੇ ਹਾਂ, ਸਿਰਫ਼ ਬਠਿੰਡਾ ਅਤੇ ਫਿਰੋਜ਼ਪੁਰ ਰਹਿੰਦੇ ਨੇ ਤੇ ਉਹ ਵੀ ਸਾਡੀ ਪਾਰਟੀ ਦੀ ਕੋਰ ਕਮੇਟੀ ਜਲਦ ਹੀ ਫ਼ੈਸਲਾ ਲੈ ਲਵੇਗੀ, ਤੁਸੀਂ ਦੱਸੋ ਕਾਂਗਰਸ ਨੇ ਕਿਹੜਾ ਦੋਵੇਂ ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ, ਥੋੜ੍ਹਾ ਇੰਤਜ਼ਾਰ ਕਰੋ ਪਤਾ ਲੱਗ ਜਾਊਗਾ। ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਪਾਰਟੀ ਜੋ ਹੁਕਮ ਕਰੇਗੀ, ਉਹ ਮੈਂ ਸਿਰ ਮੱਥੇ ਮੰਨਾਂਗਾ ਤੇ ਮੰਨਦਾ ਰਿਹਾ ਹਾਂ, ਚਾਹੇ ਗੱਲ ਫਿਰੋਜ਼ਪੁਰ ਦੀ ਹੋਵੇ ਜਾਂ ਫੇਰ ਬਠਿੰਡਾ ਦੀ।

Posted By: Jagjit Singh