ਬੀਤੇ ਕੁਝ ਸਮੇਂ ਦੌਰਾਨ ਆਨਲਾਈਨ ਲਰਨਿੰਗ ਨੇ ਸਿੱਖਿਆ ਦੇ ਖੇਤਰ 'ਚ ਖ਼ਾਸ ਥਾਂ ਬਣਾਈ ਹੈ। ਇਸ ਮਾਧਿਅਮ ਨਾਲ ਵਿਦਿਆਰਥੀਆਂ ਲਈ ਆਪਣੇ ਪਸੰਦੀਦਾ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਕਾਫ਼ੀ ਸੌਖਾ ਹੋ ਗਿਆ ਹੈ। ਇਸ ਦੇ ਚਲਦਿਆਂ ਅੱਜ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਆਨਲਾਈਨ ਕੋਰਸ ਕਰਵਾ ਰਹੀਆਂ ਹਨ। ਦੂਜੇ ਪਾਸੇ, ਵਿਦਿਆਰਥੀਆਂ ਲਈ ਭਾਵੇਂ ਈ-ਲਰਨਿੰਗ ਜ਼ਰੀਏ ਮਨਚਾਹੀ ਸਿੱਖਿਆ ਪ੍ਰਾਪਤ ਕਰਨੀ ਸੌਖੀ ਹੋ ਗਈ ਹੈ ਪਰ ਪ੍ਰੋਫੈਸ਼ਨਲ ਖੇਤਰ 'ਚ ਆਨਲਾਈਨ ਕੋਰਸਾਂ ਦੀ ਮਾਨਤਾ ਸਬੰਧੀ ਉਨ੍ਹਾਂ ਦੇ ਮਨ 'ਚ ਸ਼ੰਕੇ ਹਨ।

ਆਨਲਾਈਨ ਡਿਗਰੀ ਦਾ ਮਹੱਤਵ

ਅੱਜ ਵੱਖ-ਵੱਖ ਸੰਸਥਾਵਾਂ ਆਨਲਾਈਨ ਕੋਰਸ ਕਰਵਾ ਰਹੀਆਂ ਹਨ ਪਰ ਇਨ੍ਹਾਂ ਕੋਰਸਾਂ ਦੀ ਡਿਗਰੀ ਜਾਂ ਸਰਟੀਫਿਕੇਟਾਂ ਦਾ ਪ੍ਰੋਫੈਸ਼ਨਲ ਖੇਤਰ 'ਚ ਕਿੰਨਾ ਮਹੱਤਵ ਹੈ, ਇਸ ਨੂੰ ਲੈ ਕੇ ਵਿਦਿਆਰਥੀਆਂ ਦੇ ਮਨ 'ਚ ਕਈ ਤਰ੍ਹਾਂ ਦੇ ਪ੍ਰਸ਼ਨ ਉੱਠਦੇ ਹਨ। ਇਸ ਸਬੰਧੀ ਆਨਲਾਈਨ ਐਜੂਕੇਸ਼ਨ ਦੇ ਖੇਤਰ 'ਚ ਮੁਹਾਰਤ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਅਜੋਕੇ ਦੌਰ 'ਚ ਜ਼ਿਆਦਾਤਰ ਕੰਪਨੀਆਂ ਆਨਲਾਈਨ ਡਿਗਰੀ ਨੂੰ ਸਵੀਕਾਰ ਕਰ ਰਹੀਆਂ ਹਨ। ਖ਼ਾਸ ਤੌਰ 'ਤੇ ਨਾਮਵਰ ਸੰਸਥਾਵਾਂ ਤੋਂ ਕੀਤੀ ਗਈ ਡਿਗਰੀ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ। ਮੌਜੂਦਾ ਦੌਰ 'ਚ ਕੰਪਨੀਆਂ ਕਿਸੇ ਵੀ ਉਮੀਦਵਾਰ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਉਸ ਦੇ ਗਿਆਨ ਦੇ ਨਾਲ-ਨਾਲ ਕੰਮ ਨਾਲ ਸਬੰਧਤ ਹੋਰ ਖ਼ੂਬੀਆਂ ਨੂੰ ਵੀ ਪਰਖ਼ਦੀਆਂ ਹਨ। ਜੇ ਉਮੀਦਵਾਰ 'ਚ ਚੰਗੇ ਹੁਨਰ ਹਨ ਤਾਂ ਕੰਪਨੀ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਮੀਦਵਾਰ ਨੇ ਕਾਲਜ ਤੋਂ ਰਵਾਇਤੀ ਤਰੀਕੇ ਨਾਲ ਪੜ੍ਹਾਈ ਕਰ ਕੇ ਡਿਗਰੀ ਹਾਸਲ ਕੀਤੀ ਹੈ ਜਾਂ ਆਨਲਾਈਨ। ਅਜਿਹੇ 'ਚ ਦੋਵਾਂ ਹੀ ਡਿਗਰੀਆਂ ਨੂੰ ਬਰਾਬਰ ਦਾ ਮਹੱਤਵ ਦਿੱਤਾ ਜਾਂਦਾ ਹੈ।

