ਉਮਰੀਆ (ਮੱਧ ਪ੍ਰਦੇਸ਼) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਸ਼ਨਿਚਰਾਵਰ ਨੂੰ ਲੋਕ ਸਭਾ ਚੋਣ ਮੁਹਿੰਮ ਤਹਿਤ ਉਮਰੀਆ (ਮੱਧ ਪ੍ਰਦੇਸ਼) ਤੋਂ ਦੇਸ਼ ਪੱਧਰੀ ਵਿਜੈ ਸੰਕਲਪ ਬਾਈਕ ਰੈਲੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਮਾਣ-ਸਨਮਾਨ ਨੂੰ ਆਸਮਾਨ 'ਚ ਲਿਜਾਣ ਦਾ ਕੰਮ, ਦੇਸ਼ ਦੀ ਸੁਰੱਖਿਆ ਦਾ ਕੰਮ ਅਤੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਦਾ ਕੰਮ ਸਿਰਫ਼ ਨਰਿੰਦਰ ਮੋਦੀ ਹੀ ਕਰ ਸਕਦੇ ਹਨ। ਕਾਂਗਰਸ 'ਚ ਅੱਤਵਾਦ ਨੂੰਜਵਾਬ ਦੇਣ ਦਾ ਕਦੇ ਜਜ਼ਬਾ ਨਹੀਂ ਰਿਹਾ। ਕਾਂਗਰਸ 'ਚ ਦੇਸ਼ ਦੇ ਜਵਾਨਾਂ ਦੇ ਖ਼ੂਨ ਦਾ ਬਦਲਾ ਲੈਣ ਦੀ ਕਦੇ ਹਿੰਮਤ ਨਹੀਂ ਰਹੀ, ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਦੀ ਕਦੇ ਹਿੰਮਤ ਨਹੀਂ ਰਹੀ।

ਅਮਿਤ ਸ਼ਾਹ ਨੇ ਕਿਹਾ, ਪਾਕਿਸਤਾਨ 'ਤੇ ਪਿਛਲੇ 4 ਦਿਨ ਬਹੁਤ ਭਾਰੀ ਰਹੇ ਹਨ ਪਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੀਆਂ 21 ਪਾਰਟੀਆਂ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਪਾਕਿਸਤਾਨ ਨੂੰ ਖ਼ੁਸ਼ ਹੋਣ ਦਾ ਮੌਕਾ ਮਿਲਿਆ। ਮਮਤਾ ਦੀਦੀ ਪੁੱਛਦੀ ਹੈ ਕਿ ਸਰਜੀਕਲ ਸਟਰਾਈਕ ਹੋਈ ਕਿ ਨਹੀਂ? ਅਖਿਲੇਸ਼ ਜੀ ਬੋਲਦੇ ਹਨ ਪੁਲਵਾਮਾ ਹਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਅੱਜਕੱਲ੍ਹ ਵਿਰੋਧੀ ਧਿਰ ਦੇ ਨੇਤਾ ਏਅਰ ਸਟਰਾਈਕ 'ਤੇ ਸਵਾਲ ਉਠਾ ਰਹੇ ਹਨ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ 1990 ਤੋਂ ਇਹ ਦੇਸ਼ ਅੱਤਵਾਦ ਤੋਂ ਪੀੜਤ ਰਿਹਾ ਹੈ, ਪਰ ਕੀ ਕਦੇ ਇਨ੍ਹਾਂ ਨੇ ਅੱਤਵਾਦੀਆਂ ਨੂੰ ਜਵਾਬ ਦੇਣ ਦਾ ਹੌਂਸਲਾ ਦਿਖਾਇਆ? ਉਨ੍ਹਾਂ ਕਿਹਾ ਕਿ ਸ਼ਹੀਦ ਜਵਾਨਾਂ ਲਈ ਸਮਾਰਕ ਬਣਾਉਣ ਦੀ ਅਜੇ ਤਕ ਕਿਸੇ ਸਰਕਾਰ ਨੂੰ ਫੁਰਸਤ ਨਹੀਂ ਰਹੀ ਸੀ। ਮੋਦੀ ਸਰਕਾਰ ਨੇ ਸੱਤਾ 'ਚ ਆਉਂਦੇ ਹੀ ਵੀਰ ਜਵਾਨਾਂ ਦੀ ਯਾਦ 'ਚ ਰਾਸ਼ਟਰੀ ਸਮਾਰਕ ਬਣਾਉਣ ਦੀ ਸ਼ੁਰੂਆਤ ਕੀਤੀ ਅਤੇ ਪਿਛਲੇ ਦਿਨੀਂ ਉਹ ਸਮਾਰਕ ਦੇਸ਼ ਨੂੰ ਸਮਰਪਿਤ ਕੀਤਾ ਹੈ।

