ਜਸਪਾਲ ਸਿੰਘ ਜੱਸੀ, ਤਰਨਤਾਰਨ : 1977 ਮਗਰੋਂ ਹੁਣ ਆ ਕੇ ਕਾਂਗਰਸ ਪਾਰਟੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਫ਼ਤਹਿ ਹਾਸਲ ਕਰਨ ਦਾ ਸੁਪਨਾ ਵੇਖ ਰਹੀ ਹੈ। 2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਸ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ 'ਚੋਂ 8 ਤੇ ਸ਼੍ਰੋਮਣੀ ਅਕਾਲੀ ਦਲ ਤੇ ਇਕ ਹਲਕੇ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਕਰਦਿਆਂ ਕਾਂਗਰਸ ਨੇ 144 ਹਜ਼ਾਰ 708 ਵੋਟਾਂ ਨਾਲ ਜਿੱਤ ਦਰਜ ਕਰਵਾਈ ਸੀ। ਕਾਂਗਰਸ ਵੱਲੋਂ ਮੈਦਾਨ 'ਚ ਉਤਾਰੇ ਗਏ ਜਸਬੀਰ ਸਿੰਘ ਡਿੰਪਾ ਨੂੰ ਇਸ ਲੀਡ ਨੂੰ ਕਾਇਮ ਰੱਖਣਾ ਵੱਡੀ ਚੁਣੌਤੀ ਹੋਵੇਗਾ, ਕਿਉਂਕਿ ਲੋਕ ਸਭਾ ਲਈ ਹੋਣ ਜਾ ਰਹੀ ਚੋਣ 'ਚ ਅਕਾਲੀ ਦਲ ਦੇ ਨਾਲ-ਨਾਲ ਪੰਜਾਬ ਜਮਹੂਰੀ ਗਠਜੋੜ ਤੇ ਅਕਾਲੀ ਦਲ ਟਕਸਾਲੀ ਵੀ ਮੈਦਾਨ 'ਚ ਡੱਟਿਆ ਹੋਇਆ ਹੈ।

ਵਿਧਾਨ ਸਭਾ ਚੋਣਾਂ 2017 ਵਿਚ ਜੰਡਿਆਲਾ ਹਲਕੇ 'ਚੋਂ ਕਾਂਗਰਸ ਨੇ 18,422 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਉਦੋਂ ਕਾਂਗਰਸ ਨੂੰ 53,042 ਅਤੇ ਅਕਾਲੀ ਦਲ ਨੂੰ 34,620 ਵੋਟਾਂ ਮਿਲੀਆਂ ਸਨ। ਤਰਨਤਾਰਨ ਹਲਕੇ ਵਿਚ ਵੀ ਕਾਂਗਰਸ ਨੇ 14,629 ਵੋਟਾਂ ਦੇ ਫਰਕ ਨਾਲ 45 ਸਾਲ ਬਾਅਦ ਸਿੱਧੀ ਲੜਾਈ 'ਚ ਇਹ ਹਲਕਾ ਫ਼ਤਹਿ ਕੀਤਾ ਸੀ। ਇਥੇ ਕਾਂਗਰਸ ਨੂੰ 59,794 ਅਤੇ ਅਕਾਲੀ ਦਲ ਨੂੰ 45,165 ਵੋਟ ਮਿਲੇ ਸਨ। ਖੇਮਕਰਨ ਹਲਕੇ 'ਚ ਕਾਂਗਰਸ ਨੇ 19,602 ਵੋਟਾਂ ਦੇ ਫਰਕ ਨਾਲ ਮੈਦਾਨ ਫਤਹਿ ਕੀਤਾ। ਇਥੇ ਕਾਂਗਰਸ ਨੇ 81,897 ਅਤੇ ਅਕਾਲੀ ਦਲ ਨੇ 62,295 ਵੋਟ ਹਾਸਲ ਕੀਤੇ। ਪੱਟੀ ਹਲਕੇ 'ਚ ਕਾਂਗਰਸ ਦੀ ਜਿੱਤ ਦਾ ਅੰਤਰ 8,363 ਵੋਟਾਂ ਦਾ ਦਰਜ ਹੋਇਆ ਹੈ। ਇਥੇ ਕਾਂਗਰਸ ਨੇ 64,617 ਅਤੇ ਅਕਾਲੀ ਦਲ ਨੇ 56,254 ਵੋਟ ਹਾਸਲ ਕੀਤੇ ਸਨ। ਖਡੂਰ ਸਾਹਿਬ ਹਲਕੇ ਦੀ ਗੱਲ ਕਰੀਏ ਤਾਂ ਇਥੇ ਕਾਂਗਰਸ ਦੀ ਜਿੱਤ ਦਾ ਅੰਤਰ 17,055 ਰਿਹਾ ਹੈ। ਕਾਂਗਰਸ ਨੂੰ 64666 ਤੇ ਅਕਾਲੀ ਦਲ ਨੂੰ 47611 ਵੋਟਾਂ ਮਿਲੀਆਂ ਸਨ। ਬਾਬਾ ਬਕਾਲਾ 'ਚ ਕਾਂਗਰਸ ਨੇ 6,587 ਵੋਟਾਂ ਦੇ ਫਰਕ ਨਾਲ ਹਲਕਾ ਜਿੱਤਿਆ। ਇਥੇ ਕਾਂਗਰਸ ਨੂੰ 45,965 ਅਤੇ ਆਮ ਆਦਮੀ ਪਾਰਟੀ ਨੂੰ 39,378 ਵੋਟਾਂ ਮਿਲੀਆਂ ਸਨ। ਜਦੋਂਕਿ ਅਕਾਲੀ ਦਲ ਨੇ ਇਥੋਂ 38,265 ਵੋਟਾਂ ਹਾਸਲ ਕੀਤੀਆਂ ਸਨ। ਕਪੂਰਥਲਾ ਵਿਧਾਨ ਸਭਾ ਹਲਕੇ 'ਚ ਕਾਂਗਰਸ ਦੀ ਜਿੱਤ ਦਾ ਅੰਤਰ ਸਭ ਤੋਂ ਵੱਡਾ 28,817 ਦਾ ਰਿਹਾ ਹੈ। ਕਾਂਗਰਸ ਨੂੰ ਇਥੇ 56,378 ਅਤੇ ਅਕਾਲੀ ਦਲ ਨੂੰ ਮਾਤਰ 27,561 ਵੋਟਾਂ ਹੀ ਮਿਲੀਆਂ ਸਨ। ਸੁਲਤਾਨਪੁਰ ਲੋਧੀ ਹਲਕੇ 'ਚ ਕਾਂਗਰਸ ਨੇ 8,162 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕਰਵਾਈ ਸੀ। ਕਾਂਗਰਸ ਨੂੰ ਇਥੇ 41,843 ਅਤੇ ਅਕਾਲੀ ਦਲ ਨੂੰ 33,681 ਵੋਟਾਂ ਮਿਲੀਆਂ ਸਨ। ਜਦਕਿ ਜੀਰਾ ਹਲਕੇ 'ਚ ਕਾਂਗਰਸ ਦੀ ਜਿੱਤ ਦਾ ਅੰਤਰ ਇਥੇ 23,071 ਵੋਟਾਂ ਦਾ ਰਿਹਾ ਹੈ।

