ਜਸਪਾਲ ਜੱਸੀ, ਦਾਸੂਵਾਲ : ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਸੁਖਦੇਵ ਸਿੰਘ ਬੱਬਰ ਦੇ ਪਿੰਡ 'ਚ ਇਕ ਸਮਾਂ ਸੀ ਜਦੋਂ ਲੋਕ ਵੋਟ ਦਾ ਇਸਤੇਮਾਲ ਨਹੀਂ ਕਰਦੇ ਸਨ ਪਰ ਅੱਜ ਬੱਬਰ ਦੇ ਰਿਸ਼ਤੇਦਾਰਾਂ ਨੂੰ ਵੀ ਲੋਕਤੰਤਰ 'ਤੇ ਭਰੋਸਾ ਹੈ। ਹਾਲਾਂਕਿ ਉਹ ਵੱਖ-ਵੱਖ ਸਮਿਆਂ ਦੌਰਾਨ ਚੁਣੀਆਂ ਗਈਆਂ ਸਰਕਾਰਾਂ ਤੋਂ ਬਹੁਤੇ ਖੁਸ਼ ਨਹੀਂ ਹਨ। ਬੇਸ਼ੱਕ ਸੁਖਦੇਵ ਸਿੰਘ ਬੱਬਰ ਦੇ ਘਰ ਦੇ ਜੀਅ ਇਸ ਵੇਲੇ ਵਿਦੇਸ਼ 'ਚ ਰਹਿੰਦੇ ਹਨ ਪਰ ਪਿੰਡ 'ਚ ਉਸ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਬਰਸੀ ਮਨਾਉਣ ਦੀ ਰਵਾਇਤ ਚੱਲੀ ਆ ਰਹੀ ਹੈ।

9 ਅਗਸਤ 1955 ਨੂੰ ਜਿੰਦ ਸਿੰਘ ਅਤੇ ਹਰਨਾਮ ਕੌਰ ਦੇ ਘਰ ਪਿੰਡ ਦਾਸੂਵਾਲ 'ਚ ਜਨਮ ਲੈਣ ਵਾਲਾ ਸੁਖਦੇਵ ਸਿੰਘ ਬੱਬਰ 13 ਅਪ੍ਰੈਲ 1978 ਨੂੰ ਜਦੋਂ ਘਰੇਲੂ ਜੀਵਨ 'ਚ ਬੱਝ ਰਿਹਾ ਸੀ ਤਾਂ ਉਸ ਸਮੇਂ ਅੰਮ੍ਰਿਤਸਰ 'ਚ ਅਜਿਹਾ ਕਾਂਡ ਵਾਪਰਿਆ ਕਿ ਬੱਬਰ ਆਪਣਾ ਘਰ ਛੱਡ ਕੇ ਚਲਾ ਗਿਆ। ਸਰਕਾਰ ਦੀ ਸੂਚੀ 'ਚ ਚੋਟੀ ਦੇ ਅੱਤਵਾਦੀ ਵੱਜੋਂ ਸ਼ਾਮਲ ਸੁਖਦੇਵ ਸਿੰਘ ਬੱਬਰ ਸਭ ਤੋਂ ਵੱਧ ਸਮਾਂ 14 ਸਾਲ ਤਕ ਰੂਪੋਸ਼ ਰਿਹਾ। ਇਸ ਦੌਰਾਨ ਠੇਕੇਦਾਰੀ ਤੇ ਹੋਰ ਕੰਮਕਾਜ ਕਰਦਾ ਰਹਿਣ ਵਾਲਾ ਸੁਖਦੇਵ ਸਿੰਘ ਬੱਬਰ ਆਪਣੇ ਵੱਡੇ ਭਰਾ ਮਹਿਲ ਸਿੰਘ ਵਾਂਗ ਘਰ ਤਾਂ ਨਹੀਂ ਮੁੜਿਆ ਪਰ 1992 ਨੂੰ ਮੁਕਾਬਲੇ 'ਚ ਮਾਰੇ ਜਾਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਅਸਥੀਆਂ ਪਿੰਡ ਲਿਆਉਣ 'ਚ ਸਫਲ ਜ਼ਰੂਰ ਹੋਏ। ਚਾਰ ਭਰਾਵਾਂ ਅੰਗਰੇਜ ਸਿੰਘ, ਰਸਾਲ ਸਿੰਘ ਅਤੇ ਮਹਿਲ ਸਿੰਘ 'ਚੋਂ ਸੁਖਦੇਵ ਸਿੰਘ ਬੱਬਰ ਸਭ ਤੋਂ ਛੋਟਾ ਸੀ। ਮਹਿਲ ਸਿੰਘ ਜਿਥੇ ਲਹਿਰ 'ਚ ਖਪ ਗਿਆ, ਉਥੇ ਹੀ ਰਸਾਲ ਸਿੰਘ ਦੀ ਮੌਤ 2011 ਨੂੰ ਘਰ 'ਚ ਹੀ ਹੋਈ। ਸੁਖਦੇਵ ਸਿੰਘ ਬੱਬਰ ਦਾ ਸਭ ਤੋਂ ਵੱਡਾ ਭਰਾ ਅੰਗਰੇਜ ਸਿੰਘ ਸੀ, ਜਿਸ ਦੀ ਚਾਰ ਸਾਲ ਦੀ ਉਮਰ 'ਚ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਅਤੇ ਸਾਲ 2014 'ਚ ਉਸ ਨੇ ਵੀ ਆਖਰੀ ਸਾਹ ਲਏ। ਸੁਖਦੇਵ ਸਿੰਘ ਬੱਬਰ ਦੇ ਦੋ ਲੜਕੇ ਤੇ ਇਕ ਲੜਕੀ ਆਪਣੀ ਮਾਤਾ ਸਮੇਤ ਵਿਦੇਸ਼ 'ਚ ਰਹਿੰਦੇ ਹਨ, ਜਦੋਂਕਿ ਮਹਿਲ ਸਿੰਘ ਦੇ ਵੀ ਤਿੰਨ ਬੱਚੇ ਹਨ। ਸੁਖਦੇਵ ਸਿੰਘ ਬੱਬਰ ਦੇ ਭਰਾ ਰਸਾਲ ਸਿੰਘ ਦਾ ਲੜਕਾ ਅਮਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਸੁਖਦੇਵ ਸਿੰਘ ਦੇ ਘਰ ਨਾਲ ਬਣੇ ਘਰ 'ਚ ਰਹਿੰਦਾ ਹੈ ਅਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ।

