ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਕਰਨ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਵਧਦੀ ਜਾ ਰਹੀ ਹੈ। ਮੰਗਲਵਾਰ ਨੂੰ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਕਿਹਾ ਸਿੱਧੂ ਵਿਰੁੱਧ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਅੱਧਾ ਦਰਜਨ ਮੰਤਰੀ ਸਿੱਧੂ ਤੋਂ ਅਸਤੀਫ਼ਾ ਮੰਗ ਚੁੱਕੇ ਹਨ ਜਦਕਿ ਬਾਕੀ ਮੰਤਰੀਆਂ ਨੇ ਚੁੱਪ ਧਾਰਨ ਕੀਤੀ ਹੋਈ ਹੈ।

ਦੂਜੇ ਪਾਸੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਇਸ ਮੁੱਦੇ 'ਤੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਵਿਚਾਰ ਕੀਤਾ ਜਾਵੇਗਾ। ਇਹ ਮਾਮਲਾ ਪਹਿਲਾਂ ਹੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਧਿਆਨ ਵਿਚ ਆ ਚੁੱਕਾ ਹੈ।

ਪੰਜਾਬ 'ਚ 'ਮਿਸ਼ਨ 13' ਜੇ ਪੂਰਾ ਨਹੀਂ ਹੁੰਦਾ ਤਾਂ ਇਸ ਦਾ ਠੀਕਰਾ ਸਿੱਧੂ ਸਿਰ ਭੱਜਣਾ ਤੈਅ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਚੋਣ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਦੇ ਬਿਆਨ ਤੋਂ ਤਾਂ ਅਜਿਹਾ ਹੀ ਪ੍ਰਤੀਤ ਹੁੰਦਾ ਹੈ। ਪੰਜਾਬ ਕੈਬਨਿਟ 'ਚ ਜਿਸ ਤਰ੍ਹਾਂ ਸਿੱਧੂ ਵਿਰੁੱਧ ਨਾਰਾਜ਼ਗੀ ਵਧੀ ਹੈ ਉਸ ਦੇ ਦੂਰ ਤਕ ਅਸਰ ਪੈਣਾ ਤੈਅ ਹੈ।

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਸਿੱਧੂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਦੀ ਬਿਆਨਬਾਜ਼ੀ ਨਾਲ ਕਾਂਗਰਸ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪਾਰਟੀ ਹਾਈ ਕਮਾਨ ਸਿੱਧੂ ਵਿਰੁੱਧ ਸਖ਼ਤ ਕਾਰਵਾਈ ਕਰੇ। ਦੂਜੇ ਪਾਸੇ ਬਲਬੀਰ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ ਵਰਗੇ ਕੈਬਨਿਟ ਮੰਤਰੀਆਂ ਨੇ ਇਸ ਮਾਮਲੇ 'ਚ ਚੁੱਪ ਧਾਰਨ ਕੀਤੀ ਹੋਈ ਹੈ।

ਇਹ ਮੰਤਰੀ ਇਸ ਵਿਵਾਦ ਵਿਚ ਨਹੀਂ ਪੈਣਾ ਚਾਹੁੰਦੇ। ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਕਾਂਗਰਸ 'ਚ ਇਸ ਤਰ੍ਹਾਂ ਦਾ ਵਿਵਾਦ ਹੋਣ 'ਤੇ ਸੂਬੇ ਦੇ ਪ੍ਰਧਾਨ ਕੋਲੋਂ ਰਿਪੋਰਟ ਲਈ ਜਾਂਦੀ ਹੈ। ਚੂੰਕਿ ਸੂਬਾ ਪ੍ਰਧਾਨ ਸੁਨੀਲ ਜਾਖੜ ਅਜੇ ਚੋਣ ਪ੍ਰਕਿਰਿਆ ਵਿਚ ਰੁਝੇ ਹੋਏ ਹਨ ਇਸ ਲਈ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਉਨ੍ਹਾਂ ਤੋਂ ਰਿਪੋਰਟ ਤਲਬ ਕੀਤੀ ਜਾਵੇਗੀ।


ਜਾਖੜ ਨੇ ਅਜੇ ਧਾਰੀ ਚੁੱਪ

ਸੁਨੀਲ ਜਾਖੜ ਨੇ ਇਸ ਪੂਰੇ ਮਾਮਲੇ 'ਚ ਚੁੱਪ ਧਾਰੀ ਹੋਈ ਹੈ। ਉਹ ਅਜੇ ਤਕ ਮੀਡੀਆ ਸਾਹਮਣੇ ਨਹੀਂ ਆਏ। ਇਸ ਤੋਂ ਪਹਿਲਾਂ ਵੀ ਸਿੱਧੂ ਜਦੋਂ ਵਿਵਾਦਾਂ ਵਿਚ ਫਸੇ ਹਨ ਜਾਖੜ ਨੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਵਾਰ ਸਿੱਧੂ ਦਾ ਬਚਾਅ ਕਰਨਾ ਉਨ੍ਹਾਂ ਲਈ ਵੀ ਆਸਾਨ ਨਹੀਂ ਹੋਵੇਗਾ।


ਲਾਲ ਸਿੰਘ ਹੋਏ ਸਿੱਧੂ ਦੇ ਬਿਆਨ 'ਤੇ 'ਲਾਲ'

