ਅਜੋਕੀ ਨੌਜਵਾਨ ਪੀੜ੍ਹੀ ਪੁਰਾਣੇ ਸਮਿਆਂ ਨਾਲੋਂ ਵਧੇਰੇ ਜਾਗਰੂਕ ਹੈ। ਅੱਜ ਹਰ ਵਿਦਿਆਰਥੀ ਨੇ ਆਪਣੀ ਮੰਜ਼ਿਲ ਤਾਂ ਤੈਅ ਕੀਤੀ ਹੈ ਪਰ ਉਸ ਨੂੰ ਮੰੰਜ਼ਿਲ ਤਕ ਪਹੁੰਚਣ ਦਾ ਰਸਤਾ ਨਹੀਂ ਪਤਾ ਹੁੰਦਾ। ਕਈ ਵਾਰ ਰਸਤਿਆਂ ਦੀ ਭਟਕਣ 'ਚ ਉਹ ਗੁਆਚ ਜਾਂਦੇ ਹਨ। ਇਸ ਲਈ ਚਾਹੀਦਾ ਹੈ ਕਿ ਸਾਨੂੰ ਮੈਟ੍ਰਿਕ ਤਂੋ ਬਾਅਦ ਹੀ ਆਪਣੇ ਅਗਲੇ ਖੇਤਰ ਬਾਰੇ ਸੋਚ ਲੈਣਾ ਚਾਹੀਦਾ ਹੈ। ਦਸਵੀਂ ਪਾਸ ਕਰਨ ਤੋਂ ਬਾਅਦ ਕਈ ਵਾਰ ਬੱਚੇ ਸਹੀ ਕੌਂਸਲਿੰਗ ਨਾ ਮਿਲਣ ਕਾਰਨ ਅਗਲੀ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਕਰਦੇ। ਵੈਸੇ ਤਾਂ ਹੁਣ ਸਕੂਲ ਪੱਧਰ 'ਤੇ ਹੀ ਦਸਵੀਂ ਕਰ ਰਹੇ ਬੱਚਿਆਂ ਨੂੰ ਰੁਜ਼ਗਾਰ ਕੌਂਸਲਿੰਗ ਲਈ ਜਾਣਕਾਰੀ ਅਧਿਆਪਕਾਂ ਵੱਲੋਂ ਸਮੇਂ-ਸਮੇਂ ਸਿਰ ਦਿੱਤੀ ਜਾਂਦੀ ਹੈ, ਫਿਰ ਵੀ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਰੁਜ਼ਗਾਰ ਨੂੰ ਮੁੱਖ ਰੱਖ ਕੇ ਜੋ ਸਿੱਖਿਆ ਲੈਣ ਦੀ ਲੋੜ ਹੈ, ਉਸ ਦੀ ਗੱਲ ਕਰਨੀ ਬਣਦੀ ਹੈ। ਅਕਾਦਮਿਕ ਯੋਗਤਾ ਪ੍ਰਾਪਤ ਕਰ ਕੇ ਨੌਕਰੀ ਪ੍ਰਾਪਤ ਕਰਨ ਦੇ ਮੌਕੇ ਬਹੁਤ ਘੱਟ ਗਏ ਹਨ। ਇਸੇ ਕਰਕੇ ਕਿੱਤਾਮੁਖੀ ਸਿੱਖਿਆ ਦੇਣ ਲਈ ਇੰਡਸਟਰੀਅਲ ਟ੍ਰੇਨਿੰਗ ਸੰਸਥਾਵਾਂ ਤੇ ਬਹੁ-ਤਕਨੀਕੀ ਸੰਸਥਾਵਾਂ ਤੇਜ਼ੀ ਨਾਲ ਆਪਣਾ ਰੋਲ ਅਦਾ ਕਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਵਿਚ ਦਸਵੀਂ ਤੋਂ ਬਾਅਦ ਬਹੁਤ ਸਾਰੇ ਕੋਰਸ ਕੀਤੇ ਜਾ ਸਕਦੇ ਹਨ, ਜੋ ਰੁਜ਼ਗਾਰ ਦਾ ਸਾਧਨ ਬਣਦੇ ਹਨ। ਇਸੇ ਤਰ੍ਹਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਕਿੱਤਾਮੁਖੀ ਕੋਰਸਾਂ ਸਬੰਧੀ ਕਰਵਾਏ ਗਏ ਦੋ ਦਿਨਾ ਸਪਾਰਕ ਮੇਲੇ 'ਚ ਵਿਦਿਆਰਥੀਆਂ ਨੂੰ ਦਸਵੀਂ, ਬਾਰ੍ਹਵੀਂ ਤੋਂ ਬਾਅਦ ਦੀ ਪੜ੍ਹਾਈ ਤੇ ਰੁਜ਼ਗਾਰ ਸਬੰਧੀ ਜਾਣਕਾਰੀ ਦਿੱਤੀ ਗਈ।