ਉਮੀਦਵਾਰ ਬਣੇ ਚੋਣ ਪ੍ਰਚਾਰ 'ਚ ਮੋਹਰੀ : ਕਾਂਗਰਸ ਵੱਲੋਂ ਖਡੂਰ ਸਾਹਿਬ ਹਲਕੇ ਦੀ ਟਿਕਟ ਦਾ ਐਲਾਨ ਬੇਸ਼ੱਕ ਕਰ ਦਿੱਤਾ ਹੈ ਪਰ ਇਸ ਮਾਮਲੇ 'ਚ ਅੱਗੇ ਰਹੇ ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਟਕਸਾਲੀ ਤੇ ਪੰਜਾਬ ਜਮਹੂਰੀ ਗਠਜੋੜ ਚੋਣ ਪ੍ਰਚਾਰ 'ਚ ਮੋਹਰੀ ਚੱਲ ਰਿਹਾ ਹੈ।


1977 'ਚ ਗਈ ਸੀਟ ਵਾਪਸ ਲਵੇਗੀ ਕਾਂਗਰਸ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦਾ ਕਹਿਣਾ ਹੈ ਕਿ 1977 'ਚ ਗਈ ਸੀਟ ਨੂੰ ਇਸ ਵਾਰ ਕਾਂਗਰਸ ਪਾਰਟੀ ਵਾਪਸ ਲਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਚੁਣੌਤੀ ਵਰਗੀ ਕੋਈ ਸਥਿਤੀ ਇਸ ਵਾਰ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੇ 9 ਦੇ 9 ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਦੇ ਵਿਧਾਇਕ ਬਣੇ ਹਨ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਦੀ ਸਥਿਤੀ ਮਜ਼ਬੂਤ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 13 ਅਰਜ਼ੀਆਂ ਟਿਕਟ ਲਈ ਪਾਰਟੀ ਕੋਲ ਗਈਆਂ ਸਨ। ਉਨ੍ਹਾਂ ਟਿਕਟ ਦੀ ਵੰਡ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਬਗਾਵਤ ਹਲਕੇ 'ਚ ਨਾ ਹੋਣ ਦੀ ਗੱਲ ਵੀ ਕਹੀ ਹੈ।

Posted By: Jagjit Singh