ਅੱਜ-ਕੱਲ੍ਹ ਹਰ ਵਿਅਕਤੀ ਸਫਲਤਾ ਪਿੱਛੇ ਭੱਜ ਰਿਹਾ ਹੈ ਪਰ ਸਫਲਤਾ ਉਸ ਤੋਂ ਵੀ ਤੇਜ਼ ਰਫ਼ਤਾਰ ਨਾਲ ਯੋਜਨਾ ਬਣਾ ਰਹੀ ਹੈ। ਕੁਝ ਲੋਕ ਛੇਤੀ ਸਫਲਤਾ ਹਾਸਿਲ ਕਰਨ ਲਈ ਸ਼ਾਰਟਕੱਟ ਰਸਤਾ ਚੁਣਨ 'ਚ ਵੀ ਦੇਰੀ ਨਹੀਂ ਕਰਦੇ, ਪਰ ਨਤੀਜਾ ਉਨ੍ਹਾਂ ਦੇ ਹੱਥ ਅਸਫਲਤਾ ਹੀ ਲੱਗਦੀ ਹੈ। ਆਖ਼ਰ ਸਫਲਤਾ ਦਾ ਰਹੱਸ ਕੀ ਹੈ? ਇਸ ਪ੍ਰਸ਼ਨ ਦਾ ਜਵਾਬ ਜਾਣੇ ਬਿਨਾਂ ਤੇ ਸਫਲਤਾ ਨੂੰ ਭਲੀਭਾਂਤ ਸਮਝੇ ਬਿਨਾਂ ਉਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਹੀ ਫ਼ਜ਼ੂਲ ਹੈ।

ਕੁਝ ਲੋਕ ਸਫਲਤਾ ਦਾ ਸਹੀ ਅਰਥ ਸਮਝੇ ਬਿਨਾਂ ਹੀ ਫ਼ਜ਼ੂਲ ਦੀ ਦੌੜ 'ਚ ਲੱਗੇ ਰਹਿੰਦੇ ਹਨ। ਉਹ ਸਮਝਦੇ ਹਨ ਕਿ ਸਫਲਤਾ ਕੋਈ ਪੜਾਅ ਹੈ। ਅਸਲ 'ਚ ਸਫਲਤਾ ਕੋਈ ਪੜਾਅ ਨਾ ਹੋ ਕੇ ਨਿਰੰਤਰ ਚੱਲਣ ਵਾਲੀ ਇਕ ਪ੍ਰਕਿਰਿਆ ਹੈ। ਸਫਲਤਾ ਹਾਸਿਲ ਕਰਨ ਲਈ ਅਣਥੱਕ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਮਿਹਨਤ ਤੇ ਸਫਲਤਾ ਦਾ ਰਿਸ਼ਤਾ ਚੋਲੀ-ਦਾਮਨ ਦਾ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਫਲਤਾ ਦਾ ਸੁਨਹਿਰਾ ਸੁਪਨਾ ਦੇਖਣ ਵਾਲਿਆਂ ਨੂੰ ਆਪਣੀ ਯੋਗਤਾ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਜਦ ਤੁਸੀਂ ਆਪਣੇ ਕਿਸੇ ਹੁਨਰ 'ਤੇ ਭਰੋਸਾ ਰੱਖਦੇ ਹੋ ਤਾਂ ਸਫਲਤਾ ਦਾ ਰਾਹ ਬੇਹੱਦ ਸੌਖਾ ਹੋ ਜਾਂਦਾ ਹੈ।

ਸਫਲਤਾ ਸ਼ਬਦ ਦੇ ਹਰ ਵਿਅਕਤੀ ਦੀ ਨਜ਼ਰ 'ਚ ਅਲੱਗ-ਅਲੱਗ ਮਾਅਨੇ ਹੋ ਸਕਦੇ ਹਨ। ਇਕ ਵਿਦਿਆਰਥੀ ਲਈ ਨੌਕਰੀ ਤੇ ਵੱਧ ਧਨ ਦੀ ਪ੍ਰਾਪਤੀ ਸਫਲਤਾ ਦਾ ਇਕ ਪਹਿਲੂ ਹੋ ਸਕਦਾ ਹੈ। ਭਾਵੇਂ ਹੀ ਮਾਅਨੇ ਢੇਰ ਸਾਰੇ ਹੋਣ ਪਰ ਸਾਰਿਆਂ ਲਈ ਸਫਲਤਾ ਤਕ ਪੁੱਜਣ ਦਾ ਇਕ ਹੀ ਬਦਲ ਹੈ ਸਬਰ ਤੇ ਮਿਹਨਤ। ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ ਹੁੰਦਾ। ਅਜੋਕੇ ਯੁੱਗ 'ਚ ਜੇ ਸਾਡੇ ਵਿਚ ਸਭ ਤੋਂ ਵੱਡੀ ਕਮੀ ਹੈ ਤਾਂ ਉਹ ਹੈ ਸਬਰ। ਤੁਰੰਤ ਨਤੀਜੇ ਦੀ ਇੱਛਾ 'ਚ ਅਸੀਂ ਅਕਸਰ ਬੇਕਾਬੂ ਹੋ ਕੇ ਗ਼ਲਤ ਰਾਹ 'ਤੇ ਤੁਰ ਕੇ ਸਫਲਤਾ ਦੇ ਨਜ਼ਦੀਕ ਹੁੰਦਿਆਂ ਵੀ ਉਸ ਤੋਂ ਦੂਰ ਹੋ ਜਾਂਦੇ ਹਾਂ। ਫਿਰ ਤਣਾਅ ਤੇ ਗੁੱਸਾ ਸਾਡੇ ਸੁਭਾਅ ਦਾ ਹਿੱਸਾ ਬਣਨ ਲਗਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਕਿਸਮਤ ਤੋਂ ਵੱਧ ਤੇ ਸਮੇਂ ਤੋਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਮਿਲਦਾ। ਜੀਵਨ 'ਚ ਕਰਮ ਹੀ ਵਿਅਕਤੀ ਦੀਆਂ ਸਭ ਇੱਛਾਵਾਂ ਦੀ ਪੂਰਤੀ ਦਾ ਇਕਮਾਤਰ ਮਾਧਿਅਮ ਹੈ। ਸਾਨੂੰ ਵੀ ਆਪਣੇ ਟੀਚੇ ਨਿਰਧਾਰਤ ਕਰ ਕੇ ਉਨ੍ਹਾਂ ਨੂੰ ਹਾਸਿਲ ਕਰਨ ਲਈ ਦਿਨ-ਰਾਤ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਕੁਝ ਕੁ ਅਸਫਲਤਾਵਾਂ ਦੀਆਂ ਠੋਕਰਾਂ ਤੋਂ ਭੈਅਭੀਤ ਹੋ ਕੇ ਆਪਣਾ ਰਸਤਾ ਬਦਲ ਲੈਣਾ ਸਹੀ ਨਹੀਂ ਹੈ। ਅਸਫਲਤਾ ਮਗਰੋਂ ਵੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਲਹਿਰਾਂ ਤੋਂ ਡਰ ਕੇ ਬੇੜੀ ਪਾਰ ਨਹੀਂ ਹੁੰਦੀ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।

Posted By: Harjinder Sodhi