ਨਰਸਿੰਗ 'ਚ ਭਵਿੱਖ

ਪ੍ਰੋ. ਕੁਲਦੀਪ ਚੌਹਾਨ ਨੇ ਨਰਸਿੰਗ ਦੇ ਖੇਤਰ 'ਚ ਭਵਿੱਖ ਬਣਾਉਣ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਵਧੀਆ ਡਾਕਟਰ ਦੇ ਨਾਲ-ਨਾਲ ਮਰੀਜ਼ਾਂ ਦੀ ਦੇਖਭਾਲ ਲਈ ਨਰਸਿੰਗ ਪ੍ਰੋਫੈਸ਼ਨਲਜ਼ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ। ਹਸਪਤਾਲਾਂ, ਨਰਸਿੰਗ ਹੋਮਜ਼ ਤੇ ਕਲੀਨਿਕ ਤੋਂ ਇਲਾਵਾ ਓਲਡ ਏਜ਼ ਹੋਮਜ਼ ਮਿਲਟਰੀ ਹੈੱਲਥ ਸਰਵਿਸ, ਸਕੂਲ, ਰੇਲਵੇ, ਪਬਲਿਕ ਸੈਕਟਰ ਮੈਡੀਕਲ ਡਿਪਾਰਟਮੈਂਟ ਆਦਿ 'ਚ ਵੀ ਨਰਸਿੰਗ ਪ੍ਰੋਫੈਸ਼ਨਲਜ਼ ਲਈ ਬਹੁਤ ਸਾਰੇ ਮੌਕੇ ਸਾਹਮਣੇ ਆ ਰਹੇ ਹਨ। ਅਜਿਹੇ 'ਚ ਜੇ ਤੁਸੀਂ ਵੀ ਸੇਵਾ ਭਾਵਨਾ ਨਾਲ ਇਸ ਖੇਤਰ 'ਚ ਆਉਣਾ ਚਾਹੁੰਦੇ ਹੋ ਤਾਂ ਨਰਸਿੰਗ ਨੂੰ ਅਪਣਾ ਸਕਦੇ ਹੋ।

ਜੀਐੱਨਐੱਮ : ਇਸ ਕੋਰਸ ਦੀ ਮਿਆਦ ਸਾਢੇ ਤਿੰਨ ਸਾਲ ਹੈ। ਘੱਟੋ-ਘੱਟ 40 ਫ਼ੀਸਦੀ ਅੰਕਾਂ ਨਾਲ ਭੌਤਿਕ, ਰਸਾਇਣ ਤੇ ਜੀਵ ਵਿਗਿਆਨ ਵਿਸ਼ੇ ਨਾਲ 12ਵੀਂ ਪਾਸ ਉਮੀਦਵਾਰ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ।

ਬੀਐੱਸਸੀ ਇਨ ਨਰਸਿੰਗ : ਭੌਤਿਕ, ਰਸਾਇਣ ਤੇ ਜੀਵ ਵਿਗਿਆਨ ਨਾਲ ਘੱਟੋ-ਘੱਟ 45 ਫ਼ੀਸਦੀ ਅੰਕਾਂ ਨਾਲ 12ਵੀਂ ਪਾਸ ਉਮੀਦਵਾਰ ਇਸ ਕੋਰਸ 'ਚ ਦਾਖ਼ਲਾ ਲੈ ਸਕਦੇ ਹਨ। ਇਸ ਕੋਰਸ ਦੀ ਮਿਆਦ ਚਾਰ ਸਾਲ ਹੈ।

ਬੀਐੱਸਸੀ ਇਨ ਨਰਸਿੰਗ (ਪੋਸਟ ਬੇਸਿਕ) : 12ਵੀਂ ਨਾਲ ਜੇਐੱਨਐੱਮ (ਜਨਰਲ ਨਰਸਿੰਗ ਐਂਡ ਮਿਡਵਾਈਫਰੀ) ਹੋਣੀ ਚਾਹੀਦੀ ਹੈ।

ਇਸ ਪ੍ਰੋਫੈਸ਼ਨ ਨੂੰ ਅਪਣਾਉਣ ਵਾਲੇ ਬਿਨੈਕਾਰ ਦੀ ਤਨਖ਼ਾਹ ਯੋਗਤਾ, ਖੇਤਰ ਤੇ ਤਜਰਬੇ ਅਨੁਸਾਰ ਤੈਅ ਕੀਤੀ ਜਾਂਦੀ ਹੈ। ਸਰਕਾਰੀ ਹਸਪਤਾਲਾਂ 'ਚ ਕੰਮ ਕਰਨ ਵਾਲੀਆਂ ਨਰਸਾਂ ਨੂੰ 35,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ, ਜਦੋਂਕਿ ਨਿੱਜੀ ਹਸਪਤਾਲਾਂ ਜਾ ਨਰਸਿੰਗ ਹੋਮਜ਼ 'ਚ ਕੰਮ ਕਰਨ ਵਾਲੀਆਂ ਨਰਸਾਂ ਨੂੰ 10,000 ਤੋਂ 12,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ। ਤਜਰਬਾ ਵੱਧਣ ਨਾਲ ਤਨਖ਼ਾਹ ਵੀ ਵੱਧਦੀ ਰਹਿੰਦੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ)