ਪੰਜਾਬ ਕਾਂਗਰਸ ਦੀ ਚੋਣ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ 'ਕਲਚਰ' ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਿੱਜੀ ਵਿਚਾਰ ਜਨਤਕ ਤੌਰ 'ਤੇ ਨਹੀਂ ਪ੍ਰਗਟਾਉਣੇ ਚਾਹੀਦੇ ਸਨ ਕਿਉਂਕਿ ਅਜਿਹੇ ਨਾਜ਼ੁਕ ਸਮੇਂ ਪਾਰਟੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਲਾਲ ਸਿੰਘ ਦਾ ਕਹਿਣਾ ਹੈ ਕਿ ਜੇਕਰ ਪਾਰਟੀ 'ਮਿਸ਼ਨ 13' ਤੋਂ ਖੁੰਝਦੀ ਹੈ ਤਾਂ ਇਸ ਦਾ ਕਾਰਨ ਸਿੱਧੂ ਦੀ ਬਿਆਨਬਾਜ਼ੀ ਹੋਵੇਗਾ। ਲਾਲ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਨੂੰ ਕਾਂਗਰਸ ਵਿਚ ਸ਼ਾਮਲ ਹੋਏ 27 ਮਹੀਨੇ ਹੋਏ ਹਨ, ਪਾਰਟੀ ਨੇ ਕੈਬਨਿਟ ਮੰਤਰੀ, ਟਿਕਟ ਦੀ ਪੇਸ਼ਕਸ਼ ਦਿੱਤੀ ਅਤੇ ਪੂਰੇ ਦੇਸ਼ ਵਿਚ ਪ੍ਰਚਾਰ ਕਰਨ ਦੀ ਅਹਿਮ ਜ਼ਿੰਮੇਵਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ ਦੀ ਇਸ ਭਾਵਨਾ ਦਾ ਸਨਮਾਨ ਕਰਨਾ ਚਾਹੀਦਾ ਸੀ।

ਸਿੱਧੂ ਦੀ ਆਪਣੀ ਹੀ ਸਮੱਸਿਆ : ਪਰਨੀਤ ਕੌਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਨੇ ਵੀ ਸਿੱਧੂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਜਨਤਕ ਤੌਰ 'ਤੇ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਨੂੰ ਹਾਈ ਕਮਾਨ ਨਾਲ ਗੱਲ ਕਰਨੀ ਚਾਹੀਦੀ ਸੀ। ਸਿੱਧੂ ਦੀ ਆਪਣੀ ਹੀ ਸਮੱਸਿਆ ਹੈ। ਪਰਨੀਤ ਕੌਰ ਦੇ ਇਸ ਬਿਆਨ ਤੋਂ ਸਪੱਸ਼ਟ ਹੈ ਕਿ ਚੋਣ ਨਤੀਜੇ ਜੇ ਇੱਛਾ ਅਨੁਸਾਰ ਨਹੀਂ ਆਉਂਦੇ ਤਾਂ ਸਿੱਧੂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ।


ਸਿੱਧੂ ਦਾ ਬਿਆਨ ਤੋੜਿਆ ਮਰੋੜਿਆ ਗਿਆ : ਮਨਪ੍ਰੀਤ

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਲੀਲ ਦਿੱਤੀ ਹੈ ਕਿ ਸਿੱਧੂ ਨੇ ਉਨ੍ਹਾਂ ਲੋਕਾਂ ਖ਼ਿਲਾਫ਼ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਤੇ ਤਬਾਹ ਕੀਤਾ ਹੈ, ਨੂੰ ਸਿਆਸਤ ਤੋਂ ਵਾਂਝੇ ਕਰਨ ਦੀ ਗੱਲ ਕਹੀ ਹੈ ਪਰ, ਮੀਡੀਆ ਨੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ।


ਖਹਿਰਾ ਤੇ ਚੀਮਾ ਵੱਲੋਂ ਸਿੱਧੂ ਦਾ ਸਮਰਥਨ

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿੱਧੂ ਦੇ ਬਿਆਨ ਦੀ ਪ੍ਰੋੜਤਾ ਕਰਦਿਆਂ ਵੱਡੇ ਤਾਕਤਵਰ ਸਿਆਸਤਦਾਨਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਲੜਾਈ 'ਚ ਉਨ੍ਹਾਂ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ। ਖਹਿਰਾ ਨੇ ਤਾਂ ਸਿੱਧੂ ਨੂੰ ਕਾਂਗਰਸ ਵਿਚ ਸੁਣਵਾਈ ਨਾ ਹੋਣ 'ਤੇ ਪੰਜਾਬ ਏਕਤਾ ਪਾਰਟੀ 'ਚ ਦਰਵਾਜ਼ੇ ਖੁੱਲ੍ਹੇ ਹੋਣ ਭਾਵ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਹੈ।


ਇਹ ਕਿਹਾ ਸੀ ਸਿੱਧੂ ਨੇ

ਨਵਜੋਤ ਸਿੰਘ ਸਿੱਧੂ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਬਠਿੰਡਾ 'ਚ ਰੈਲੀ 'ਚ ਕਿਹਾ ਸੀ ਕਿ ਮਿਲ-ਵੰਡ ਕੇ ਖਾਣ ਵਾਲਿਆਂ ਨੂੰ ਵੀ ਠੋਕ ਦਿਓ। ਜ਼ਿਕਰਯੋਗ ਹੈ ਕਿ ਕੈਪਟਨ 'ਤੇ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ ਲੱਗਦੇ ਰਹੇ ਹਨ। ਇਸ ਚੋਣ ਵਿਚ ਵੀ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ 'ਤੇ ਬਾਦਲਾਂ ਨਾਲ ਮਿਲੇ ਹੋਣ ਦੇ ਦੋਸ਼ ਲਾਏ ਸਨ।

Posted By: Jagjit Singh