'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਕਹਿੰਦੇ ਹਨ ਕਿ ਹੁਣ ਉਹ ਸਮਾਂ ਨਹੀਂ ਰਿਹਾ, ਜਦੋਂ ਬਾਈਕਾਟ ਦੇ ਚੱਲਦਿਆਂ ਵੋਟ ਪਾਉਣ ਕੋਈ ਨਹੀਂ ਸੀ ਜਾਂਦਾ। ਅੱਜ ਉਨ੍ਹਾਂ ਨੂੰ ਵੀ ਲੋਕਤੰਤਰ 'ਤੇ ਭਰੋਸਾ ਹੈ ਅਤੇ ਉਹ ਪਰਿਵਾਰ ਸਮੇਤ ਵੋਟ ਪਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟ ਪਾਉਣ ਵੇਲੇ ਉਹ ਪਾਰਟੀ ਨਹੀਂ ਬਲਕਿ ਉਮੀਦਵਾਰ ਦੀ ਸ਼ਖਸੀਅਤ ਨੂੰ ਦੇਖਦੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰਾਂ ਨੇ ਅੱਜ ਤਕ ਆਮ ਲੋਕਾਂ ਦਾ ਕੁਝ ਨਹੀਂ ਸੋਚਿਆ।

ਖਾਲਿਸਤਾਨ ਦੇ ਮੁੱਦੇ 'ਤੇ ਉਹ ਕਹਿੰਦੇ ਹਨ ਕਿ ਇਸ ਵੇਲੇ ਬੇਅਦਬੀਆਂ ਦਾ ਮੁੱਦਾ ਗੰਭੀਰ ਬਣਿਆ ਹੋਇਆ ਹੈ, ਇਸ ਦੇ ਹੱਲ ਵੱਲ ਧਿਆਨ ਦੇਣਾ ਤੇ ਮੁਲਜ਼ਮਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਨਾਲ ਰਾਬਤੇ ਬਾਰੇ ਉਹ ਕਹਿੰਦੇ ਹਨ ਕਿ ਜਦੋਂ ਤਕ ਅੰਗਰੇਜ ਸਿੰਘ ਜਿਉਂਦੇ ਸਨ, ਵਿਦੇਸ਼ੋਂ ਫੋਨ ਆਉਂਦਾ ਸੀ ਅਤੇ ਗੱਲ ਵੀ ਉਹੀ ਕਰਦੇ ਸਨ। ਹੁਣ ਵਿਦੇਸ਼ੋਂ ਕੋਈ ਫੋਨ ਨਹੀਂ ਆਉਂਦਾ।


ਭੈਣ ਦਾ ਘਰ ਬਚਿਆ, ਇਸ ਲਈ ਮਨਾਉਂਦਾ ਹਾਂ ਬਰਸੀ : ਬਾਬਾ ਦਰਸ਼ਨ ਸਿੰਘ

ਪਿੰਡ 'ਚ ਬਣੇ ਗੁਰਦੁਆਰਾ ਬਾਬਾ ਵੀਰ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਇਥੇ ਸੁਖਦੇਵ ਸਿੰਘ ਬੱਬਰ ਦੇ ਨਾਂ 'ਤੇ ਦੀਵਾਨ ਹਾਲ ਬਣਿਆ ਹੋਇਆ ਹੈ। ਹਰ ਸਾਲ ਸੁਖਦੇਵ ਸਿੰਘ ਬੱਬਰ ਦੀ ਬਰਸੀ ਮਨਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਉਨ੍ਹਾਂ ਦੀ ਭੈਣ ਦਾ ਪਰਿਵਾਰ ਸੁਖਦੇਵ ਸਿੰਘ ਬੱਬਰ ਦਾ ਨਾਂ ਲੈਣ ਕਰ ਕੇ ਬਚਿਆ ਸੀ, ਜਿਸ ਕਾਰਨ ਉਹ ਹਰ ਸਾਲ ਬਰਸੀ ਸਮਾਗਮ ਕਰਵਾਉਂਦੇ ਆ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ 14 ਸਾਲ ਤਕ ਰੂਪੋਸ਼ ਰਹਿਣ ਵਾਲੇ ਸੁਖਦੇਵ ਸਿੰਘ ਬੱਬਰ ਦੀਆਂ ਅਸਥੀਆਂ ਲੁਧਿਆਣਾਂ ਤੋਂ ਲਿਆਉਣ ਸਮੇਂ ਉਹ ਵੀ ਪਰਿਵਾਰ ਨਾਲ ਗਏ ਸਨ।

Posted By: Jagjit Singh