ਇਸ 'ਚ ਦੋ ਰਾਇ ਨਹੀਂ ਕਿ ਪੂਰੀ ਦੁਨੀਆ 'ਚ ਵਾਤਾਵਰਨ ਸੰਕਟ ਨਾਲ ਨਿਪਟਣ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਵੀ ਸੱਚ ਹੈ ਕਿ ਧਰਤੀ 'ਤੇ ਮਨੱਖ ਵੱਲੋਂ ਫ਼ੈਲਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣਾਂ ਨੂੰ ਦੇਖਦਿਆਂ ਇਹ ਕੋਸ਼ਿਸ਼ਾਂ ਨਾਕਾਮ ਹਨ। ਪ੍ਰਦੂਸ਼ਣ ਨਾਲ ਸਬੰਧਤ ਇਨ੍ਹਾਂ ਚਿੰਤਾਵਾਂ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਾਤਾਵਰਨ ਸੰਭਾਲ ਵਿਗਿਆਨ ਦਾ ਵਿਕਾਸ ਹੋਇਆ ਹੈ। ਵਾਤਾਵਰਨ ਸਬੰਧੀ ਸੰਕਟ ਦੇ ਵਰਤਮਾਨ ਦੌਰ 'ਚ ਇਸ ਖੇਤਰ 'ਚ ਪ੍ਰੋਫੈਸ਼ਨਲਜ਼ ਦੀ ਮੰਗ ਸਿਰਫ਼ ਦੇਸ਼ ਹੀ ਨਹੀਂ, ਵਿਦੇਸ਼ਾਂ ਵਿਚ ਵੀ ਹੈ। ਵਾਤਾਵਰਨ ਸੁਰੱਖਿਆ 'ਚ ਰੁਚੀ ਰੱਖਣ ਵਾਲੇ ਨੌਜਵਾਨਾਂ ਲਈ ਇਹ ਇਕ ਸ਼ਾਨਦਾਰ ਭਵਿੱਖ ਹੈ।

ਭਾਰਤ 'ਚ ਵਾਤਾਵਰਨ ਸੰਭਾਲ ਪ੍ਰਤੀ ਕੇਂਦਰ ਸਰਕਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ 'ਚ ਕਾਫ਼ੀ ਸਮਾਂ ਪਹਿਲਾਂ ਬਕਾਇਦਾ ਇਕ ਆਜ਼ਾਦ ਮੰਤਰਾਲਾ ਵਾਤਾਵਰਨ ਸਬੰਧੀ ਮਾਮਲਿਆਂ ਤੇ ਚੁਣੌਤੀਆਂ ਨਾਲ ਨਜਿੱਠਣ ਲਈ ਬਣਾਇਆ ਜਾ ਚੁੱਕਾ ਹੈ। ਇਸ ਮੰਤਰਾਲੇ ਅਤੇ ਇਸ ਨਾਲ ਜੁੜੇ ਵਿਭਾਗ ਦੇਸ਼ ਭਰ 'ਚ ਫੈਲੇ ਹੋਏ ਹਨ। ਇਹੀ ਸਥਿਤੀ ਸੂਬਾ ਪੱਧਰ 'ਤੇ ਵੀ ਦੇਖੀ ਜਾ ਸਕਦੀ ਹੈ। ਨਿਰਸੰਦੇਹ ਵਾਤਾਵਰਨ ਸੰਭਾਲ ਦੇ ਮਾਹਿਰਾਂ ਨੇ ਹਾਲ ਹੀ ਦੇ ਵਰ੍ਹਿਆਂ ਦੌਰਾਨ ਪ੍ਰਦੂਸ਼ਣ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਤਕਨੀਕਾਂ ਦਾ ਵਿਕਾਸ ਕਰਨ 'ਚ ਜ਼ਬਰਦਸਤ ਸਫ਼ਲਤਾ ਹਾਸਿਲ ਕੀਤੀ ਹੈ।

