ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਯੂਨੀਅਨ ਵਲੋਂ ਕਿਸੇ ਪਾਰਟੀ ਜਾਂ ਉਮੀਦਵਾਰ ਦੀ ਮਦਦ ਕਰਨ ਦੀ ਬਜਾਏ ਨੋਟਾ ਦਾ ਬਟਨ ਦਬਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਅਨ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਕਿਸਾਨ ਤੇ ਮਜ਼ਦੂਰ ਕਰਜ਼ੇ ਦੇ ਜਾਲ ਵਿਚ ਫਸ ਕੇ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ, ਕਿਸੇ ਪਾਰਟੀ ਦੇ ਏਜੰਡੇ 'ਤੇ ਕਿਸਾਨਾਂ ਦਾ ਮੁੱਦਾ ਨਹੀਂ ਹੈ।

ਅਮਰੀਕਾ ਨੇ ਵਿਸ਼ਵ ਅਦਾਲਤ ਵਿਚ ਭਾਰਤ ਵਿਚੋਂ ਐੱਮਐੱਸਪੀ ਅਤੇ ਫ਼ਸਲਾਂ ਦੀ ਖਰੀਦ ਬੰਦ ਕਰਵਾਉਣ ਲਈ ਭਾਰਤ ਵਿਰੁੱਧ ਕੇਸ ਕੀਤਾ ਹੋਇਆ ਹੈ। ਮੋਦੀ ਸਰਕਾਰ ਨੇ ਆਰਸੀਪੀਈ ਨਾਂ ਦਾ 16 ਦੇਸ਼ਾਂ ਨਾਲ ਸਮਝੌਤਾ ਕਰਕੇ ਦੇਸ਼ ਵਿੱਚ ਜ਼ੀਰੋ ਡਿਊਟੀ ਉਤੇ ਬਰਾਮਦ ਅਤੇ ਦਰਾਮਦ ਖੋਲ੍ਹਣ ਲਈ ਦਸਤਖ਼ਤ ਕਰ ਦਿੱਤੇ ਹਨ। ਕਾਂਗਰਸ ਪਾਰਟੀ ਨੇ ਮੰਡੀ ਖਤਮ ਕਰਨ ਲਈ ਮੰਡੀਕਰਨ ਕਾਨੂੰਨ ਖਤਮ ਕਰਨ ਦਾ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਹੈ।

ਭਾਜਪਾ ਨੇ ਮੌਜੂਦਾ ਮੰਡੀਕਰਨ ਢਾਂਚਾ ਖਤਮ ਕਰਕੇ ਇਲੈਕਟੋ੍ਨਿਕ ਕੌਮੀ ਖੇਤੀ ਮਾਰਕੀਟ ਬਣਾਉਣ ਦਾ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਹੈ, ਜੋ ਨਾ ਤਾਂ ਮੂਲ ਰੂਪ ਵਿੱਚ ਲਾਗੂ ਕਰਨਾ ਸੰਭਵ ਹੈ ਅਤੇ ਨਾ ਹੀ ਅਨਪੜ੍ਹ ਅਤੇ ਅੱਧ ਪੜ੍ਹੇ ਕਿਸਾਨਾਂ ਦੀ ਸਮਝ ਵਿਚ ਆਉਣ ਵਾਲੀ ਗੱਲ ਹੈ। ਪੰਜਾਬ ਦਾ ਕਿਸਾਨ ਤਾਂ ਬਿਲਕੁਲ ਤਬਾਹ ਹੋ ਜਾਵੇਗਾ ਕਿਉਂਕਿ ਪੰਜਾਬ ਵਿਚ ਪੈਦਾ ਹੁੰਦੇ 180 ਲੱਖ ਟਨ ਝੋਨੇ ਅਤੇ 125 ਲੱਖ ਟਨ ਕਣਕ ਦੀ ਖ਼ਰੀਦ ਲਈ ਸਰਕਾਰ ਤੋਂ ਬਿਨਾਂ ਕਿਸੇ ਦੀ ਸਮਰੱਥਾ ਨਹੀਂ।

ਸਾਰੀਆਂ ਰਾਜਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਅਤੇ ਉਨ੍ਹਾਂ ਦੇ ਵਤੀਰੇ ਨੂੰ ਘੋਖਣ ਤੋਂ ਬਾਅਦ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੌਜੂਦਾ ਲੋਕ ਸਭਾ ਚੋਣਾਂ ਵਿਚ ਕਿਸਾਨ ਕਿਸੇ ਵੀ ਪਾਰਟੀ ਨੂੰ ਵੋਟ ਨਾ ਪਾਉਣ ਅਤੇ 'ਨੋਟਾ' ਦਾ ਬਟਨ ਦਬਾ ਕੇ ਰੋਸ ਪ੍ਰਗਟ ਕਰਨ। ਇਹ ਵੀ ਫੈਸਲਾ ਕੀਤਾ ਗਿਆ ਕਿ ਯੂਨੀਅਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਇਸ਼ਤਿਹਾਰ ਵੰਡੇ ਜਾਣ ਅਤੇ 'ਨੋਟਾ' ਉਤੇ ਵੋਟ ਪਾਉਣ ਲਈ ਤਿਆਰ ਕੀਤਾ ਜਾਵੇ।