ਜੈ ਸਿੰਘ ਛਿੱਬਰ, ਚੰਡੀਗੜ੍ਹ : 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 13 ਲੋਕ ਸਭਾ ਹਲਕਿਆਂ ਲਈ ਕੁਲ 278 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਉਮੀਦਵਾਰਾਂ ਵਿਚ 5 ਰਾਜਸੀ ਪਾਰਟੀਆਂ ਦੇ ਪ੍ਰਧਾਨ ਸ਼ਾਮਲ ਹਨ, ਜਿਨ੍ਹਾਂ ਦਾ ਵੱਕਾਰ ਦਾਅ 'ਤੇ ਲੱਗਿਆ ਹੋਇਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸੰਗਰੂਰ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਨਵਾਂ ਪੰਜਾਬ ਪਾਰਟੀ ਦੇ ਡਾ. ਧਰਮਵੀਰ ਗਾਂਧੀ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਹਨ। ਇਨ੍ਹਾਂ 278 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕੁਲ 2,07,81,211 ਵੋਟਰਾਂ ਦੇ ਹੱਥ ਵਿਚ ਹੈ। ਵੀਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ 12 ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਤੋਂ ਬਾਅਦ 13 ਹਲਕਿਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਹਨ। ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ 385 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ ਤੇ ਪੜਤਾਲ ਦੌਰਾਨ 297 ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਸਨ।

ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ 15 ਉਮੀਦਵਾਰ, ਅੰਮ੍ਰਿਤਸਰ ਤੋਂ 30, ਖਡੂਰ ਸਾਹਿਬ ਤੋਂ 19, ਜਲੰਧਰ ਤੋਂ 19, ਹੁਸ਼ਿਆਰਪੁਰ ਤੋਂ 8, ਅਨੰਦਪੁਰ ਸਾਹਿਬ ਤੋਂ 26, ਲੁਧਿਆਣਾ ਤੋਂ 22, ਫਤਿਹਗੜ੍ਹ ਸਾਹਿਬ ਤੋਂ 20, ਫ਼ਰੀਦਕੋਟ ਤੋਂ 20, ਫਿਰੋਜ਼ਪੁਰ ਤੋਂ 22, ਬਠਿੰਡਾ ਤੋਂ 27 ਉਮੀਦਵਾਰ, ਸੰਗਰੂਰ ਤੋਂ 25 ਤੇ ਪਟਿਆਲਾ ਹਲਕੇ ਤੋਂ 25 ਉਮੀਦਵਾਰ ਚੋਣ ਪਿੜ੍ਹ ਵਿਚ ਹਨ।

ਅੰਮ੍ਰਿਤਸਰ 'ਚ ਸੱਭ ਤੋਂ ਵੱਧ 30 ਤੇ ਹੁਸ਼ਿਆਰਪੁਰ ਵਿਚ ਸੱਭ ਤੋਂ ਘੱਟ 8 ਉਮੀਦਵਾਰ ਮੈਦਾਨ ਵਿਚ ਹਨ।

23213 ਬੂਥਾਂ 'ਤੇ 2,07,81,211 ਵੋਟਰ ਪਾਉਣਗੇ ਵੋਟਾਂ

ਇਨ੍ਹਾਂ 278 ਉਮੀਦਵਾਰਾਂ ਵਿੱਚੋਂ 13 ਨੂੰ ਸੰਸਦ ਤਕ ਪਹੁੰਚਾਉਣ ਲਈ ਕਿਸਮਤ ਦਾ ਫੈਸਲਾ 2,07,81,211 ਵੋਟਰ ਕਰਨਗੇ। ਜਿਨ੍ਹਾਂ ਵਿਚ 1,09,50,735 ਮਰਦ, 98,29,916 ਔਰਤਾਂ ਅਤੇ 560 ਥਰਡ ਜੈਂਡਰ ਦੇ ਵੋਟਰ ਹਨ। 19 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੀਕ ਵੋਟਾਂ ਪਾਈਆਂ ਜਾਣਗੀਆਂ। 23213 ਪੋਲਿੰਗ ਬੂਥਾਂ ਵਿਚੋਂ 249 ਕ੍ਰਿਟੀਕਲ, 719 ਨਾਜ਼ੁਕ ਤੇ 509 ਅਤਿ-ਨਾਜ਼ੁਕ ਹਨ। ਪੰਜਾਬ ਵਿਚ ਵੋਟਾਂ ਵਾਲੇ ਦਿਨ 12002 ਬੂਥਾਂ ਤੋਂ ਵੈੱਬਕਾਸਟਿੰਗ ਕੀਤੀ ਜਾਵੇਗੀ ਜਦਕਿ ਵੋਟਾਂ ਦੀ ਗਿਣਤੀ ਮਿਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ।

Posted By: Susheel Khanna