ਨਵੀਂ ਦਿੱਲੀ : Lok Sabha Election 2019 : ਲੋਕ ਸਭਾ ਚੋਣਾਂ-2019 ਤਹਿਤ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਟਿਕਟ ਕੱਟੀ ਜਾਣ ਤੋਂ ਨਾਰਾਜ਼ ਉੱਤਰੀ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਉਦਿਤ ਰਾਜ ਨੇ ਬਗ਼ਾਵਤ ਕਰ ਦਿੱਤੀ ਹੈ ਅਤੇ ਉਨ੍ਹਾਂ ਭਾਜਪਾ ਨੂੰ ਬਾਏ-ਬਾਏ ਕਹਿ ਦਿੱਤੀ ਹੈ। ਬੁੱਧਵਾਰ ਸਵੇਰੇ ਉਦਿਤ ਰਾਜ ਨੇ ਕਾਂਗਰਸ ਹੈੱਡਕੁਆਰਟਰ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕਰ ਲਈ।

ਇੱਥੇ ਦੱਸ ਦੇਈਏ ਕਿ ਭਾਜਪਾ ਨੇ ਉੱਤਰੀ-ਪੱਛਮੀ ਦਿੱਲੀ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਉਦਿਤ ਰਾਜ ਦੀ ਟਿਕਟ ਕੱਟ ਕੇ ਹੋਰ ਭਾਜਪਾ ਨੇਤਾ ਅਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੂੰ ਟਿਕਟ ਦੇ ਦਿੱਤੀ। ਇਸ ਤੋਂ ਦੁਖੀ ਉਦਿਤ ਰਾਜ ਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣੇ ਨਾਂ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਸੀ ਪਰ ਬਾਅਦ ਵਿਚ ਮੁੜ ਜੋੜ ਲਿਆ।

ਉੱਥੇ, ਇਸ ਤੋਂ ਪਹਿਲਾਂ ਉਨ੍ਹਾਂ ਭਾਜਪਾ ਅਗਵਾਈ ਤੋਂ ਇਹ ਸਵਾਲ ਵੀ ਪੁੱਛਿਆ ਸੀ ਕਿ ਉਨ੍ਹਾਂ ਦੀ ਟਿਕਟ ਕਿਸ ਆਧਾਰ 'ਤੇ ਕੱਟੀ ਗਈ ਹੈ ਇਹ ਗੱਲ ਸਾਹਮਣੇ ਆਉਣੀ ਚਾਹੀਦੀ ਹੈ।

ਇਸ ਬਾਰੇ ਉਨ੍ਹਾਂ ਮੰਗਲਵਾਰ ਨੂੰ ਮੀਡੀਆ ਸਾਹਮਣੇ ਆਪਣਾ ਦਰਦ ਜ਼ਾਹਿਰ ਵੀ ਕੀਤਾ ਸੀ ਕਿ ਉਹ ਨਰਿੰਦਰ ਮੋਦੀ ਦੀ ਅਗਵਾਈ 'ਚ ਅੱਖਾਂ ਬੰਦ ਕਰ ਕੇ ਭਰੋਸਾ ਕਰਦੇ ਹੋਏ ਆਪਣੀ 'ਇੰਡੀਅਨ ਜਸਟਿਸ ਪਾਰਟੀ' ਦਾ ਭਾਜਪਾ 'ਚ ਰਲੇਵਾਂ ਕਰ ਦਿੱਤਾ ਸੀ ਜਦਕਿ ਆਪਣਾ ਦਲ ਵਰਗੀ ਛੋਟੀ ਪਾਰਟੀ ਉਨ੍ਹਾਂ ਦੇ ਮੁਕਾਬਲੇ ਜ਼ਿਆਦਾ ਫਾਇਦੇ ਵਿਚ ਰਹੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਭਾਜਪਾ ਦਾ ਦਲਿਤ ਚਿਹਰਾ ਦੱਸਿਆ ਜਾਂਦਾ ਸੀ। ਉਹ ਦਲਿਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਰਹੇ ਹਨ। ਐੱਸਸੀ, ਐੱਸਟੀ ਐਕਟ ਅਤੇ ਰੋਸਟਰ ਪੁਆਇੰਟ ਸਬੰਧੀ ਦਲਿਤਾਂ ਦੇ ਭਾਰਤ ਬੰਦ ਦਾ ਵੀ ਸਮਰਥਨ ਕੀਤਾ ਸੀ। ਸਬਰੀਮਾਲਾ ਵਿਚ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਦੀ ਵੀ ਹਮਾਇਤ ਕੀਤੀ ਸੀ। ਪਾਰਟੀ ਨੂੰ ਦੱਸਣਾ ਚਾਹੀਦੈ ਕਿ ਦਲਿਤਾਂ ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਸਜ਼ਾ ਤਾਂ ਉਨ੍ਹਾਂ ਨਹੀਂ ਦਿੱਤੀ ਗਈ।

Posted By: Seema Anand