ਇਸ ਤੋਂ ਪਹਿਲਾਂ ਭਾਜਪਾ ਦੇ ਮੀਡੀਆ ਵਿੰਗ ਦੇ ਪ੍ਰਧਾਨ ਅਨਿਲ ਬਲੂਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਕੱਲ੍ਹ ਇਕ ਰੋਜ਼ਾ ਯਾਤਰਾ 'ਤੇ ਮੱਧ ਪ੍ਰਦੇਸ਼ 'ਚ ਰਹਿਣਗੇ, ਜਿੱਥੇ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ। ਇਸ ਦੌਰਾਨ ਉਹ ਵਿਜੈ ਸੰਕਲਪ ਬਾਈਕ ਰੈਲੀ ਦਾ ਸ਼ੁੱਭ ਆਰੰਭ ਕਰਨਗੇ। ਸ਼ਾਹ ਕੱਲ੍ਹ ਬਾਅਦ ਦੁਪਹਿਰ ਅਮਰ ਸ਼ਹੀਦ ਸਟੇਡੀਅਮ, ਉਮਰੀਆ ਤੋਂ ਹੀ ਦੇਸ਼ ਪੱਧਰੀ ਵਿਜੈ ਸੰਕਲਪ ਬਾਈਕ ਰੈਲੀ ਦਾ ਸ਼ੁੱਭ ਆਰੰਭ ਕਰਨਗੇ। ਉਹ ਖ਼ੁਦ ਵੀ ਬਾਈਕ ਰੈਲੀ 'ਚ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਦੇਸ਼ ਭਰ 'ਚ ਮੰਡਲ, ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਕਰਵਾਏ ਜਾਣਗੇ, ਜਿਸ 'ਚ ਇਕ ਕਰੋੜ ਤੋਂ ਜ਼ਿਆਦਾ ਭਾਜਪਾ ਵਰਕਰ ਬਾਈਕ ਰੈਲੀ ਕੱਢ ਕੇ ਜਨ-ਜਨ ਨਾਲ ਸੰਪਰਕ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਉਪਲੱਬਧੀਆਂ ਨੂੰ ਉਨ੍ਹਾਂ ਤੱਕ ਪਹੁੰਚਾਉਣਗੇ।

ਦੱਸਿਆ ਗਿਆ ਕਿ ਵਿਜੈ ਸੰਕਲਪ ਬਾਈਕ ਰੈਲੀ ਦੇਸ਼ ਦੇ ਸਾਰੇ ਰਾਜਾਂ 'ਚ ਕੱਢੀ ਜਾਵੇਗੀ। ਬਾਈਕ ਰੈਲੀ ਉੱਤਰ ਪ੍ਰਦੇਸ਼ ਦੇ ਸਾਰੇ 403 ਵਿਧਾਨ ਸਭਾ ਹਲਕਿਆਂ ਸਮੇਤ ਪੱਛਮੀ ਬੰਗਾਲ ਦੇ ਸਾਰੇ 294, ਮਹਾਰਾਸ਼ਟਰ ਦੇ ਸਾਰੇ 288, ਬਿਹਾਰ ਦੇ ਾਰੇ 243, ਤਾਮਿਲਨਾਡੂ ਦੇ ਸਾਰੇ 234, ਮੱਧ ਪ੍ਰਦੇਸ਼ ਦੇ ਸਾਰੇ 230, ਕਰਨਾਟਕ ਦੇ ਸਾਰੇ 224, ਰਾਜਸਥਾਨ ਦੇ ਸਾਰੇ 200, ਗੁਜਰਾਤ ਦੇ ਸਾਰੇ 182, ਆਂਧਰਾ ਪ੍ਰਦੇਸ਼ ਦੇ ਸਾਰੇ 175, ਓਡਿਸ਼ਾ ਦੇ 147 ਅਤੇ ਕੇਰਲ ਦੇ ਸਾਰੇ 140 ਵਿਧਾਨ ਸਭਾ ਹਲਕਿਆਂ 'ਚ ਕੱਢੀ ਜਾਵੇਗੀ। ਦੇਸ਼ ਭਰ ਦੇ ਕੁੱਲ 4120 ਵਿਧਾਨ ਸਭਾ ਹਲਕਿਆਂ 'ਚ ਲਗਭਗ 3500 ਤੋਂ ਜ਼ਿਆਦਾ ਥਾਵਾਂ 'ਤੇ ਇਹ ਰੈਲੀ ਕੱਢੀ ਜਾਵੇਗੀ।

Posted By: Jagjit Singh