ਗਲੋਬਲਾਈਜ਼ੇਸ਼ਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਦੁਨੀਆ ਭਰ ਦੇ ਦੇਸ਼ਾਂ 'ਚ ਆਵਾਜਾਈ ਵਧੀ ਹੈ, ਵਪਾਰ ਦੇ ਰਸਤੇ ਖੁੱਲ੍ਹੇ ਹਨ। ਇਸ ਦੌਰਾਨ ਵਿਦੇਸ਼ੀ ਭਾਸ਼ਾ ਦੇ ਜਾਣਕਾਰਾਂ ਦੀ ਮੰਗ 'ਚ ਕਾਫ਼ੀ ਵਾਧਾ ਹੋਇਆ ਹੈ। ਅੰਗਰੇਜ਼ੀ ਨਾਲ ਇਕ ਜਾਂ ਇਕ ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਦੀ ਸਮਰਥਾ ਰੱਖਣ ਵਾਲਿਆਂ ਲਈ ਵਿਦੇਸ਼ ਜਾ ਕੇ ਕੰਮ ਕਰਨ ਦੇ ਮੌਕਿਆਂ ਤੋਂ ਇਲਾਵਾ ਦੇਸ਼ 'ਚ ਸਥਿਤ ਵੱਖ-ਵੱਖ ਦੂਤਘਰਾਂ ਤੋਂ ਲੈ ਕੇ ਸੈਰ-ਸਪਾਟੇ ਦੇ ਖੇਤਰ ਤੇ ਪ੍ਰਕਾਸ਼ਨ ਹਾਊਸ 'ਚ ਨੌਕਰੀ ਦੇ ਬਿਹਤਰੀਨ ਮੌਕੇ ਉਪਲਬਧ ਹਨ।

ਇੰਟਰਨੈਸ਼ਨਲ ਟੂਰ ਗਾਈਡ

ਇੰਟਰਨੈਸ਼ਨਲ ਟੂਰ ਗਾਈਡ ਦੁਨੀਆ ਦੀਆਂ ਪਸੰਦੀਦਾ ਥਾਵਾਂ ਦਾ ਪਤਾ ਲਗਾਉਣ ਤੋਂ ਬਾਅਦ ਸੈਲਾਨੀਆਂ ਨੂੰ ਉਨ੍ਹਾਂ ਥਾਵਾਂ 'ਤੇ ਲੈ ਕੇ ਜਾਂਦੇ ਹਨ। ਜੇ ਤੁਹਾਡੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਦੇਖਣ, ਉਥੋਂ ਦੇ ਸੱਭਿਆਚਾਰ, ਖਾਣ-ਪੀਣ ਤੇ ਭਾਸ਼ਾ ਨੂੰ ਜਾਨਣ 'ਚ ਰੁਚੀ ਹੈ ਤਾਂ ਇਹ ਤੁਹਾਡੇ ਲਈ ਵਧੀਆ ਕਰੀਅਰ ਹੈ। ਇਸ ਲਈ ਇੰਗਲਿਸ਼ ਦੇ ਨਾਲ ਘੱਟੋ-ਘੱਟ ਇਕ ਵਿਦੇਸ਼ੀ ਭਾਸ਼ਾ ਦਾ ਗਿਆਨ ਤੇ ਵਧੀਆ ਕਮਿਊਨੀਕੇਸ਼ਨ ਜ਼ਰੂਰੀ ਹੈ।

ਅੱਗੇ ਵਧਣ ਦੇ ਹਨ ਕਈ ਰਸਤੇ

ਜੇ ਤੁਹਾਡੀ ਹਿੰਦੀ ਤੇ ਇੰਗਲਿਸ਼ ਵਧੀਆ ਹੈ ਤੇ ਤੁਸੀਂ ਇਸ ਤੋਂ ਇਲਾਵਾ ਜਰਮਨ, ਸਪੇਨਿਸ਼, ਚਾਈਨਿਜ਼, ਜਾਪਾਨੀ ਆਦਿ ਭਾਸ਼ਾਵਾਂ 'ਚੋਂ ਕਿਸੇ ਇਕ ਭਾਸ਼ਾ ਦਾ ਕੋਰਸ ਕਰ ਲੈਂਦੇ ਹੋ ਤਾਂ ਬਤੌਰ ਅਨੁਵਾਦਕ ਕੰਮ ਕਰ ਸਕਦੇ ਹੋ। ਤੁਹਾਡੇ ਕੋਲ ਕਿਸੇ ਐੱਮਐੱਨਸੀ, ਪਬਲੀਕੇਸ਼ਨ ਜਾਂ ਅੰਬੈਸੀ 'ਚ ਨੌਕਰੀ ਕਰਨ ਦਾ ਬਦਲ ਹੋਵੇਗਾ। ਤੁਸੀਂ ਚਾਹੋ ਤਾਂ ਫ੍ਰੀਲਾਂਸਰ ਦੇ ਤੌਰ 'ਤੇ ਵੀ ਕੰਮ ਕਰ ਸਕਦੇ ਹੋ। ਇਸ ਤੋਂ ਇਲਾਵਾ ਬੀਪੀਓ ਜਾਂ ਕਾਲ ਸੈਂਟਰ ਵੀ ਵਿਦੇਸ਼ੀ ਭਾਸ਼ਾਵਾਂ ਦੇ ਜਾਣਕਾਰਾਂ ਨੂੰ ਨਿਯੁਕਤ ਕਰ ਰਹੇ ਹਨ।

