ਸੀਂ ਕਦੇ ਸੋਚਿਆ ਹੈ ਕਿ ਨੌਕਰੀ ਦੌਰਾਨ ਆਪਣੇ ਕੰਮਕਾਰ ਦੇ ਤੌਰ-ਤਰੀਕਿਆਂ ਨੂੰ ਕਿਵੇਂ ਬਿਹਤਰ ਬਣਾਈਏ ਜਾਂ ਕੰਮਕਾਰ 'ਚ ਕੀ ਤਬਦੀਲੀਆਂ ਲਿਆਈਏ, ਤਾਂ ਜੋ ਤੁਹਾਡੀ ਸੰਸਥਾ ਤੁਹਾਡੇ 'ਤੇ ਭਰੋਸਾ ਕਰ ਸਕੇ। ਮਜ਼ੇਦਾਰ ਗੱਲ ਇਹ ਹੈ ਕਿ ਇਸ ਲਈ ਬਹੁਤ ਵੱਡੀ ਤਬਦੀਲੀ ਦੀ ਜ਼ਰੂਰਤ ਨਹੀਂ। ਆਪਣੀ ਵਿਅਕਤੀਗਤ ਤੇ ਪੇਸ਼ੇਵਰ ਸਮਰੱਥਾ ਨੂੰ ਮਿਲਾ ਕੇ ਤੁਸੀਂ ਖ਼ੁਦ ਨੂੰ ਤਿਆਰ ਕਰੋਗੇ। ਇਸ ਲਈ ਤੁਹਾਨੂੰ ਕੁਝ ਚੀਜ਼ਾਂ ਅਪਨਾਉਣੀਆਂ ਤੇ ਕੁਝ ਚੀਜ਼ਾਂ ਛੱਡਣੀਆਂ ਹੋਣਗੀਆਂ। ਬਿਹਤਰ ਨੂੰ ਅਪਨਾਉਣ ਦੀ ਕੋਸ਼ਿਸ਼ ਤਾਂ ਤੁਸੀਂ ਲਗਾਤਾਰ ਕਰਦੇ ਹੋ, ਜ਼ਿਆਦਾ ਜ਼ਰੂਰੀ ਹੈ ਕੁਝ ਮਾੜੀਆਂ ਆਦਤਾਂ ਨੂੰ ਤਿਆਗਣਾ।

ਮਨ ਦੀ ਆਵਾਜ਼ ਸੁਣੋ

ਆਖ਼ਰੀ ਵਾਰ ਅਜਿਹਾ ਕਦੋਂ ਹੋਇਆ ਸੀ ਕਿ ਤੁਸੀਂ ਆਪਣੇ ਦਿਲ ਦੀ ਆਵਾਜ਼ ਸੁਣੀ ਤੇ ਉਸ 'ਤੇ ਅਮਲ ਕੀਤਾ। ਦਫ਼ਤਰ 'ਚ ਅਕਸਰ ਕਿਸੇ ਔਖੇ ਸਮੇਂ ਮਨ 'ਚ ਆਵਾਜ਼ ਉੱਠਦੀ ਹੈ ਤਾਂ ਤੁਸੀਂ ਉਸ ਨੂੰ ਤੁਰੰਤ ਦਬਾਅ ਲੈਂਦੇ ਹੋ। ਲੇਕਿਨ ਅਜਿਹਾ ਨਹੀਂ ਕਰਨਾ ਚਾਹੀਦਾ, ਮਨ ਦੀ ਆਵਾਜ਼ ਨੂੰ ਸੁਣੋ। ਮਨ ਦੀ ਆਵਾਜ਼ ਨੂੰ ਦਬਾਉਣ ਪਿੱਛੇ ਤੁਹਾਡੇ ਸੈਂਕੜੇ ਤਰਕ ਹੋ ਸਕਦੇ ਹਨ ਪਰ ਤਰਕ ਦੇ ਆਧਾਰ 'ਤੇ ਲਏ ਫ਼ੈਸਲੇ ਅਕਸਰ ਮੁਕਾਮ ਤਕ ਲਿਜਾਣ 'ਚ ਅਸਫਲ ਰਹਿੰਦੇ ਹਨ। ਇਸ ਲਈ ਅੰਦਰ ਦੀ ਆਵਾਜ਼ ਨੂੰ ਸੁਣੋ ਤੇ ਉਸ 'ਤੇ ਅਮਲ ਕਰੋ। ਅਜਿਹਾ ਕਰਨ ਨਾਲ ਤੁਹਾਡਾ ਖ਼ੁਦ 'ਤੇ ਵੀ ਭਰੋਸਾ ਵਧੇਗਾ ਤੇ ਸਫਲਤਾ ਦੇ ਰਾਹ ਵੀ ਸੌਖੇ ਹੋਣਗੇ।

