ਪਾਲਮਪੁਰ : ਕੇਂਦਰੀ ਕੱਪੜਾ ਮੰਤਰੀ ਸਮਿ੍ਤੀ ਈਰਾਨੀ ਨੇ ਕਿਹਾ ਕਿ ਦੇਸ਼ ਵਿਚ ਮਨੁੱਖਤਾ ਨੂੰ ਭਾਜਪਾ ਨੇ ਧਰਮ ਬਣਾਇਆ ਹੈ। ਇਹੀ ਕਾਰਨ ਹੈ ਕਿ ਜਨਤਾ ਦਾ ਪਿਆਰ ਭਾਜਪਾ ਨੂੰ ਮਿਲ ਰਿਹਾ ਹੈ ਅਤੇ 19 ਮਈ ਨੂੰ ਫਿਰ ਤੋਂ ਜਨਤਾ ਦੇਸ਼ ਦੀ ਵਾਗਡੋਰ ਭਾਜਪਾ ਨੂੰ ਸੌਂਪਣ ਲਈ ਮਤਦਾਨ ਕਰੇਗੀ। ਬੁੱਧਵਾਰ ਨੂੰ ਸਮਿ੍ਤੀ ਈਰਾਨੀ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ।

ਇਸ ਦੌਰਾਨ ਉਨ੍ਹਾਂ ਕਾਂਗਰਸ ਪ੍ਰਧਾਨ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਅਤੇ ਪਾਰਟੀ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ 'ਜੀਜਾ ਜੀ' ਨੂੰ ਜ਼ਮੀਨਾਂ ਦਿਵਾਉਣ ਦਾ ਕੰਮ ਹੀ ਕੀਤਾ ਗਿਆ। 'ਜੀਜਾ ਜੀ' ਕੋਲ ਤਿੰਨ ਸੌ ਕਰੋੜ ਦੀ ਜਾਇਦਾਦ ਕਿੱਥੋਂ ਆ ਗਈ, ਵਿਆਹ ਤੋਂ ਪਹਿਲਾਂ ਤਾਂ ਨਹੀਂ ਸੀ। ਪਬਲਿਕ ਸਭ ਜਾਣਦੀ ਹੈ ਅਤੇ ਜੀਜਾ-ਸਾਲੇ ਦੀ ਪਛਾਣਦੀ ਹੈ।

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਪਾਲਮਪੁਰ ਆਈ ਸੀ, ਪਰ ਉਸ ਦੌਰਾਨ ਉਹ ਮੰਤਰੀ ਨਹੀਂ ਸੀ। ਇਕ ਪਰਿਵਾਰ ਵਿਚ ਗਈ ਤਾਂ ਉਥੇ ਉਨ੍ਹਾਂ ਮੇਜਰ ਸੋਮਨਾਥ ਦੇ ਬਾਰੇ ਵਿਚ ਜਾਣਕਾਰੀ ਮਿਲੀ। ਉਨ੍ਹਾਂ ਦੀ ਵੀਰਤਾ ਦੀ ਕਹਾਣੀ ਸੁਣ ਕੇ ਕੁਝ ਫ਼ੈਸਲਾ ਕੀਤਾ ਸੀ। ਜਦੋਂ ਸਿੱਖਿਆ ਮੰਤਰੀ ਦਾ ਕਾਰਜਭਾਰ ਉਨ੍ਹਾਂ ਨੂੰ ਮਿਲਿਆ ਤਾਂ ਸਭ ਤੋਂ ਪਹਿਲਾ ਫ਼ੈਸਲਾ ਇਹ ਕੀਤਾ ਕਿ ਸਕੂਲੀ ਬੱਚਿਆਂ ਨੂੰ ਸ਼ਹੀਦਾਂ ਦੇ ਬਾਰੇ ਵਿਚ ਜਾਣਕਾਰੀ ਮਿਲੇ ਅਤੇ ਉਨ੍ਹਾਂ ਦੀਆਂ ਜੀਵਨੀਆਂ ਨੂੰ ਕਿਤਾਬਾਂ ਵਿਚ ਥਾਂ ਦਿੱਤੀ ਗਈ।

ਸ੍ਮਿਤੀ ਨੇ ਕਿਹਾ ਕਿ ਭਾਰਤੀ ਰਾਜਨੀਤੀ ਵਿਚ ਕਦੇ ਅਜਿਹਾ ਚੋਣਾਂ ਨਹੀਂ ਦੇਖੀਆਂ, ਜਦੋਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੂਬੇ ਵਿਚ ਰੋਡ ਸ਼ੋਅ ਲਈ ਜਾਂਦੇ ਹਨ ਤਾਂ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ।