ਗੁਰਤੇਜ ਸਿੰਘ ਸਿੱਧੂ, ਬਠਿੰਡਾ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੇ ਦਾਅਵੇ ਨੂੰ ਉਨ੍ਹਾਂ ਪੂਰਾ ਤਾਂ ਕੀ ਕਰਨਾ ਸੀ, ਸਗੋਂ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਹੈ ਕਿ ਉਨ੍ਹਾਂ ਸਹੁੰ ਕਿੱਥੇ ਚੁੱਕੀ ਸੀ।

ਇਸ ਗੱਲ ਦਾ ਖੁਲਾਸਾ ਵੀਰਵਾਰ ਨੂੰ ਬਠਿੰਡਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਹੋਇਆ, ਜਦੋਂ ਕੈਪਟਨ ਨੇ ਕਿਹਾ ਕਿ ਸੁਖਬੀਰ ਬਾਦਲ ਹਰ ਰੋਜ਼ ਕਹਿ ਰਿਹਾ ਹੈ ਕਿ ਕੈਪਟਨ ਨਸ਼ਾ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਿਆ ਹੈ।

ਕੈਪਟਨ ਨੇ ਕਿਹਾ,''ਮੈਂ ਇਕ ਵਾਰ ਸ਼ਾਇਦ ਰਾਮਪੁਰਾ 'ਚ ਗੁਟਕਾ ਸਾਹਿਬ ਹੱਥ 'ਚ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਹੱਥ ਕਰ ਕੇ ਕਿਹਾ ਸੀ ਕਿ ਨਸ਼ਿਆਂ ਦਾ ਲੱਕ ਤੋੜ ਦੇਵਾਂਗੇ। ਅੱਜ 26 ਹਜ਼ਾਰ ਨਸ਼ਾ ਤਸਕਰ ਜੇਲ੍ਹਾਂ ਵਿਚ ਬੰਦ ਹਨ।'' ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਕੀਮਤ ਪਹਿਲਾਂ ਨਾਲੋਂ ਪੰਜ ਗੁਣਾ ਵਧ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ 'ਤੇ ਕਾਬੂ ਪਾ ਲਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਓ ਕੇਂਦਰਾਂ ਤੋਂ ਪੰਜ ਲੱਖ ਨੌਜਵਾਨ ਦਵਾਈ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਡਲਾ ਤੇ ਪਾਕਿਸਤਾਨ ਤੋਂ ਨਸ਼ਾ ਸਪਲਾਈ ਹੋ ਰਿਹਾ ਹੈ। ਆਈਐੱਸਆਈ ਭਾਰਤ ਦੇ ਨੌਜਵਾਨਾਂ ਨੂੰ ਖਤਮ ਕਰਨ ਲਈ ਸਾਜ਼ਿਸਾਂ ਰਚ ਕੇ ਨਸ਼ੇ ਸਪਲਾਈ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਗੋਨਿਆਣਾ ਰੋਡ 'ਤੇ ਪਰਲਜ਼ ਗਰੁੱਪ ਵੱਲੋਂ ਕੱਟੀ ਕਾਲੋਨੀ ਵਿਚ ਇਕ ਵੱਡੀ ਰੈਲੀ ਕੀਤੀ ਸੀ, ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਤੋਂ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਸਹੁੰ ਚੁੱਕੀ ਸੀ ਕਿ ਉਹ ਨਸ਼ਿਆਂ ਨੂੰ ਚਾਰ ਹਫ਼ਤਿਆਂ 'ਚ ਖਤਮ ਕਰ ਦੇਣਗੇ ਪਰ ਹੁਣ ਉਹ ਭੁੱਲ ਗਏ ਹਨ ਕਿ ਇਹ ਸਹੁੰ ਕਿੱਥੇ ਚੁੱਕੀ ਸੀ। ਉਹ ਕਹਿ ਰਹੇ ਹਨ ਕਿ ਨਸ਼ੇ ਖਤਮ ਕਰਨ ਦੀ ਨਹੀਂ ਸਗੋਂ ਨਸ਼ਿਆਂ ਦਾ ਲੱਕ ਤੋੜਨ ਲਈ ਰਾਮਪੁਰਾ 'ਚ ਸਹੁੰ ਚੁੱਕੀ ਸੀ।