ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ : ਕਾਂਗਰਸ ਪਾਰਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮੁਨੀਸ਼ ਤਿਵਾੜੀ ਦੇ ਖਿਲਾਫ ਸ਼ੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰਨ ਦੇ ਕਥਿਤ ਦੋਸ਼ ਹੇਠ ਪਰਚਾ ਦਰਜ ਹੋਣ ਉਪਰੰਤ ਜਮਾਨਤ ਤੇ ਆਏ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਰੇਸ਼ ਚਾਵਲਾ ਨੇ ਪੱਤਰਕਾਰ ਸੰਮੇਲਨ ਦੌਰਾਨ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਕ ਸਾਜਿਸ਼ ਤਹਿਤ ਮੇਰੇ ਖਿਲਾਫ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਵੀਡੀਓ ਸ਼ੇਅਰ ਨਹੀਂ ਕੀਤੀ। ਹਾਂ ਮੇਰੀ ਆਈਡੀ ਕਿਸੇ ਵਲੋਂ ਹੈਕ ਕਰਕੇ ਕੋਈ ਵੀਡੀਓ ਸ਼ੇਅਰ ਕੀਤੀ ਹੋਵੇ ਤਾਂ ਇਸਦੀ ਜਾਂਚ ਪੜਤਾਲ ਕਰਵਾਈ ਜਾਵੇ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਭਾਜਪਾ ਦਾ ਕੋਈ ਵੀ ਵਰਕਰ ਅਜਿਹੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲਾ ਨਹੀ ਤੇ ਸਾਰੇ ਵਰਕਰ ਅੱਗੇ ਤੋਂ ਵੱਧ ਕੇ ਪਾਰਟੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਦੀ ਸ਼ਹਿ ਤੇ ਇਹ ਝੂਠਾ ਮੁਕੱਦਮਾ ਦਰਜ ਕੀਤਾ ਗਿਆ।

ਅਠਵਾਲ ਨੇ ਕਿਹਾ ਕਿ ਨਰੇਸ਼ ਚਾਵਲਾ ਨੇ ਆਪ ਕੋਈ ਵੀਡੀਉ ਤਿਆਰ ਨਹੀਂ ਕੀਤੀ ਤੇ ਨਾ ਹੀ ਕੁੱਝ ਆਪ ਬੋਲਿਆ ਹੈ ਪਰ ਅਫਸੋਸ ਉਨ੍ਹਾਂ 'ਤੇ 295 ਏ ਅਤੇ 500 ਧਾਰਾ ਅਧੀਨ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਅੱਜ ਇਨ੍ਹਾਂ ਦੀ ਮਾਨਤ ਹੋ ਗਈ ਹੈ।ਉਨ੍ਹਾਂ ਇਸ ਕੇਸ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਰਹਿੰਦੀ ਕਾਰਵਾਈ ਵੀ ਸਾਰਿਆਂ ਦੇ ਸਾਹਮਣੇ ਆ ਜਾਵੇਗੀ।

ਭਾਜਪਾ ਦੇ ਹਲਕਾ ਇੰਚਾਰਜ ਤੇ ਸੂਬਾ ਸਕੱਤਰ ਡਾ:ਪਰਮਿੰਦਰ ਸ਼ਰਮਾ ਨੇ ਕਿਹਾ ਕਿ ਕਾਂਗਰਸ ਅਜਿਹੀ ਘਟੀਆ ਰਾਜਨੀਤੀ ਕਰਦੀ ਹੈ ਪਰ ਅਸੀਂ ਇਸਨੂੰ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪੜਤਾਲ ਤੋਂ ਬਾਅਦ ਸਚਾਈ ਸਾਹਮਣੇ ਆ ਜਾਵੇਗੀ ਤੇ ਅਸੀਂ ਮਾਣ ਹਾਨੀ ਦਾ ਮੁਕੱਦਮਾ ਕਰਕੇ ਆਪਣੇ ਵਰਕਰ ਨੂੰ ਪੂਰਨ ਤੌਰ 'ਤੇ ਇਨਸਾਫ ਦਿਵਾਵਾਂਗੇ।

ਉਨ੍ਹਾਂ ਆਪਣੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੀਆਂ ਅਜਿਹੀਆਂ ਧਮਕੀਆਂ ਤੋਂ ਨਾ ਡਰੋ, ਪਾਰਟੀ ਉਨ੍ਹਾਂ ਦੀ ਪਿੱਠ ਤੇ ਚਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਯੂਥ ਅਕਾਲੀ ਆਗੂ ਮਨਿੰਦਰਪਾਲ ਸਿੰਘ ਮਨੀ, ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੌਤਾ, ਇੰਦਰਜੀਤ ਸਿੰਘ ਬੇਦੀ, ਹਰਜੀਤ ਸਿੰਘ ਅਚਿੰਤ, ਕੇ ਕੇ ਬੇਦੀ, ਮੋਹਨ ਸਿੰਘ ਕੈਂਥ, ਮਨਜਿੰਦਰ ਸਿੰਘ ਬਰਾੜ, ਵਿਜੇ ਪੁਰੀ ਸਮੇਤ ਆਗੂ ਹਾਜ਼ਰ ਸਨ।

Posted By: Jagjit Singh