ਗੌਰਤਲਬ ਹੈ ਕਿ ਵਾਤਾਵਰਨ ਸੰਭਾਲ ਵਿਗਿਆਨ ਦੇ ਖੇਤਰ 'ਚ ਅਜਿਹੇ ਲੋਕਾਂ ਨੂੰ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਵਾਤਾਵਰਨ ਪ੍ਰਤੀ ਸ਼ੌਕ ਹੋਵੇ ਤੇ ਜੋ ਪ੍ਰਦੂਸ਼ਣ ਨਾਲ ਲੜਾਈ ਨੂੰ ਆਪਣੀ ਨਿੱਜੀ ਲੜਾਈ ਸਮਝਦੇ ਹਨ। ਜਿਨ੍ਹਾਂ ਦਾ ਦਫ਼ਤਰੀ ਕੰਮ ਤੋਂ ਜ਼ਿਆਦਾ ਫੀਲਡ 'ਚ ਕੰਮ ਕਰਨ ਦਾ ਜਜ਼ਬਾ ਹੈ। ਦਿਨ ਪ੍ਰਤੀਦਿਨ ਵਧ ਰਹੀਆਂ ਵਾਤਾਵਰਨ ਸਬੰਧੀ ਚੁਣੌਤੀਆਂ ਦਾ ਮੁਕਾਬਲਾ ਕਰਨ ਤੇ ਸਫ਼ਲ ਹੋਣ ਦਾ ਪੂਰਾ ਆਤਮ-ਵਿਸ਼ਾਵਾਸ ਹੋਵੇ ਤੇ ਟੀਮ 'ਚ ਕੰਮ ਕਰਨ ਅਤੇ ਕਰਵਾਉਣ ਦੀ ਮੁਹਾਰਤ ਹੋਵੇ।

ਕੋਰਸ

ਦੇਸ਼ ਦੀਆਂ ਕਈ ਯੂਨੀਵਰਸਿਟੀਆਂ 'ਚ ਵਾਤਾਵਰਨ ਸੰਭਾਲ ਨਾਲ ਸਬੰਧਤ ਕਈ ਕੋਰਸ ਕਰਵਾਏ ਜਾ ਰਹੇ ਹਨ। ਇਹ ਬੈਚਲਰ ਤੇ ਮਾਸਟਰ ਡਿਗਰੀ ਪੱਧਰ ਤੋਂ ਲੈ ਕੇ ਪੀਐੱਚਡੀ ਤਕ ਦੇ ਹਨ। ਸਰਕਾਰੀ ਹੀ ਨਹੀਂ, ਨਿੱਜੀ ਖੇਤਰ ਦੀਆਂ ਸੰਸਥਾਵਾਂ 'ਚ ਵੀ ਅਜਿਹੇ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਸੰਸਥਾਵਾਂ ਵਿਚ ਵਾਤਾਵਰਨ ਵਿਗਿਆਨ ਨਾਲ ਸਬੰਧਤ ਕੋਰਸ 'ਚ ਦਾਖ਼ਲਾ ਪ੍ਰੀਖਿਆ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਲਈ ਵਿਦੇਸ਼ੀ ਯੂਨੀਵਰਸਿਟੀਜ਼ ਤੋਂ ਸਕਾਲਰਸ਼ਿਪ 'ਤੇ ਪੀਐੱਚਡੀ ਕਰਨਾ ਬਹੁਤ ਸੌਖਾ ਹੈ।