ਏਡੀਸੀ ਕੁਲਵੰਤ ਸਿੰਘ ਨੇ ਏਆਈ, ਰੋਬਟ ਤੇ ਹੋਰ ਅਜੋਕੀਆਂ ਤਕਨੀਕਾਂ 'ਚ ਕਰੀਅਰ ਬਣਾਉਣ ਸਬੰਧੀ ਆਖਿਆ ਕਿ ਭਵਿੱਖ ਦੀਆਂ ਅਜੋਕੀਆਂ ਤਕਨੀਕਾਂ 'ਚ ਰੁਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਹਨ। ਆਉਣ ਵਾਲੇ ਕੁਝ ਦਹਾਕਿਆਂ 'ਚ ਅਸੀਂ ਇਨ੍ਹਾਂ ਤਕਨੀਕਾਂ 'ਤੇ ਪੂਰੀ ਤਰ੍ਹਾਂ ਨਿਰਭਰ ਹੋ ਜਾਵਾਂਗੇ। ਜਦੋਂ ਰੋਬੋਟ, ਕੰਪਿਊਟਰ ਪ੍ਰੋਗਰਾਮਾਂ ਰਾਹੀਂ ਇਨਸਾਨਾਂ ਵਾਂਗ ਕੰਮ ਕਰਨ ਲੱਗ ਗਏ, ਸੋਚਣ ਲੱਗ ਗਏ, ਵੇਖਣ ਲੱਗ ਪਏ ਤਾਂ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ। ਏਆਈ ਨੇ ਰੋਬੋਟ ਵਿਚ ਵੀ ਲਗਪਗ ਜਾਨ ਫੂਕ ਦਿੱਤੀ ਹੈ। ਏਆਈ ਇੰਜੀਨੀਅਰਿੰਗ ਦੀ ਹੀ ਇਕ ਬ੍ਰਾਂਚ ਹੈ, ਜਿਸ ਤਹਿਤ ਰੋਬੋਟ ਦੀ ਡਿਜ਼ਾਈਨਿੰਗ, ਉਨ੍ਹਾਂ ਦੀ ਪ੍ਰੋਗਰਾਮਿੰਗ, ਨਵੀਆਂ ਐਪਲੀਕੇਸ਼ਨਜ਼ ਦੇ ਵਿਕਾਸ ਤੇ ਖੋਜ ਕਾਰਜ ਸ਼ਾਮਲ ਹਨ, ਜਿਨ੍ਹਾਂ ਰਾਹੀਂ ਰੋਬੋਟਸ ਦੇ ਇਸਤੇਮਾਲ ਦੀ ਤਕਨੀਕ ਸਿਖਾਈ ਜਾਂਦੀ ਹੈ।