ਪਸੰਦੀਦਾ ਭਾਸ਼ਾ ਦੀ ਚੋਣ

- ਚੀਨੀ ਭਾਸ਼ਾ : ਚੀਨ ਦੇ ਨਾਲ-ਨਾਲ ਹਾਂਗਕਾਂਗ, ਤਾਈਵਾਨ, ਫਿਲਪੀਨਜ਼, ਮੰਗੋਲੀਆ ਤੇ ਥਾਈਲੈਂਡ 'ਚ ਚੀਨੀ ਜਾਂ ਚਾਈਨਿਜ਼ ਇਕ ਆਮ ਭਾਸ਼ਾ ਹੈ। ਇਨ੍ਹਾਂ ਸਾਰਿਆਂ ਦੇਸ਼ਾਂ 'ਚ ਵਪਾਰ ਦੀਆਂ ਵਿਆਪਕ ਸੰਭਾਵਨਾਵਾਂ ਹਨ। ਜੇ ਤੁਸੀਂ ਚੀਨ 'ਚ ਕੰਮ ਕਰਨ ਲਈ ਉਤਸੁਕ ਹੋ ਤਾਂ ਕੋਰਸ ਲਈ ਇਸ ਭਾਸ਼ਾ ਨੂੰ ਚੁਣ ਸਕਦੇ ਹੋ। ਹਾਲਾਂਕਿ ਸਿੱਖਣ ਦੇ ਲਿਹਾਜ਼ ਨਾਲ ਇਹ ਸਭ ਤੋਂ ਜਟਿਲ ਭਾਸ਼ਾਵਾਂ 'ਚੋਂ ਇਕ ਹੈ।

- ਸਪੇਨਿਸ਼ ਭਾਸ਼ਾ : ਸਪੇਨਿਸ਼ ਸੰਯੁਕਤ ਰਾਸ਼ਟਰ ਦੀਆਂ ਛੇ ਅਧਿਕਾਰਕ ਭਾਸ਼ਾਵਾਂ 'ਚੋਂ ਇਕ ਹੈ। ਸੰਯੁਕਤ ਰਾਜ ਅਮਰੀਕਾ ਦੇ ਵੱਡੇ ਹਿੱਸੇ 'ਚ ਸਪੇਨਿਸ਼ ਬੋਲੀ ਜਾਂਦੀ ਹੈ। ਵਿਦੇਸ਼ੀ ਭਾਸ਼ਾ ਦੇ ਰੂਪ 'ਚ ਸਪੇਨਿਸ਼ ਦੇ ਅਧਿਐਨ 'ਚ ਕਾਫ਼ੀ ਵਾਧਾ ਹੋਇਆ ਹੈ। ਇਸ ਵਿਦੇਸ਼ੀ ਭਾਸ਼ਾ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇਹ ਸਿੱਖਣ ਦੇ ਲਿਹਾਜ਼ ਨਾਲ ਸੌਖੀ ਹੈ। ਸਪੇਨਿਸ਼ ਭਾਸ਼ਾ ਦੇ ਜਾਣਕਾਰਾਂ ਲਈ ਯੂਰਪ ਸਮੇਤ ਦੁਨੀਆ ਭਰ 'ਚ ਬਿਹਤਰੀਨ ਮੌਕੇ ਹਨ।

- ਜਰਮਨ ਭਾਸ਼ਾ : ਜਰਮਨ ਯੂਰਪ 'ਚ ਸਭ ਤੋਂ ਸਫਲ ਅਰਥ-ਵਿਵਸਥਾ ਦਾ ਦਾਅਵਾ ਕਰਦਾ ਹੈ ਤੇ ਇਹ ਦੁਨੀਆ ਭਰ ਦੇ ਸਭ ਤੋਂ ਵੱਡੇ ਬਰਾਮਦਕਾਰਾਂ 'ਚੋਂ ਇਕ ਹੈ। ਜਰਮਨ ਭਾਸ਼ਾ ਸਿੱਖਣੀ ਸੌਖੀ ਹੈ, ਖ਼ਾਸਕਰ ਅੰਗਰੇਜ਼ੀ ਬੋਲਣ ਵਾਲਿਆਂ ਲਈ, ਕਿਉਂਕਿ ਇਹ ਭਾਸ਼ਾ ਵਿਆਕਰਨ ਤੇ ਸ਼ਬਦਾਬਲੀ ਦੇ ਸੰਦਰਭ 'ਚ ਆਮ ਹੈ।