ਸੰਸਥਾ ਦੀ ਮਹੱਤਤਾ

ਸਿੱਖਿਆ ਮਾਹਿਰ ਕਿਸੇ ਵੀ ਤਰ੍ਹਾਂ ਦੇ ਆਨਲਾਈਨ ਕੋਰਸ 'ਚ ਦਾਖ਼ਲਾ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੰਸਥਾ ਦੀ ਮਾਨਤਾ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਦੀ ਸਲਾਹ ਦਿੰਦੇ ਹਨ। ਅੱਜ ਆਨਲਾਈਨ ਲਰਨਿੰਗ ਦੇ ਨਾਂ 'ਤੇ ਇੰਟਰਨੈੱਟ 'ਚ ਤੁਹਾਨੂੰ ਇਹ ਸਹੂਲਤ ਦੇਣ ਵਾਲੀਆਂ ਬਹੁਤ ਸਾਰੀਆਂ ਵੈੱਬਸਾਈਟਾਂ ਮਿਲ ਜਾਣਗੀਆਂ। ਅਜਿਹੇ 'ਚ ਪਰਖ ਕਰ ਕੇ ਹੀ ਸੰਸਥਾ ਵੱਲੋਂ ਕਰਵਾਏ ਜਾਣ ਵਾਲੇ ਆਨਲਾਈਨ ਕੋਰਸਾਂ ਦੀ ਚੋਣ ਕਰਨਾ ਹੀ ਵਿਦਿਆਰਥੀਆਂ ਲਈ ਠੀਕ ਹੈ। ਨਾਮਵਰ ਕਾਲਜ ਵੱਲੋਂ ਆਫ਼ਰ ਕੀਤੇ ਜਾਣ ਵਾਲੇ ਆਨਲਾਈਨ ਕੋਰਸਾਂ ਦੇ ਵਿਦਿਆਰਥੀਆਂ ਨੂੰ ਆਪਣੀ ਡਿਗਰੀ ਪ੍ਰਤੀ ਕਿਸੇ ਤਰ੍ਹਾਂ ਦਾ ਸੰਦੇਹ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਸੰਸਥਾਵਾਂ ਵਿਦਿਆਰਥੀਆਂ ਨੂੰ ਜੋ ਆਨਲਾਈਨ ਲਰਨਿੰਗ ਸਕੋਰ ਕਾਰਡ ਦਿੰਦੀਆਂ ਹਨ। ਉਨ੍ਹਾਂ ਕੋਲੋਂ ਡਿਗਰੀ ਜਾਂ ਸਕੋਰ ਕਾਰਡ ਹਾਸਲ ਕਰਨਾ ਵੀ ਵਿਦਿਆਰਥੀਆਂ ਲਈ ਨੌਕਰੀ ਪ੍ਰਾਪਤ ਕਰਨ 'ਚ ਫ਼ਾਇਦੇਮੰਦ ਸਾਬਿਤ ਹੁੰਦਾ ਹੈ।