ਰੋਬੋਟਿਕ ਸਾਇੰਸ

ਅੱਗੇ ਆਉਣ ਵਾਲਾ ਦੌਰ ਰੋਬੋਟਿਕਸ/ਡਰੋਨ ਦਾ ਹੀ ਹੈ। ਰੋਬੋਟ ਦੀ ਵਰਤੋਂ ਲਗਪਗ ਹਰ ਖੇਤਰ ਵਿਚ ਹੋਣ ਲੱਗੀ ਹੈ। ਰੋਬੋਟਿਕਸ 'ਚ ਭਵਿੱਖ ਬਹੁਤ ਚਮਕਦਾਰ ਹੈ, ਕਿਉਂਕਿ ਜਿਸ ਤਰ੍ਹਾਂ ਇਨ੍ਹਾਂ ਚੀਜ਼ਾਂ ਦਾ ਰੁਝਾਨ ਵਧ ਰਿਹਾ ਹੈ, ਅੱਗੇ ਕੰਪਨੀਆਂ, ਇੰਡਸਟਰੀਆਂ ਤੇ ਸਰਕਾਰਾਂ ਨੂੰ ਇਨ੍ਹਾਂ ਦੀ ਬਹੁਤ ਲੋੜ ਪਏਗੀ। ਆਉਣ ਵਾਲੇ ਸਾਲਾਂ ਵਿਚ ਵੱਖ-ਵੱਖ ਦੇਸ਼ਾਂ ਵਿਚ ਉਤਪਾਦਕਤਾ ਵਧਾਉਣ ਲਈ ਹੋਰ ਵੀ ਰੋਬੋਟਸ ਦੀ ਜ਼ਰੂਰਤ ਪਏਗੀ। ਇਹੀ ਕਾਰਨ ਹੈ ਕਿ ਹੁਣ 12ਵੀਂ ਹੀ ਨਹੀਂ, 10ਵੀਂ ਪਾਸ ਵਿਦਿਆਰਥੀਆਂ ਲਈ ਵੀ ਰੋਬੋਟਿਕਸ ਦਾ ਖੇਤਰ ਬੇਸ਼ੁਮਾਰ ਮੌਕਿਆਂ ਦੀ ਉਪਲੱਬਧਤਾ ਕਾਰਨ ਵਰਦਾਨ ਸਿੱਧ ਹੋ ਰਿਹਾ ਹੈ। ਰੋਬੋਟਿਕਸ ਇੰਜੀਨੀਅਰਿੰਗ ਦੀ ਇਕ ਨਵੀਂ ਸ਼ਾਖਾ ਹੈ, ਜੋ ਮਕੈਨੀਕਲ, ਇਲੈਕਟ੍ਰਾਨਿਕ ਤੇ ਕੰਪਿਊਟਰ ਇੰਜੀਨੀਅਰਿੰਗ ਦਾ ਰਲਿਆ-ਮਿਲਿਆ ਰੂਪ ਹੈ, ਜੋ ਅੱਜ-ਕੱਲ੍ਹ ਸਾਇੰਸ 'ਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਮੈਥ ਵਿਸ਼ੇ ਨਾਲ 12ਵੀਂ ਪਾਸ ਵਿਦਿਆਰਥੀ ਰੋਬੋਟਿਕ ਇੰਜੀਨੀਅਰਿੰਗ ਦੇ ਯੋਗ ਹਨ। ਆਮ ਤੌਰ 'ਤੇ ਮਕੈਨੀਕਲ, ਇਲੈਕਟ੍ਰੀਕਲ, ਕੰਪਿਊਟਰ ਸਾਇੰਸ 'ਚ ਗ੍ਰੈਜੂਏਸ਼ਨ, ਇੰਜੀਨੀਅਰਿੰਗ ਕਰ ਚੁੱਕੇ ਵਿਦਿਆਰਥੀ, ਰੋਬੋਟਿਕਸ ਖੇਤਰ ਦੇ ਯੋਗ ਮੰਨੇ ਜਾਂਦੇ ਹਨ।

ਕੇਂਦਰੀ ਹਸਤ ਔਜ਼ਾਰ ਸੰਸਥਾ

ਪੰਜਾਬ ਦੇ ਸਕਿੱਲ ਡਿਵੈਲਪਮੈਂਟ ਮਿਸ਼ਨ ਚੰਡੀਗੜ੍ਹ ਤੇ ਪੇਂਡੂ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ 15-35 ਸਾਲ ਦੀ ਉਮਰ ਵਾਲੇ ਪੇਂਡੂ ਨੌਜਵਾਨਾਂ ਲਈ ਵਿਸ਼ੇਸ਼ ਤੌਰ 'ਤੇ ਰੁਜ਼ਗਾਰ ਲਈ ਮੁਫ਼ਤ ਕੋਰਸ ਕਰਵਾਏ ਜਾ ਰਹੇ ਹਨ।

ਕੋਰਸ

- ਪੋਸਟ ਡਿਪਲੋਮਾ ਇਨ ਸੀਏਡੀ/ਸੀਏਐੱਮ।

- ਮਾਸਟਰ ਸਰਟੀਫਿਕੇਟ ਕੋਰਸ ਸੀਏਡੀ/ਸੀਏਐੱਮ।

- ਮਾਸਟਰ ਸਰਟੀਫਿਕੇਟ ਕੋਰਸ ਇਨ ਸੀਐੱਨਸੀ ਤਕਨਾਲੋਜੀ।

- ਸਰਟੀਫਿਕੇਟ ਕੋਰਸ ਇਨ ਸੀਐੱਨਸੀ ਮਿਲਿੰਗ।

- ਸਰਟੀਫਿਕੇਟ ਕੋਰਸ ਇਨ ਸੀਐੱਨਸੀ ਟਰਨਿੰਗ।

- ਐਡਵਾਂਸ ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਤੇ ਨੈੱਟਵਰਕ ਮੈਨੇਜਮੈਂਟ।