ਰੁਜ਼ਗਾਰ ਦੇ ਮੌਕੇ

ਵਾਤਾਵਰਨ ਸੰਭਾਲ ਦੇ ਖੇਤਰ 'ਚ ਵਾਤਾਵਰਨ ਸੁਰੱਖਿਆ ਵਿਗਿਆਨ 'ਚ ਮੁਹਾਰਤ ਰੱਖਣ ਵਾਲਿਆਂ ਲਈ ਬਹੁਤ ਸਾਰੇ ਮੌਕੇ ਹਨ। ਵਾਤਾਵਰਨ ਪ੍ਰਤੀ ਵਧਦੀ ਜਾਗਰੂਕਤਾ ਤੇ ਸਰਕਾਰੀ ਪੱਧਰ 'ਤੇ ਵਧਦੇ ਖ਼ਰਚਿਆਂ ਨੂੰ ਦੇਖਦਿਆਂ ਪ੍ਰਾਈਵੇਟ ਸੈਕਟਰ 'ਚ ਵੀ ਇਸ ਖੇਤਰ 'ਚ ਕੰਮ ਕਰਨ ਵਾਲੀਆਂ ਛੋਟੀਆਂ-ਵੱਡੀਆਂ ਕੰਪਨੀਆਂ ਮੂਹਰੇ ਆ ਚੁੱਕੀਆਂ ਹਨ। ਇਹੀ ਨਹੀਂ ਰਿਸਰਚ ਇੰਸਟੀਚਿਊਟ, ਐੱਨਜੀਓਜ਼ ਆਦਿ 'ਚ ਵੀ ਇਸ ਤਰ੍ਹਾਂ ਦੇ ਪ੍ਰੋਫੈਸ਼ਨਲਜ਼ ਦੀ ਮੰਗ ਭਵਿੱਖ 'ਚ ਹੋਰ ਵਧਣ ਦੀ ਸੰਭਾਵਨਾ ਹੈ। ਵਿਦੇਸ਼ਾਂ 'ਚ ਵਾਤਾਵਰਨ ਸੰਭਾਲ ਵਿਗਿਆਨ ਦੇ ਪ੍ਰੋਫੈਸ਼ਨਲਜ਼ ਦਾ ਚਮਕਦਾਰ ਭਵਿੱਖ ਹੈ। ਇਸ ਦਾ ਮੂਲ ਕਾਰਨ ਜਾਪਾਨ, ਸਿੰਗਾਪੁਰ, ਨਿਊਜ਼ੀਲੈਂਡ, ਸਵਿਟਜ਼ਰਲੈਂਡ, ਦੱਖਣੀ ਕੋਰੀਆ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਆਦਿ ਦੇਸ਼ਾਂ 'ਚ ਵਾਤਾਵਰਨ ਸਬੰਧੀ ਸਖ਼ਤ ਕਾਨੂੰਨਾਂ ਦਾ ਲਾਗੂ ਕੀਤਾ ਜਾਣਾ ਹੈ।

ਇਸ ਤੋਂ ਇਲਾਵਾ ਵਾਤਾਵਰਨ ਸੰਭਾਲ ਵਿਗਿਆਨ ਦੇ ਖੇਤਰ 'ਚ ਅਧਿਆਪਨ ਇਕ ਵੱਖਰਾ ਖੇਤਰ ਹੈ, ਜਿਸ ਦੀ ਆਉਣ ਵਾਲੇ ਦਿਨਾਂ 'ਚ ਜ਼ਰੂਰਤ ਬਹੁਤ ਤੇਜ਼ੀ ਨਾਲ ਵਧੇਗੀ। ਜੇ ਵਿਦੇਸ਼ਾਂ 'ਚ ਨੌਕਰੀਆਂ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਏਜੰਸੀਆਂ, ਐੱਨਜੀਓਜ਼ ਤੇ ਮਲਟੀਨੈਸ਼ਨਲ ਕੰਪਨੀਆਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਤੋਂ ਇਲਾਵਾ ਕੰਸਲਟੈਂਟ ਦੇ ਤੌਰ 'ਤੇ ਵੀ ਕੰਮ ਦੇ ਮੌਕੇ ਮਿਲ ਸਕਦੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਨੈਸ਼ਨਲ ਗਰੀਨ ਟ੍ਰਿਬਿਊਨਲ ਆਦਿ ਦੇਸ਼ ਦੀਆਂ ਅਜਿਹੀਆਂ ਏਜੰਸੀਆਂ ਹਨ, ਜਿਨ੍ਹਾਂ 'ਚ ਅਜਿਹੇ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ।

ਸੰਭਾਵਨਾਵਾਂ

ਵਾਤਾਵਰਨ ਸੰਭਾਲ ਵਿਗਿਆਨ ਸਿਰਫ਼ ਬਿਹਤਰੀਨ ਕਰੀਅਰ ਹੀ ਨਹੀਂ, ਸਗੋਂ ਇਸ ਨਾਲ ਜੁੜੇ ਲੋਕ ਮਨੁੱਖੀ ਜੀਵਨ ਨਾਲ ਸਬੰਧਤ ਕਈ ਪਹਿਲੂਆਂ ਲਈ ਜਵਾਬਦੇਹ ਹੁੰਦੇ ਹਨ :