ਕਈ ਜਗ੍ਹਾ ਕੰਮ ਨਹੀਂ ਕਰਦੀ ਇਹ ਡਿਗਰੀ

ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਵੀ ਕੁਝ ਕੰਪਨੀਆਂ ਆਨਲਾਈਨ ਡਿਗਰੀਧਾਰਕਾਂ ਨੂੰ ਨੌਕਰੀ ਦੇਣ ਤੋਂ ਝਿਜਕਦੀਆਂ ਹਨ। ਇਸ ਦਾ ਕਾਰਨ ਡਿਗਰੀ ਦਾ ਆਨਲਾਈਨ ਹੋਣਾ ਨਹੀਂ ਸਗੋਂ ਜੌਬ ਪ੍ਰੋਫਾਈਲ 'ਚ ਉਸ ਦਾ ਮੇਲ ਨਾ ਹੋਣਾ ਹੋ ਸਕਦਾ ਹੈ, ਜਿਵੇਂ ਅਧਿਆਪਨ ਦੀ ਨੌਕਰੀ ਲਈ ਆਨਲਾਈਨ ਡਿਗਰੀ ਦੀ ਥਾਂ ਸੰਸਥਾਗਤ ਉੱਚ ਯੋਗਤਾ ਰੱਖਣ ਵਾਲੇ ਉਮੀਦਵਾਰ ਨੂੰ ਪਹਿਲ ਦੇਣੀ ਪਸੰਦ ਕੀਤੀ ਜਾਂਦੀ ਹੈ। ਇਸ ਤਰ੍ਹਾਂ ਖ਼ਾਸ ਯੋਗਤਾ ਦੀ ਮੰਗ ਕਰਨ ਵਾਲੇ ਜੌਬ ਪ੍ਰੋਫਾਈਲ ਆਨਲਾਈਨ ਡਿਗਰੀ ਦੀ ਥਾਂ ਰਵਾਇਤੀ ਡਿਗਰੀ ਨੂੰ ਮਹੱਤਵ ਦੇ ਸਕਦੇ ਹਨ।

ਸੰਸਥਾ ਬਾਰੇ ਜਾਣਕਾਰੀ

ਜੇ ਤੁਸੀਂ ਨੌਕਰੀ ਪ੍ਰਾਪਤ ਕਰਨ ਲਈ ਕੋਈ ਆਨਲਾਈਨ ਕੋਰਸ ਕਰਨਾ ਚਾਹੁੰਦੇ ਹੋ ਤਾਂ ਕੋਰਸ 'ਚ ਦਾਖ਼ਲਾ ਲੈਣ ਤੋਂ ਪਹਿਲਾਂ ਇਹ ਜਾਣਕਾਰੀ ਹਾਸਲ ਕਰ ਲਵੋ ਕਿ ਤੁਸੀਂ ਜਿਸ ਖੇਤਰ ਜਾਂ ਕੰਪਨੀ 'ਚ ਨੌਕਰੀ ਕਰਨੀ ਚਾਹੁੰਦੇ ਹੋ, ਉੱਥੇ ਆਨਲਾਈਨ ਡਿਗਰੀ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ ਜਾਂ ਨਹੀਂ? ਇਸ ਲਈ ਤੁਸੀਂ ਕੁਝ ਕੰਪਨੀਆਂ ਦੇ ਐੱਚਆਰ ਡਿਪਾਰਟਮੈਂਟ ਨਾਲ ਸੰਪਰਕ ਕਰ ਕੇ ਇਸ ਬਾਰੇ ਪੁੱਛ ਸਕਦੇ ਹੋ ਕਿ ਉਹ ਆਨਲਾਈਨ ਡਿਗਰੀ ਕਰਨ ਵਾਲਿਆਂ ਨੂੰ ਨੌਕਰੀ ਦਿੰਦੇ ਹਨ, ਜਾਂ ਨਹੀਂ। ਤੁਸੀਂ ਚਾਹੋ ਤਾਂ ਆਪਣੇ ਸ਼ਹਿਰ 'ਚ ਹੋਣ ਵਾਲੇ ਜੌਬ-ਫੇਅਰ 'ਚ ਹਿੱਸਾ ਲੈ ਕੇ ਵੀ ਇਹ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਪ੍ਰੋਫੈਸ਼ਨਲ ਖੇਤਰ 'ਚ ਆਨਲਾਈਨ ਡਿਗਰੀ ਨੂੰ ਕਿੰਨਾ ਮਹੱਤਵ ਦਿੱਤਾ ਜਾ ਰਿਹਾ ਹੈ ਤੇ ਚੋਣਕਰਤਾ ਆਨਲਾਈਨ ਡਿਗਰੀ ਕਰਨ ਵਾਲਿਆਂ ਪ੍ਰਤੀ ਕਿਸ ਤਰ੍ਹਾਂ ਦੀ ਧਾਰਨਾ ਰੱਖਦੇ ਹਨ।

Posted By: Harjinder Sodhi