ਨਵੀਂ ਦਿੱਲੀ (ਏਜੰਸੀਆਂ) : ਆਂਧਰ ਪ੍ਰਦੇਸ਼ ਦੇ ਨਾਮਜ਼ਦ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਕਿਹਾ ਹੈ ਕਿ ਕੇਂਦਰ 'ਚ ਸਰਕਾਰ ਬਣਾਉਣ ਲਈ ਭਾਜਪਾ ਨੂੰ ਹੁਣ ਸਾਡੇ ਸਮਰਥਨ ਦੀ ਲੋੜ ਨਹੀਂ ਹੈ। ਜੇਕਰ ਲੋਕ ਸਭਾ ਚੋਣਾਂ 'ਚ ਐੱਨਡੀਏ ਨੂੰ ਬਹੁਮਤ ਤੋਂ ਘੱਟ ਸੀਟਾਂ ਮਿਲਦੀਆਂ ਤਾਂ ਸਾਡੀ ਲੋੜ ਹੁੰਦੀ। ਉਸ ਵੇਲੇ ਅਸੀਂ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰ ਸਕਦੇ ਸੀ। ਉਨ੍ਹਾਂ 'ਤੇ ਦਬਾਅ ਵੀ ਬਣਾ ਸਕਦੇ ਸੀ, ਪਰ ਹੁਣ ਸਿਰਫ਼ ਬੇਨਤੀ ਕਰ ਸਕਦੇ ਹਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਐਤਵਾਰ ਨੂੰ ਵੱਖ-ਵੱਖ ਮੁਲਾਕਾਤਾਂ ਤੋਂ ਬਾਅਦ ਰੈੱਡੀ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਉਨ੍ਹਾਂ ਨੇ ਦੋਵਾਂ ਨੇਤਾਵਾਂ ਨਾਲ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਰੈੱਡੀ ਮੁਤਾਬਕ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਿਆ। ਸੂਬਾ ਤੇ ਇੱਥੋਂ ਦੇ ਬਾਸ਼ਿੰਦੇ ਦੀ ਮਦਦ ਲਈ ਉਨ੍ਹਾਂ ਦਾ ਰੁਖ਼ ਸਕਾਰਾਤਮਕ ਰਿਹਾ। ਰੈੱਡੀ ਨੇ ਪੀਐੱਮ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ। 7, ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਦੋਵਾਂ ਵਿਚਕਾਰ ਕਰੀਬ ਇਕ ਘੰਟੇ ਮੁਲਾਕਾਤ ਚੱਲੀ।

ਰੈੱਡੀ ਨੇ ਕਿਹਾ ਕਿ ਕਰਜ਼ ਹੇਠ ਦੱਬੇ ਸੂਬੇ ਲਈ ਵਿਸ਼ੇਸ਼ ਦਰਜਾ ਲਾਈਫ ਲਾਈਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੀ ਵੰਡ ਹੋਈ ਸੀ ਉਦੋਂ ਇਸ 'ਤੇ 97 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ। ਪਿਛਲੇ ਪੰਜ ਸਾਲਾਂ 'ਚ ਕਰਜ਼ਾ ਵਧ ਕੇ 2.58 ਲੱਖ ਕਰੋੜ ਹੋ ਚੁੱਕਿਆ ਹੈ। ਅਸੀਂ ਸਾਲਾਨਾ 20 ਹਜ਼ਾਰ ਕਰੋੜ ਰੁਪਏ ਇਸ ਕਰਜ਼ ਦਾ ਸਿਰਫ਼ ਵਿਆਜ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਅਕਸਰ ਪੀਐੱਮ ਨੂੰ ਮਿਲਦੇ ਰਹਾਂਗੇ ਤੇ ਇਸ ਬਾਰੇ ਯਾਦ ਦਿਵਾਉਂਦੇ ਰਹਾਂਗੇ।

ਈਸ਼ਵਰ ਨੂੰ ਸੀ ਪ੍ਰਰਾਰਥਨਾ, ਲੋਕ ਸਭਾ ਚੋਣਾਂ 'ਤੇ ਜੇਤੂ ਨੂੰ ਮਿਲਣ 250 ਸੀਟਾਂ

ਰੈੱਡੀ ਨੇ ਕਿਹਾ ਕਿ ਉਨ੍ਹਾਂ ਨੇ ਈਸ਼ਵਰ ਅੱਗੇ ਲੋਕ ਸਭਾ ਚੋਣਾਂ 'ਚ ਜੇਤੂ ਪਾਰਟੀ ਲਈ ਸਿਰਫ਼ 250 ਸੀਟਾਂ ਦੀ ਪ੍ਰਾਰਥਨਾ ਕੀਤੀ ਸੀ। ਅਜਿਹਾ ਹੁੰਦਾ ਤਾਂ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਉਨ੍ਹਾਂ ਦੀ ਲੋੜ ਪੈਂਦੀ ਤੇ ਹੁਣ ਸੂਬੇ ਨੂੰ ਵਿਸ਼ੇਸ਼ ਦਰਜਾ ਦਿਵਾਉਣ ਲਈ ਦਬਾਅ ਬਣਾ ਸਕਦੇ।

ਸਹੁੰ ਚੁੱਕ ਸਮਾਗਮ ਲਈ ਦਿੱਤਾ ਮੋਦੀ-ਸ਼ਾਹ ਨੂੰ ਸੱਦਾ

ਜਗਨ ਮੋਹਨ ਨੇ ਵਿਜੇਵਾੜਾ 'ਚ 30 ਮਈ ਨੂੰ ਇਕ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਪੀਐੱਮ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸੱਦਾ ਦਿੱਤਾ। ਹਾਲਾਂਕਿ ਦੋਵਾਂ ਨੇਤਾਵਾਂ ਨੇ ਅਜੇ ਹਾਮੀ ਨਹੀਂ ਭਰੀ।