ਨਵੀਂ ਦਿੱਲੀ: ਆਮ ਚੋਣਾਂ 2019 ਅਧੀਨ ਦਿੱਲੀ ਦੀਆਂ ਸੱਟ ਸੀਟਾਂ (ਨਵੀਂ ਦਿੱਲੀ, ਪੂਰਬੀ ਦਿੱਲੀ, ਪੱਛਮੀ ਦਿੱਲੀ, ਦੱਖਣੀ ਦਿੱਲੀ, ਉਤਰੀ ਪੂਰਬੀ ਦਿੱਲੀ, ਉੱਤਰ ਪੱਛਮੀ ਦਿੱਲੀ ਤੇ ਚਾਂਦਰੀ ਚੌਕ) 'ਤੇ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ 5 ਵਜੇ ਬੰਦ ਹੋ ਜਾਵੇਗਾ। ਇਸ ਦੌਰਾਨ ਦਿੱਲੀ ਦੀਆਂ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਵਿਚਾਲੇ ਇਕ-ਦੂਸਰੇ 'ਤੇ ਦੋਸ਼ ਲਗਾਉਣ ਦੇ ਮਾਮਲੇ ਵੀ ਵੱਧ ਰਹੇ ਹਨ।

ਤਾਜ਼ਾ ਮਾਮਲੇ 'ਚ ਆਪ ਨੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਗੌਤਮ ਗੰਭੀਰ 'ਤੇ ਬੇਹੱਦ ਗੰਭੀਰ ਦੋਸ਼ ਲਗਾਏ ਹਨ। ਪੂਰਬੀ ਦਿੱਲੀ ਦੀ ਸੀਟ ਤੋਂ ਆਪ ਉਮੀਦਵਾਰ ਆਤਿਸ਼ੀ ਦੇ ਨਾਲ ਦਿੱਲੀ ਦਾ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਬਕਾਇਦਾ ਪ੍ਰੈੱਸ ਕਾਨਫਰੰਸ ਕਰ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਪ ਉਮੀਦਵਾਰ ਆਤਿਸ਼ੀ ਖ਼ਿਲਾਫ਼ ਨਿਊਜ਼ ਪੇਪਰ ਨਾਲ ਅਸ਼ਲੀਲ ਟਿੱਪਣੀ ਵਾਲੇ ਪਰਚੇ ਵੰਡੇ ਗਏ ਹਨ। ਇਸ ਦੌਰਾਨ ਆਤਿਸ਼ੀ ਬੇਹੱਦ ਭਾਵੁਕ ਵੀ ਨਜ਼ਰ ਆਈ।


ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਚੋਣ ਪ੍ਰਚਾਰ ਦੌਰਾਨ ਆਪ ਦੀ ਆਤਿਸ਼ੀ ਨੇ ਗੌਤਮ ਗੰਭੀਰ ਨੂੰ 'ਨੌਸਿਖੀਆ' ਕਿਹਾ ਸੀ, ਨਾਲ ਹੀ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਪ੍ਰਸਿੱਧੀ ਉਨ੍ਹਾਂ ਖ਼ਿਲਾਫ਼ ਹੋ ਜਾਵੇਗੀ। ਕਿਉਂਕਿ ਲੋਕ ਵੱਡੀਆਂ ਹਸਤੀਆਂ ਨੂੰ ਦੇਖਣਾ ਤਾਂ ਚਾਹੁੰਦੇ ਹਨ ਪਰ ਆਪਣਾ ਪ੍ਰਤੀਨਿਧੀ ਅਜਿਹੇ ਵਿਅਕਤੀ ਨੂੰ ਬਣਾਉਣਾ ਚਾਹੁੰਦੇ ਹਨ ਜੋ ਹਰ ਸਮੇਂ ਉਨ੍ਹਾਂ ਲਈ ਉਪਲੱਬਧ ਹੋਵੇ।


ਆਤਿਸ਼ੀ ਨੇ ਪੀਟੀਆਈ ਨੂੰ ਦੱਸਿਆ ਕਿ ਗੌਤਮ ਗੰਭੀਰ ਨੌਸਿਖੀਆ ਵੀ ਲਗਦੇ ਹਨ। ਉਨ੍ਹਾਂ ਦੀ ਨਾਮਜ਼ਦਗੀ ਵੀ ਠੀਕ ਨਹੀਂ ਭਰੀ ਗਈ ਸੀ। ਉਨ੍ਹਾਂ ਕੋਲ ਦੋ ਮਤਦਾਤਾ ਕਾਰਡ ਹਨ। ਲੋਕ ਸੋਚਦੇ ਹਨ ਕਿ ਗੰਭੀਰ ਕੋਲ ਦੋ ਮਤਦਾਤਾ ਪੱਤਰ ਹਨ, ਕਿਸੇ ਨਾ ਕਿਸੇ ਤਰ੍ਹਾਂ ਉਹ ਅਯੋਗ ਹੋ ਜਾਣਗੇ। ਇਸ ਲਈ ਉਹ ਗੰਭੀਰ ਦੇ ਪੱਖ 'ਚ ਮਤਦਾਨ ਕਰ ਕੇ ਕਿਉਂ ਆਪਣਾ ਵੋਟ ਬਰਬਾਦ ਕਰਨ।

ਪੂਰਬੀ ਦਿੱਲੀ ਸੀਟ ਤੋਂ ਜਿੱਥੇ ਭਾਜਪਾ ਨੇ ਉਨ੍ਹਾਂ ਖ਼ਿਲਾਫ਼ ਗੰਭੀਰ ਨੂੰ ਉਤਾਰਿਆ ਹੈ, ਉੱਥੇ ਹੀ ਕਾਂਗਰਸ ਵੱਲੋਂ ਅਰਵਿੰਦਰ ਸਿੰਘ ਲਵਲੀ ਮੈਦਾਨ 'ਚ ਹਨ, ਜਦਕਿ ਆਪ ਵੱਲੋਂ ਆਤਿਸ਼ੀ ਚੁਣੌਤੀ ਪੇਸ਼ ਕਰ ਰਹੀ ਹੈ। ਦਿੱਲੀ 'ਚ 12 ਮਈ ਨੂੰ ਮਤਦਾਨ ਹੋਵੇਗਾ।

Posted By: Akash Deep