ਫ਼ੌਜ 'ਚ ਦੇਸ਼ ਸੇਵਾ ਕਰਨ ਦੇ ਮੌਕੇ

ਭਾਰਤੀ ਫ਼ੌਜ ਦਾ ਹਿੱਸਾ ਬਣ ਕੇ ਵਧੀਆ ਕਰੀਅਰ ਦੇ ਨਾਲ-ਨਾਲ ਦੇਸ਼ ਸੇਵਾ ਦਾ ਵੀ ਸੁਨਹਿਰੀ ਮੌਕਾ ਮਿਲਦਾ ਹੈ। ਘੱਟੋ-ਘੱਟ 45 ਫ਼ੀਸਦੀ ਅੰਕਾਂ ਨਾਲ ਦਸਵੀਂ ਪਾਸ ਵਿਦਿਆਰਥੀ ਕਾਂਸਟੇਬਲ ਭਰਤੀ ਹੋ ਸਕਦੇ ਹਨ। ਵਿਗਿਆਨ, ਗਣਿਤ, ਫਿਜ਼ਿਕਸ, ਕੈਮਿਸਟਰੀ ਤੇ ਅੰਗਰੇਜ਼ੀ ਵਿਸ਼ੇ ਨਾਲ ਬਾਰ੍ਹਵੀਂ ਪਾਸ ਵਿਦਿਆਰਥੀ ਫ਼ੌਜ 'ਚ ਤਕਨੀਕੀ ਸਟਾਫ ਦਾ ਹਿੱਸਾ ਬਣ ਸਕਦੇ ਹਨ। ਘੱਟੋ-ਘੱਟ 55 ਫ਼ੀਸਦੀ ਅੰਕਾਂ ਨਾਲ ਫਾਰਮੇਸੀ 'ਚ ਡਿਪਲੋਮਾ (ਡੀ-ਫਾਰਮਾ) ਕਰਨ ਵਾਲੇ ਵਿਦਿਆਰਥੀ ਸਿਪਾਹੀ ਫਾਰਮਾ ਭਰਤੀ ਹੋ ਸਕਦੇ ਹਨ। ਸਾਢੇ 17 ਤੋਂ 23 ਸਾਲ ਦੇ ਅੱਠਵੀਂ ਜਾਂ ਦਸਵੀਂ ਪਾਸ ਵਿਦਿਆਰਥੀ ਟਰੇਡਸਮੈਨ ਭਰਤੀ ਹੋ ਸਕਦੇ ਹਨ। ਗਣਿਤ ਵਿਸ਼ੇ ਨਾਲ ਬੀਏ ਜਾਂ ਬੀਐੱਸਸੀ ਜਾਂ ਗਣਿਤ ਤੇ ਵਿਗਿਆਨ ਵਿਸ਼ੇ ਨਾਲ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੇ ਹਵਲਦਾਰ ਸਰਵੇਅਰ ਆਟੋਮੇਟਿਡ ਕਾਰਟੋਗ੍ਰਾਫਰ ਇੰਜੀਨੀਅਰ ਵਜੋਂ ਭਰਤੀ ਹੋ ਸਕਦੇ ਹਨ। ਕਿਸੇ ਵੀ ਸਟ੍ਰੀਮ 'ਚ ਗ੍ਰੇਜੂਏਟ ਤੇ ਆਪਣੇ ਧਰਮ ਸਬੰਧੀ ਯੋਗਤਾ ਰੱਖਣ ਵਾਲੇ ਜੂਨੀਅਰ ਕਮੀਸ਼ਨ ਅਫਸਰ (ਧਾਰਮਿਕ ਅਧਿਆਪਕ) ਬਣ ਸਕਦੇ ਹਨ।

ਫ਼ੌਜ 'ਚ ਅਫਸਰ ਬਣਨ ਦੇ ਮੌਕੇ

ਭਾਰਤੀ ਫ਼ੌਜ 'ਚ ਅਫਸਰ ਬਣ ਕੇ ਬਿਹਤਰੀਨ ਕਰੀਅਰ ਬਣਾਇਆ ਜਾ ਸਕਦਾ ਹੈ। ਇਸ ਲਈ ਐੱਨਡੀਏ ਤੋਂ ਕੋਰਸ ਕਰਨਾ ਜ਼ਰੂਰੀ ਹੈ। ਥਲ ਸੈਨਾ ਲਈ ਕਿਸੇ ਵੀ ਸਟ੍ਰੀਮ 'ਚ ਬਾਰ੍ਹਵੀਂ, ਹਵਾਈ ਸੈਨਾ ਤੇ ਸਮੁੰਦਰੀ ਸੈਨਾ ਲਈ ਫਿਜ਼ਿਕਸ ਤੇ ਗਣਿਤ ਨਾਲ ਬਾਰ੍ਹਵੀਂ ਪਾਸ ਹੋਣਾ ਚਾਹੀਦਾ ਹੈ।

ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ

ਵਧੀਆ ਰੁਜ਼ਗਾਰ ਲਈ ਪੜ੍ਹਾਈ ਤੇ ਖੇਡਾਂ ਦਾ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ। ਅਜਿਹਾ ਨਹੀਂ ਕਿ ਪੂਰਾ ਧਿਆਨ ਸਿਰਫ਼ ਖੇਡਾਂ 'ਤੇ ਹੀ ਦਿੱਤਾ ਜਾਵੇ ਤੇ ਪੜ੍ਹਾਈ ਨਾ ਕੀਤੀ ਜਾਵੇ। ਕੁਝ ਸਮਾਂ ਖੇਡਾਂ ਲਈ ਵੀ ਰੱਖਿਆ ਜਾਵੇ ਤਾਂ ਕਿ ਸਰੀਰ ਸਿਹਤਮੰਦ ਰਹੇ। ਰੱਖਿਆ ਸੇਵਾਵਾਂ 'ਚ ਭਰਤੀ ਹੋਣ ਲਈ ਲੰਬੀ ਛਾਲ ਤੇ ਦੌੜ ਵੀ ਬਹੁਤ ਜ਼ਰੂਰੀ ਹੈ। ਇਸ ਲਈ ਮਹਿਜ਼ ਪੜ੍ਹਾਈ ਹੀ ਕਾਫ਼ੀ ਨਹੀਂ ਸਗੋਂ ਖੇਡਾਂ 'ਚ ਵੀ ਹਿੱਸਾ ਲੈਣਾ ਜ਼ਰੂਰੀ ਹੈ।

ਬੀਐੱਸਐੱਫ 'ਚ ਹੋਵੋ ਭਰਤੀ

ਬੀਐੱਸਐੱਫ (ਬਾਰਡਰ ਸਕਿਓਰਿਟੀ ਫੋਰਸ) 'ਚ ਭਰਤੀ ਹੋ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਜਿਹਾ ਜ਼ਿੰਮੇਵਾਰੀ ਵਾਲਾ ਕੰਮ ਕਰਨ ਦਾ ਮੌਕਾ ਮਿਲਦਾ ਹੈ। ਇਸ ਲਈ ਕਿਸੇ ਵੀ ਸਟ੍ਰੀਮ 'ਚ ਬਾਰ੍ਹਵੀਂ ਪਾਸ ਹੋਣ ਦੇ ਨਾਲ-ਨਾਲ ਸਰੀਰਕ ਮਜ਼ਬੂਤੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਥੇ ਬਹੁਤ ਹੀ ਵਧੀਆ ਤਨਖ਼ਾਹਾਂ ਮਿਲਦੀਆਂ ਹਨ।

ਕਾਨੂੰਨ ਦੇ ਖੇਤਰ 'ਚ ਕਰੀਅਰ

ਜਦੋਂ ਲੋਕਾਂ ਦੀਆਂ ਉਮੀਦਾਂ ਸੰਸਥਾਵਾਂ, ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਪੂਰੀਆਂ ਨਹੀਂ ਕਰਦੀ ਤਾਂ ਉਨ੍ਹਾਂ ਸਾਹਮਣੇ ਆਸ ਦੀ ਕਿਰਨ ਸਿਰਫ਼ ਅਦਾਲਤ ਹੀ ਹੁੰਦੀ ਹੈ, ਜਿਥੋਂ ਲੋਕਾਂ ਨੂੰ ਰਾਹਤ ਵੀ ਮਿਲਦੀ ਹੈ ਤੇ ਦੋਸ਼ੀ ਪੱਖ ਨੂੰ ਸਜ਼ਾ ਵੀ। ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਾਪਇੰਦਰ ਸਿੰਘ ਨੇ ਕਾਨੂੰਨ ਦੇ ਖੇਤਰ 'ਚ ਭਵਿੱਖ ਸੰਵਾਰਨ ਸਬੰਧੀ ਜਾਣਕਾਰੀ ਦਿੱਤੀ।

ਕਾਨੂੰਨ ਦੀ ਡਿਗਰੀ ਤੋਂ ਬਾਅਦ ਮੌਕੇ

ਵਕੀਲ : ਸਰਕਾਰੀ ਵਿਭਾਗਾਂ ਜਾਂ ਹੋਰ ਜਾਂਚ ਏਜੰਸੀਆਂ ਵੱਲੋਂ ਚਲਾਏ ਜਾਣ ਵਾਲੇ ਮੁਕੱਦਮਿਆਂ ਦੀ ਪੈਰਵੀ ਲਈ ਅੱਜ-ਕੱਲ੍ਹ ਹਰ ਸੂਬੇ 'ਚ ਸਰਕਾਰੀ ਵਕੀਲ ਹੁੰਦੇ ਹਨ। ਕੁਝ ਸਾਲਾਂ ਦੀ ਵਕਾਲਤ ਅਤੇ ਲਗਾਤਾਰ ਵਧੀਆ ਰਿਕਾਰਡ ਤੋਂ ਬਾਅਦ ਤੁਸੀਂ ਵੀ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ 'ਚ ਇਸ ਤਰ੍ਹਾਂ ਦੇ ਵਕੀਲ ਬਣ ਸਕਦੇ ਹੋ।