- ਵਾਤਾਵਰਨ ਸੁਰੱਖਿਆ ਤੇ ਪ੍ਰਦੂਸ਼ਣ ਸਬੰਧੀ ਕਾਨੂੰਨੀ ਮਾਮਲਿਆਂ ਦੀ ਸਲਾਹ ਦੇਣਾ।

- ਪ੍ਰਦੂਸ਼ਣ ਕੰਟਰੋਲ ਤੇ ਵਾਤਾਵਰਨ ਸੰਭਾਲ ਸਬੰਧੀ ਨਿਯਮਾਂ ਨੂੰ ਤਿਆਰ ਕਰਨਾ ਤੇ ਸਮੇਂ-ਸਮੇਂ 'ਤੇ ਉਨ੍ਹਾਂ ਵਿਚ ਜ਼ਰੂਰੀ ਤਬਦੀਲੀਆਂ ਕਰਨਾ। ਇਸ ਤਰ੍ਹਾਂ ਦੇ ਪ੍ਰਾਜੈਕਟਜ਼ ਦੀ ਗੁਣਵੱਤਾ ਨੂੰ ਕੰਟਰੋਲ ਕਰਨ ਲਈ ਸਰਕਾਰੀ ਤੇ ਗੈਰ-ਸਰਕਾਰੀ ਵਾਤਵਰਨ ਸੁਧਾਰ ਪ੍ਰੋਗਰਾਮਾਂ ਦੀ ਪ੍ਰਗਤੀ 'ਤੇ ਨਜ਼ਰ ਰੱਖਣਾ।

- ਵਾਤਵਰਨ ਸੁਰੱਖਿਆ/ਸੰਭਾਲ ਨਾਲ ਜੁੜੇ ਪ੍ਰਾਜੈਕਟਜ਼ ਦਾ ਡਿਜ਼ਾਈਨ ਤਿਆਰ ਕਰਨਾ ਤੇ ਉਸ ਨੂੰ ਸਮਾਂ-ਸੀਮਾ 'ਚ ਘੱਟ ਤੋਂ ਘੱਟ ਲਾਗਤ 'ਤੇ ਤਿਆਰ ਕਰਨਾ, ਜਿਨ੍ਹਾਂ 'ਚ ਪਾਣੀ ਦੀ ਸੰਭਾਲ, ਹਵਾ ਪ੍ਰਦੂਸ਼ਣ ਕੰਟੋਰੋਲ ਪ੍ਰਣਾਲੀ ਤੇ ਕਚਰੇ ਤੋਂ ਊਰਜਾ ਉਤਪਾਦਨ ਜਿਹੀਆਂ ਯੋਜਨਾਵਾਂ ਸ਼ਾਮਿਲ ਹੁੰਦੀਆਂ ਹਨ।

- ਉਦਯੋਗਿਕ ਸੰਸਥਾਵਾਂ ਤੇ ਨਗਰ ਨਿਗਮ, ਨਗਰ ਪਾਲਿਕਾਵਾਂ ਦੇ ਵਾਤਾਵਰਨ ਨਿਯਮਾਂ ਦੀ ਪਾਲਣਾ 'ਤੇ ਆਧਾਰਤ ਕੰਮ ਨੂੰ ਆਡਿਟ ਕਰਨਾ।

- ਪ੍ਰਦੂਸ਼ਿਤ ਥਾਵਾਂ 'ਤੇ ਸੁਧਾਰ ਲਈ ਵੱਖ-ਵੱਖ ਏਜੰਸੀਆਂ ਨੂੰ ਸਲਾਹਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ।

ਮੁੱਖ ਸੰਸਥਾਵਾਂ

- ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ।

- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ।

- ਇਲਾਹਾਬਾਦ ਯੂਨੀਵਰਸਿਟੀ, ਇਲਾਹਾਬਾਦ।

- ਨੈਸ਼ਨਲ ਇੰਸਟੀਚਿਊਟ ਆਫ ਇੰਡਸਟਰੀਅਲ ਇੰਜੀਨੀਅਰਿੰਗ, ਮੁੰਬਈ।

- ਆਈਆਈਟੀ, ਕਾਨਪੁਰ।

- ਇੰਸਟੀਚਿਊਟ ਆਫ ਇਨਵਾਇਰਮੈਂਟਲ ਸਟੱਡੀਜ਼, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ।

Posted By: Harjinder Sodhi