- ਜਾਪਾਨੀ ਭਾਸ਼ਾ : ਜਾਪਾਨ ਦੁਨੀਆ 'ਚ ਰੋਬੋਟਿਕਸ ਤੇ ਇਲੈਕਟ੍ਰਾਨਿਕਸ ਦੇ ਖੇਤਰ 'ਚ ਇਨੋਵੇਸ਼ਨ ਲਈ ਪ੍ਰਸਿੱਧ ਹੈ। ਜੇ ਤੁਸੀਂ ਇਨ੍ਹਾਂ ਖੇਤਰਾਂ 'ਚ ਰੁਚੀ ਰੱਖਦੇ ਹੋ ਤਾਂ ਕਰੀਅਰ 'ਚ ਅੱਗੇ ਵਧਣ ਦੇ ਲਿਹਾਜ਼ ਨਾਲ ਜਾਪਾਨੀ ਭਾਸ਼ਾ ਸਿੱਖਣਾ ਵਧੀਆ ਜ਼ਰੀਆ ਹੈ। ਹਾਲਾਂਕਿ ਇਹ ਚੀਨੀ ਭਾਸ਼ਾ ਤੋਂ ਬਾਅਦ ਸਿੱਖਣ ਵਾਲੀ ਦੂਸਰੀ ਸਭ ਤੋਂ ਔਖੀ ਭਾਸ਼ਾ ਹੈ।

- ਰੂਸੀ ਭਾਸ਼ਾ : ਰੂਸੀ ਸਿੱਖਣ ਲਈ ਇਕ ਵਧੀਆ ਭਾਸ਼ਾ ਹੈ। ਰੂਸੀ ਭਾਸ਼ਾ 'ਚ ਮੁਹਾਰਤ ਹਾਸਿਲ ਕਰਨ ਵਾਲਿਆਂ ਲਈ ਚੰਗੀ ਗੱਲ ਇਹ ਹੈ ਕਿ ਰੂਸੀ ਲੋਕ ਚਾਹੇ ਉਹ ਵਪਾਰ 'ਚ ਕਿੰਨੇ ਅੱਗੇ ਹੋਣ, ਸ਼ਾਇਦ ਹੀ ਕਦੇ ਅੰਗਰੇਜ਼ੀ ਜਾਂ ਕੋਈ ਦੂਸਰੀ ਭਾਸ਼ਾ ਬੋਲਦੇ ਹੋਣ। ਅਜਿਹੇ 'ਚ ਉਨ੍ਹਾਂ ਨੂੰ ਬਾਹਰੀ ਦੁਨੀਆ 'ਚ ਆਪਣੇ ਵਪਾਰ ਨੂੰ ਵਧਾਉਣ ਲਈ ਰੂਸੀ ਦੇ ਨਾਲ-ਨਾਲ ਅੰਗਰੇਜ਼ੀ ਬੋਲਣ ਵਾਲਿਆਂ ਦੀ ਜ਼ਰੂਰਤ ਹੁੰਦੀ ਹੈ, ਹਾਲਾਂਕਿ ਇਹ ਸਿੱਖਣ ਲਈ ਇਕ ਜਟਿਲ ਭਾਸ਼ਾ ਹੈ, ਜੋ ਬਹੁਤ ਮਿਹਨਤ ਮੰਗਦੀ ਹੈ।

ਆਪਣੇ ਕੰਮ ਦੇ ਖੇਤਰ ਅਤੇ ਆਪਣੇ ਸ਼ੌਕ ਦੇ ਆਧਾਰ 'ਤੇ ਤੁਸੀਂ ਪੁਰਤਗਾਲੀ, ਫਰੈਂਚ ਅਤੇ ਇਟਾਲੀਅਨ ਆਦਿ ਭਾਸ਼ਾਵਾਂ ਨੂੰ ਵੀ ਚੁਣ ਸਕਦੇ ਹੋ। ਤੁਸੀਂ ਕੋਈ ਵੀ ਵਿਦੇਸ਼ੀ ਭਾਸ਼ਾ ਚੁਣੋ, ਉਸ ਨਾਲ ਅੰਗਰੇਜ਼ੀ ਆਉਣੀ ਬੇਹੱਦ ਜ਼ਰੂਰੀ ਹੈ, ਕਿਉਂਕਿ ਇਹ ਦੁਨੀਆ 'ਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ।

Posted By: Harjinder Sodhi