ਅਧਿਆਪਕ : ਬਹੁਤ ਸਾਰੇ ਪ੍ਰਾਈਵੇਟ ਲਾਅ ਸਕਲੂਜ਼ ਤੇ ਨਵੇਂ-ਨਵੇਂ ਨੈਸ਼ਨਲ ਲਾਅ ਸਕੂਲ ਖੁੱਲ੍ਹਣ ਨਾਲ ਇਨ੍ਹਾਂ 'ਚ ਅਸਿਸਟੈਂਟ ਪ੍ਰੋਫੈਸਰ ਦੀ ਮੰਗ ਵੀ ਵਧੀ ਹੈ। ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਤੁਸੀਂ ਇਸ ਖੇਤਰ 'ਚ ਅਧਿਆਪਨ ਦਾ ਪੇਸ਼ਾ ਵੀ ਅਪਣਾ ਸਕਦੇ ਹੋ।

ਜੱਜ : ਸੁਪਰੀਮ ਕੋਰਟ ਤੋਂ ਲੈ ਕੇ ਹਾਈ ਕੋਰਟ, ਸੈਸ਼ਨ ਕੋਰਟ 'ਚ ਜੱਜ ਬਣਨ ਦਾ ਮੌਕਾ ਹੈ। ਅਜਿਹੇ 'ਚ ਜੇ ਤੁਸੀਂ ਲਾਅ 'ਚ ਗ੍ਰੈਜੂਏਟ ਹੋ ਤਾਂ ਇਕ ਜੱਜ ਦੇ ਰੂਪ 'ਚ ਆਕਰਸ਼ਕ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਲਈ ਵੱਖ-ਵੱਖ ਸੂਬਿਆਂ 'ਚ ਯੂਪੀਐੱਸਸੀ ਵੱਲੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਪ੍ਰੀਵੈਂਸ਼ੀਅਲ ਸਿਵਲ ਸਰਵਿਸਜ਼ ਜੁਡੀਸ਼ੀਅਰੀ (ਪੀਸੀਐੱਸਜੇ) ਦੀ ਪ੍ਰੀਖਿਆ ਪਾਸ ਕਰਨੀ ਪਵੇਗੀ।

ਲਾਅ 'ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤਿੰਨ ਸਾਲਾ ਡਿਗਰੀ (ਐੱਲਐੱਲਬੀ) ਦਾ ਬਦਲ ਤਾਂ ਹੈ ਹੀ ਪਰ ਹੁਣ ਬਾਰ੍ਹਵੀਂ ਤੋਂ ਬਾਅਦ ਪੰਜ ਸਾਲਾ ਬੈਚਲਰ ਡਿਗਰੀ ਪ੍ਰੋਗਰਾਮ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਵੱਧ ਰਹੀ ਹੈ। ਕਿਸੇ ਵੀ ਸਟ੍ਰੀਮ ਦੇ ਵਿਦਿÎਆਰਥੀ ਇਹ ਕੋਰਸ ਕਰ ਸਕਦੇ ਹਨ।

ਹਵਾਈ ਸੈਨਾ 'ਚ ਸੁਨਹਿਰੀ ਭਵਿੱਖ

ਜੇ ਤੁਸੀਂ ਹਵਾ 'ਚ ਉੱਡਣ ਦੇ ਨਾਲ-ਨਾਲ ਦੇਸ਼ ਸੇਵਾ ਦਾ ਜਜ਼ਬਾ ਰੱਖਦੇ ਹੋ ਤਾਂ ਭਾਰਤੀ ਹਵਾਈ ਸੈਨਾ 'ਚ ਤੁਹਾਡੇ ਲਈ ਬਿਹਤਰੀਨ ਮੌਕੇ ਹਨ। ਇੱਥੇ ਸਿਰਫ਼ ਪਾਇਲਟ ਜਾਂ ਫਾਈਟਰ ਹੀ ਨਹੀਂ ਸਗੋਂ ਹੋਰ ਵੀ ਕਈ ਅਹੁਦਿਆਂ 'ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਕਦੇ ਸਮਾਂ ਸੀ ਜਦੋਂ ਸਿਰਫ਼ ਮੁੰਡਿਆਂ ਨੂੰ ਹੀ ਹਵਾਈ ਸੈਨਾ 'ਚ ਸ਼ਾਮਲ ਹੋਣ ਦੀ ਇਜਾਜ਼ਤ ਸੀ ਪਰ ਹੁਣ ਕੁੜੀਆਂ ਨੂੰ ਵੀ ਬਰਾਬਰ ਦੇ ਮੌਕੇ ਮੁਹੱਈਆ ਕੀਤੇ ਗਏ ਹਨ। ਬੀਟੈੱਕ 'ਚ ਗ੍ਰੈਜੂਏਸ਼ਨ ਤੋਂ ਬਾਅਦ ਇੰਜੀਨੀਅਰਿੰਗ ਕਰ ਕੇ ਟੈਕਨੀਕਲ ਸਟਾਫ 'ਚ ਸ਼ਾਮਲ ਹੋਇਆ ਜਾ ਸਕਦਾ ਹੈ। ਹਵਾਈ ਸੈਨਾ 'ਚ ਪ੍ਰਸ਼ਾਸਨਿਕ ਕੰਮਾਂ ਲਈ ਵੀ ਭਰਤੀ ਕੀਤੀ ਜਾਂਦੀ ਹੈ। ਬੀਕਾਮ ਕਰਨ ਵਾਲੇ ਅਕਾਊਂਟ ਵਿਭਾਗ ਦਾ ਹਿੱਸਾ ਬਣ ਸਕਦੇ ਹਨ।