ਗ਼ਲਤੀ ਤੋਂ ਨਾ ਭੱਜੋ

ਇਹ ਆਮ ਰੁਝਾਨ ਹੈ ਕਿ ਆਪਣੀ ਗ਼ਲਤੀ ਦਾ ਠੀਕਰਾ ਕਿਸੇ ਦੂਸਰੇ 'ਤੇ ਭੰਨ ਕੇ ਖ਼ੁਦ ਨੂੰ ਬਚਾ ਲਿਆ ਜਾਂਦਾ ਹੈ। ਅਜਿਹਾ ਕਰ ਕੇ ਤੁਸੀਂ ਕੁਝ ਲੋਕਾਂ ਦੀਆਂ ਨਜ਼ਰਾਂ ਤੋਂ ਤਾਂ ਬਚ ਸਕਦੇ ਹੋ ਪਰ ਖ਼ੁਦ ਤੋਂ ਨਹੀਂ ਬਚ ਸਕਦੇ। ਤੁਹਾਨੂੰ ਵੀ ਪਤਾ ਹੈ ਕਿ ਜ਼ਿੰਮੇਵਾਰੀ ਤੁਹਾਡੀ ਹੈ ਤਾਂ ਗ਼ਲਤੀ ਵੀ ਤੁਹਾਡੀ ਵਜ੍ਹਾ ਕਰਕੇ ਹੀ ਹੋਈ ਹੈ। ਇਸ ਲਈ ਆਪਣੀਆਂ ਗ਼ਲਤੀਆਂ ਕਿਸੇ ਦੂਸਰੇ 'ਤੇ ਸੁੱਟਣੀਆਂ ਬੰਦ ਕਰੋ। ਅਜਿਹਾ ਕਰਨ ਨਾਲ ਤੁਸੀਂ ਘੱਟ ਤੋਂ ਘੱਟ ਗ਼ਲਤੀਆਂ ਕਰਨ ਦੀ ਕੋਸ਼ਿਸ਼ ਕਰੋਗੇ। ਜਦੋਂ ਤੁਸੀਂ ਆਪਣੀਆਂ ਗ਼ਲਤੀਆਂ ਨੂੰ ਮੰਨਣ ਲੱਗੋਗੇ ਤਾਂ ਤੁਹਾਡੇ ਨਾਲ ਕੰਮ ਕਰਨ ਵਾਲਿਆਂ ਦਾ ਵੀ ਤੁਹਾਡੇ ਪ੍ਰਤੀ ਨਜ਼ਰੀਆ ਬਦਲੇਗਾ।

ਦੂਸਰਿਆਂ ਨੂੰ ਉਤਸ਼ਾਹਿਤ ਕਰੋ

ਅਕਸਰ ਇਹ ਦੇਖਿਆ ਜਾਂਦਾ ਹੈ ਕਿ ਲੋਕ ਸਫਲਤਾ ਦੀ ਕੁੰਜੀ 'ਯੈੱਸ ਮੈਨ' ਹੋਣਾ ਸਮਝਦੇ ਹਨ। ਅਜਿਹਾ ਕਰਨ ਨਾਲ ਦੂਸਰੇ ਤੁਹਾਡੇ 'ਤੇ ਹੱਸਣਗੇ। ਕਿਸੇ ਦੂਸਰੇ ਦੀ ਤਾਰੀਫ਼ ਕਰਨ ਤੋਂ ਸੰਕੋਚ ਨਾ ਕਰੋ, ਕਮੀਆਂ ਦੱਸਣ 'ਚ ਸਾਵਧਾਨੀ ਵਰਤੋ, ਗੱਲ ਕਰਨ ਦਾ ਤਰੀਕਾ ਬਦਲੋ। ਅਜਿਹਾ ਕਰਨ ਨਾਲ ਤੁਸੀਂ ਸਹੀ ਸਮੇਂ 'ਤੇ ਸਹੀ ਕੰਮ ਕਰ ਸਕੋਗੇ। ਅਜਿਹਾ ਕਰਨ ਨਾਲ ਤੁਹਾਡੀ ਟੀਮ ਦੇ ਮੈਂਬਰਾਂ ਦਾ ਵੀ ਉਤਸ਼ਾਹ ਵਧੇਗਾ।

ਖ਼ੁਦ ਦੀ ਤੁਲਨਾ ਦੂਸਰਿਆਂ ਨਾਲ ਨਾ ਕਰੋ

ਦੂਸਰਿਆਂ ਨਾਲ ਤੁਲਨਾ ਕਰਨਾ ਹਮੇਸ਼ਾ ਦੋਧਾਰੀ ਤਲਵਾਰ 'ਤੇ ਵਾਂਗ ਹੁੰਦਾ ਹੈ। ਇਕ ਪਾਸੇ ਇਹ ਦੂਸਰਿਆਂ ਤੋਂ ਬਿਹਤਰ ਹੋਣ ਦਾ ਉਤਸ਼ਾਹ ਵਧਾਉਂਦਾ ਹੈ ਤਾਂ ਦੂਸਰੇ ਪਾਸੇ ਉਸ ਪੈਟਰੋਲ ਵਾਂਗ ਕੰਮ ਕਰਦਾ ਹੈ, ਜਿਸ ਨਾਲ ਇੱਛਾਵਾਂ ਵਧਦੀਆਂ ਹਨ, ਦੁਸ਼ਮਣੀ ਵਧਦੀ ਹੈ। ਇਸ ਤਰ੍ਹਾਂ ਦੀ ਸਮੱਸਿਆ ਨਾਲ ਦਫ਼ਤਰ 'ਚ ਹਰ ਕਿਸੇ ਨੂੰ ਦੋ ਚਾਰ ਹੋਣਾ ਪੈਂਦਾ ਹੈ, ਜਿਥੇ ਸਹਿਕਰਮੀਆਂ ਦੀ ਆਪਸ 'ਚ ਤੁਲਨਾ ਕੀਤੀ ਜਾਂਦੀ ਹੈ ਪਰ ਤੁਸੀਂ ਅਜਿਹਾ ਨਾ ਕਰੋ। ਇਸ ਨਾਲ ਤੁਹਾਡੇ ਸਹਿਕਰਮੀਆਂ ਦਾ ਤੁਹਾਡੇ ਪ੍ਰਤੀ ਉਤਸ਼ਾਹ ਵਧੇਗਾ। ਤੁਸੀਂ ਆਪਣੀ ਤੁਲਨਾ ਸਿਰਫ਼ ਖ਼ੁਦ ਨਾਲ ਕਰੋ।

Posted By: Harjinder Sodhi