ਮੀਡੀਆ 'ਚ ਬਣਾਓ ਮਾਣਮੱਤਾ ਕਰੀਅਰ

ਪ੍ਰੋ. ਕਮਲੇਸ਼ ਸਿੰਘ ਦੁੱਗਲ ਅਨੁਸਾਰ ਪੱਤਰਕਾਰੀ ਤੇ ਜਨ ਸੰਚਾਰ ਦੇ ਖੇਤਰ 'ਚ ਅਪਾਰ ਸੰਭਾਵਨਾਵਾਂ ਹਨ। ਅੱਜਕੱਲ੍ਹ ਤਕਰੀਬਨ ਹਰ ਕਾਲਜ 'ਚ ਬੀਜੇਐੱਮਸੀ ਕਰਵਾਈ ਜਾ ਰਹੀ ਹੈ। ਵਿਦਿਆਰਥੀ ਬਾਰ੍ਹਵੀਂ ਤੋਂ ਬਾਅਦ ਬੀਜੇਐੱਮਸੀ ਕਰ ਸਕਦੇ ਹਨ। ਪੱਤਰਕਾਰੀ ਤੇ ਜਨ ਸੰਚਾਰ 'ਚ ਐੱਮਏ ਕਰ ਕੇ ਅਧਿਆਪਨ ਕਰ ਸਕਦੇ ਹੋ। ਅਖ਼ਬਾਰਾਂ, ਰੇਡੀਓ ਤੇ ਟੀਵੀ ਚੈਨਲਾਂ 'ਚ ਰੁਜ਼ਗਾਰ ਦੇ ਬੜੇ ਮੌਕੇ ਮਿਲਦੇ ਹਨ। ਪੱਤਰਕਾਰ, ਸੰਪਾਦਕ, ਸਹਾਇਕ ਸੰਪਾਦਕ, ਉਪ ਸੰਪਾਦਕ, ਸਮਾਚਾਰ ਸੰਪਾਦਕ, ਖ਼ਬਰ ਅਨਾਊਂਸਰ, ਨਿਊਜ਼ ਐਂਕਰ ਜਿਹੇ ਅਹੁਦਿਆਂ 'ਤੇ ਕੰਮ ਕੀਤਾ ਜਾ ਸਕਦਾ ਹੈ, ਜਿੱਥੇ ਵਧੀਆ ਤਨਖ਼ਾਹਾਂ ਮਿਲਦੀਆਂ ਹਨ। ਇਸ ਖੇਤਰ 'ਚ ਸਮਾਜਿਕ ਮਾਣ ਵੀ ਮਿਲਦਾ ਹੈ। ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣੇ ਜਾਂਦੇ ਮੀਡੀਆ 'ਚ ਬਿਹਤਰ ਰੁਜ਼ਗਾਰ ਹਾਸਲ ਕੀਤਾ ਜਾ ਸਕਦਾ ਹੈ।

ਕੁੜੀਆਂ ਬਿਊਟੀਸ਼ੀਅਨ ਬਣ ਕੇ ਬਣਾਉਣ ਕਰੀਅਰ

ਕੁੜੀਆਂ ਬਿਊਟੀਸ਼ੀਅਨ ਬਣ ਕੇ ਵਧੀਆ ਕਰੀਅਰ ਬਣਾ ਸਕਦੀਆਂ ਹਨ। ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਥੋੜ੍ਹੀ ਮਿਆਦ ਵਾਲੇ ਕੋਰਸ ਕੀਤੇ ਜਾ ਸਕਦੇ ਹਨ। ਬੇਸਿਕ ਬਿਊਟੀ, ਬੇਸਿਕ ਹੇਅਰ, ਬੇਸਿਕ ਮੇਕਅਪ 'ਚ ਇਕ ਮਹੀਨੇ ਦਾ ਕੋਰਸ, ਅਡਵਾਂਸ ਕੇਅਰ 'ਚ ਦੋ ਮਹੀਨੇ ਦਾ ਕੋਰਸ ਕਰਨ ਤੋਂ ਬਾਅਦ ਖ਼ੁਦ ਦਾ ਸੈਲੂਨ ਖੋਲ੍ਹ ਕੇ 15, 000 ਤੋਂ 25,000 ਰੁਪਏ ਪ੍ਰਤੀ ਮਹੀਨਾ ਕਮਾਇਆ ਜਾ ਸਕਦਾ ਹੈ।

Posted By: Harjinder Sodhi